ਪੰਨਾ:ਮਾਛੀ ਵਾੜਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਦ ਕੇ ਭਾਈ ਘਨੱਯੇ ਨੂੰ ਕਹਿਣ ਲਗੇ:
'ਦੇਵੇਂ ਫਟੜਾਂ ਨੂੰ ਭਾਲ ਭਾਲ ਪਾਣੀ।

'ਐਪਰ ਸਿੰਘ ਨੇ ਤੇਰੀ ਸ਼ਿਕੈਤ ਕਰਦੇ,
ਦੇਂਦਾ ਨਹੀਂ ਤੂੰ ਨਾਲ ਖ਼ਿਆਲ ਪਾਣੀ।

'ਜਾਣੇਂ ਫ਼ਰਕ ਨਾ ਸਿਖ ਤੇ ਤੁਰਕ ਅੰਦਰ,
ਹੋਣ ਵੈਰੀ ਵੀ ਪੀ ਕੇ ਨਿਹਾਲ ਪਾਣੀ।

'ਇਕੋ ਨਜ਼ਰ ਨਾਲ ਵੇਖਦਾ ਸਾਰਿਆਂ ਨੂੰ,
ਪਿਆਉਂਦਾ ਜਾਏਂ ਪ੍ਰੇਮ ਦੇ ਨਾਲ ਪਾਣੀ।'

ਹੱਥ ਜੋੜ ਕੇ ਅਗੋਂ ਜਵਾਬ ਦਿਤਾ,
ਦੋਹਾਂ ਅੱਖਾਂ ਵਿਚ ਭਰ ਕੇ ਵਿਸ਼ਾਲ ਪਾਣੀ।

‘ਤੂੰ ਤਾਂ ਦੂਈ ਦਾ ਸਬਕ ਪੜ੍ਹਾਇਆ ਈ ਨਹੀਂ,
ਦੇਵਾਂ ਫੇਰ ਕਿਉਂ ਵਿਤਕਰੇ ਨਾਲ ਪਾਣੀ?

‘ਫਟੜ ਹੋ ਕੇ ਘੋਰ ਘਮਸਾਨ ਅੰਦਰ,
ਜਦ ਕੋਈ ਮੰਗਦੈ ਹੋ ਨਿਢਾਲ ਪਾਣੀ।

'ਜਿਥੇ ਜਾਵਾਂ ਮੈਂ ਤੇਰਾ ਹੀ ਰੂਪ ਦਿਸੇ,
ਤੇਰੇ ਮੁਖ ’ਚ ਦਿਆਂ ਚਵਾਲ ਪਾਣੀ।'

-੫੬-