ਪੰਨਾ:ਮਾਛੀ ਵਾੜਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੁਟ ਗਏ

(ਗਜ਼ਲ)

ਜਦ ਮੇਰੇ ਦਸਮੇਸ਼ ਦੀ, ਅੱਖਾਂ ਦੇ ਤਾਰੇ ਟੁੱਟ ਗਏ।
ਦੋ ਸੋਲ੍ਹ ਫੁੱਲ ਕੁਮਲਾ ਗਏ, ਦੋ ਫੁੱਲ ਹਜ਼ਾਰੇ ਟੁੱਟ ਗਏ।

ਸਾੜਦੀ ਪਰਵਾਨਿਆਂ ਨੂੰ, ਜਦ ਸ਼ਮ੍ਹਾਂ ਵੀ ਸੜ ਗਈ,
ਦਿਲ ਵੇਖ ਕੇ ਦਸਮੇਸ਼ ਦਾ, ਹੰਕਾਰ ਸਾਰੇ ਟੁੱਟ ਗਏ।

ਲੰਗਰ ਕਿਸੇ ਨੇ ਤੋੜ ਕੇ, ਜਦ ਸਬਰ ਬੇੜਾ ਠੇਲਿਆ,
ਜ਼ੁਲਮਾਂ ਦੇ ਪੱਤਣ ਰੁੜ੍ਹ ਗਏ, ਸਭ ਬੰਨ੍ਹ, ਕਿਨਾਰੇ ਟੁੱਟ ਗਏ।

ਪਾਟੇ ਹੋਏ ਦਿਲ ਵਾਙ ਜਦ, ਜਾਮਾ ਵੀ ਲੀਰਾਂ ਹੋ ਗਿਆ,
ਛਾਲੇ ਮਾਹੀ ਦੇ ਪੈਰਾਂ ਦੇ, ਬਣ ਬਣ ਸਿਤਾਰੇ ਟੁੱਟ ਗਏ।

ਜ਼ੁਲਮ ਦੇ ਦੰਦ ਸਬਰ ਨੇ, ਖੱਟੇ ਹੀ ਕਰਕੇ ਸਾਹ ਲਿਆ,
'ਮਸਤਾਨਿਆਂ' ਦੀ ਧੌਣ ਤੇ, ਚਲ ਚਲਕੇ ਆਰੇ ਟੁੱਟ ਗਏ।

'ਮਸਤਾਨਾ'

-੨੩-