ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

25.
ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੋਂ ਵੇ ਚੁਗੇ
ਦਾਦੀ ਸੁਪਤੀ ਤੇਰੇ ਸ਼ਗਨ ਕਰੇ
ਦਾਦਾ ਸੁਪਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ

26.
ਚੱਪੇ ਚੱਪੇ ਵੀਰਾ ਖੁਹ ਵੇ ਲਵਾਉਨੀ ਆਂ
ਘੋੜੀ ਤੇਰੀ ਨੂੰ ਵੀ ਜਲ ਵੇ ਛਕਾਉਂਨੀ ਆਂ
ਘੋੜੀ ਟੱਪੇ ਟੱਪੇ ਵੇ ਵੀਰਾ ਮਹਿ ਧਮਕ ਪਵੇ
ਚੱਪੇ ਚੱਪੇ ਵੀਰਾ ਚੱਕੀ ਵੇ ਲਵਾਉਨੀ ਆਂ
ਘੋੜਿਆਂ ਤੇਰਿਆਂ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ
27
ਹਰੇ ਹਰੇ ਸੌਂ ਵੀਰਾ ਘੋੜੀ ਚੁਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਹਰੇ ਹਰੇ ਜੌੌਂ ਵੀਰਾ ਘੋੜੀ ਚੁਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪਤੀ ਤੇਰੇ ਸ਼ਗਨ ਕਰੇ ...

28.
ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਕਾਠੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ

ਮਹਿੰਦੀ ਸ਼ਗਨਾਂ ਦੀ/81