ਪੰਨਾ:ਮਾਛੀ ਵਾੜਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਨੇ ਹੋ ਗਏ!

(ਗ਼ਜ਼ਲ)

ਜਿਨ੍ਹਾਂ ਤੇ ਕੁਝ ਆਸ ਸੀ, ਉਹੋ ਬਿਗਾਨੇ ਹੋ ਗਏ।
ਕਲ੍ਹ ਸਨ ਜੋ ਤੀਰ ਅੱਜ, ਉਹੋ ਨਿਸ਼ਾਨੇ ਹੋ ਗਏ।

ਮੁੜ ਕੇ ਨਾ ਚੜ੍ਹਿਆ ਹਿੰਦ 'ਚਿ, ਸੁਖਾਂ ਦਾ ਸੂਰਜ ਡੁੱਬ ਕੇ,
ਹਿੰਦ ਲਈ ਤਲਵਾਰ, ਖੰਡਾ, ਸਭ ਫਿਸਾਨੇ ਹੋ ਗਏ।

ਹਿੰਦ ਦੇ ਮੈਖ਼ਾਨਿਆਂ 'ਚ, ਭਾਣਾ ਐਸਾ ਵਰਤਿਆ,
ਪੈਮਾਨੇ ਸਾਕੀ ਬਣ ਗਏ, ਸਾਕੀ ਪੈਮਾਨੇ ਹੋ ਗਏ।

ਭੈਣਾਂ ਭਰਾਵਾਂ ’ਚ ਹੋਣੀ, ਏਦਾਂ ਤਰੇੜਾਂ ਪਾ ਗਈ,
ਰਖੜੀਆਂ ਭੈਣਾਂ ਦੀਆਂ, ਮੌਤਾਂ ਦੇ ਗਾਨੇ ਹੋ ਗਏ।

ਮਨ ਸੀ 'ਮਸਤਾਨਾ’ ਜਿਹੜਾ, ਕੀਨੇ ਦਾ ਡੇਰਾ ਹੋ ਗਿਆ,
ਅਜ ਦੇਸ਼ ਘਾਤਕ ਦੇਸ਼ ਦੇ ਦਰਦੀ ਦੀਵਾਨੇ ਹੋ ਗਏ।

'ਮਸਤਾਨਾ'

-੬੧-