ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਿਠਣੀਆਂ

‘ਸਿਠਣੀਆਂ ਪੰਜਾਬਣਾਂ ਦਾ ਹਰਮਨ ਪਿਆਰਾ ਲੋਕ ਕਾਵਿ ਰੂਪ ਹੈ। ਹੇਅਰੇ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸਬੰਧਿਤ ਲੋਕ-ਗੀਤ ਹਨ।

‘ਮਹਾਨ ਕੋਸ਼' ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਸਿਠਣੀ ਦਾ ਭਾਵ ਅਰਥ ਵਯੰਗ ਨਾਲ ਕਹੀ ਹੋਈ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲੀਆਂ ਨਾਲ ਮੁਲਾ ਕੇ ਗੀਤ ਗਾਉਂਦੀਆਂ ਹਨ ਉਨ੍ਹਾਂ ਦੀ ਸਿਠਣੀ ਸੰਗਯਾ ਹੈ।"" *

ਮਨੋਰੰਜਨ ਦੇ ਮਨੋਰਥ ਨਾਲ ਸਿਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਨੂੰ ਇਸਤਰੀਆਂ ਦੂਜੀ ਧਿਰ ਨੂੰ ਸੰਬੋਧਿਤ ਹੋ ਕੇ ਗਾਉਂਦੀਆਂ ਹਨ। ਸਿਠਣੀਆ ਗਾਉਣ ਨੂੰ ਸਿਠਣੀਆਂ ਦੇਣਾ ਆਖਿਆ ਜਾਂਦਾ ਹੈ। ਸਿਠਣੀਆਂ ਕੇਵਲ ਔਰਤਾਂ ਹੀ ਦੇਂਦੀਆਂ ਹਨ ਮਰਦ ਨਹੀਂ। ਮੰਗਣੇ ਅਤੇ ਵਿਆਹ ਦੇ ਅਵਸਰ ਤੇ ਨਾਨਕੀਆਂ ਦਾਦਕੀਆਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਸਿਠਣੀਆਂ ਅਤੇ ਜੰਜ ਦੇ ਬਰਾਤੀਆਂ ਦਾ ਸਿਠਣੀਆਂ ਨਾਲ ਕੀਤਾ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।

ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ’ਤੇ ਪੰਜਾਬੀ ਆਪਣੇ ਖਿੜਵੇਂ ਰੌ ਵਿਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੁੰਦਾ ਹੈ।

ਪੁਰਾਤਨ ਸਮੇਂ ਤੋਂ ਹੀ ਇਹ ਰਵਾਇਤ ਚਲੀ ਆ ਰਹੀ ਹੈ। ਮੁੰਡੇ ਵਾਲੇ ਧੀ ਵਾਲਿਆਂ ਨਾਲੋਂ ਆਪਣੇ ਆਪ ਨੂੰ ਸਮਾਜਿਕ ਤੌਰ 'ਤੇ ਉੱਤਮ ਸਮਝਦੇ ਹਨ ਤੇ ਧੀ ਵਾਲਿਆਂ ਨੂੰ ਦੁਜੈਲੇ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ! ਜਿਸ ਕਰਕੇ ਧੀ ਵਾਲਿਆਂ ਵਿਚ ਹੀਨਭਾਵਨਾ ਪੈਦਾ ਹੋ ਜਾਂਦੀ ਹੈ! ਏਸ ਹੀਨਭਾਵਨਾ ਨੂੰ ਦੂਰ ਕਰਨ ਲਈ ਔਰਤਾਂ ਮੁੰਡੇ ਵਾਲੀ ਧਿਰ ਦਾ ਮਖੌਲ ਉਡਾਉਣ ਲਈ ਸਿਠਣੀਆਂ ਨੂੰ ਇਕ ਹਥਿਆਰ ਵਜੋਂ ਵਰਤਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਰਾਹੀਂ ਉਹ ਆਪਣੇ ਮਨਾਂ ਦਾ ਗੁਭ ਗੁਵਾੜ ਵੀ ਕਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ

  • ਭਾਈ ਕਾਨ੍ਹ ਸਿੰਘ ਨਾਭਾ, "ਮਹਾਨ ਕੋਸ਼, ਪੰਨਾ-195


ਮਹਿੰਦੀ ਸ਼ਗਨਾਂ ਦੀ/ 88