ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਧੰਨ ਧੰਨ ਵੇ ਵੀਰਾ ਮਾਂ ਤੇਰੀ
ਜਿਨ੍ਹਾਂ ਨੂੰ ਕੁੱਖ ਨਮਾਇਆ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਦਾਦੀ ਤੇਰੀ
ਜੀਹਨੇ ਤੇਰਾ ਜਨਮ ਸਧਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੈਣ ਤੇਰੀ
ਜੀਹਨੇ ਤੂੰ ਗੋਦ ਘਲਾਇਆ ਵੇ
ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ

ਧੰਨ ਧੰਨ ਵੇ ਵੀਰਾ ਭੂਆ ਤੇਰੀ
ਜੀਹਨੇ ਤੂੰ ਲਾਡ ਲਡਾਇਆ
ਵੇ ਰਾਜੇ ਜਨਕ ਦੇ ਘਰ ਸੀਤਾ ਜਨਮੀ
ਰਾਮ ਚੰਦਰ ਵਰ ਪਾਇਆ ਵੇ
ਇਸ ਸ਼ੁਭ ਅਵਸਰ 'ਤੇ ਲਾੜੇ ਦੇ ਦਾਦੇ, ਨਾਨੇ, ਮਾਮੇ ਅਤੇ ਚਾਚੇ ਨੂੰ ਵੀ
ਬੜੇ ਆਦਰਨਾਲ ਯਾਦ ਕੀਤਾ ਜਾਂਦਾ ਹੈ:
ਸਾਡੇ ਵਿਹੜੇ ਦਿਆ ਨਿੰਬੂਆ ਵੇ
ਤੇਰੀ ਠੰਡੜੀ ਠੰਡੜੀ ਛਾਂ
ਪੋਤਾ ਕੀਹਦਾ ਸੁਣੀਦਾ ਵੇ
ਕੀਹਨੇ ਧਰਿਆ ਸੀ ਨਾਂ

ਪੋਤਾ ਦਾਦੇ ਦਾ ਸੁਣੀਦਾ ਵੇ
ਜੀਹਨੇ ਧਰਿਆ ਸੀ ਨਾਂ
ਪੋਤਾ ਦਾਦੇ ਦਾ ਸੁਣੀਦਾ
ਰਾਜਾ ਧਰਿਆ ਸੀ ਨਾਂ

ਮਹਿੰਦੀ ਸ਼ਗਨਾਂ ਦੀ/59