ਪੰਨਾ:ਮਾਣਕ ਪਰਬਤ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਘੜ ਆਉਂਦੇ ਹਨ। ਇਹਨਾਂ ਕਹਾਣੀਆਂ ਦੇ ਦੂਲੇ ਗਭਰੂ ਪਹਾੜੀਆਂ ਤੇ ਵਾਦੀਆਂ ਵਿਚ, ਜਿਹੜੀਆਂ ਹੁਨਾਲੇ ਸਾਵੀਆਂ ਤੇ ਸਿਆਲੇ ਬਰਫ਼ ਦੇ ਗ਼ਲੀਚੇ ਨਾਲ ਕੱਜੀਆਂ ਹੁੰਦੀਆਂ ਹਨ, ਸਿਰਪਟ ਘੋੜੇ ਦੌੜਾਂਦੇ ਹਨ, ਜਦੋਂ ਕਿ ਉਹਨਾਂ ਦੀਆਂ ਸੁਹਣੀਆਂ ਜ਼ਾਰਜ਼ਾਦੀਆਂ ਅਬਰਕ ਦੀਆਂ ਬਾਰੀਆਂ ਵਾਲੇ ਲਕੜੀ ਦੇ ਮਹਿਲਾਂ ਵਿਚ ਬਹਿ ਉਹਨਾਂ ਦੀ ਸਬਰ ਨਾਲ ਉਡੀਕ ਕਰ ਰਹੀਆਂ ਹੁੰਦੀਆਂ ਹਨ।

ਕਿਤਾਬ ਨੂੰ ਖੋਲ੍ਹੋ ਤੇ ਵੇਖੋਗੇ ਕਿ ਤੁਸੀਂ ਕਿਸੇ ਜਾਦੂ ਦੀ ਦੁਨੀਆਂ ਵਿਚ ਪਹੁੰਚ ਗਏ ਹੋ। ਉਸ ਦੁਨੀਆਂ ਵਿਚ ਤੁਸੀਂ ਕਿਸਾਨ ਦੇ ਪੁੱਤਰ ਈਵਾਨ ਨਾਲ ਰਲ ਲਾਟਾਂ-ਛਡਦੇ ਬਾਰ੍ਹਾਂ-ਸਿਰੇ ਦੈਂਤ ਚੁਦੋ-ਯੁਦੋ ਨਾਲ ਤੇਗ਼ ਅਜ਼ਮਾਓਗੇ; ਰਿੜਦੇ ਮਟਰ, ਪੋਕਾਤੀ ਗੋਰੋਸ਼ੇਕ, ਦੇ ਪਿਛੇ-ਪਿਛੇ ਪਾਤਾਲ ਦੀ ਦੁਨੀਆਂ ਵਿਚ ਪਹੁੰਚੋਗੇ ਤੇ ਉਥੋਂ ਉਕਾਬ ਉਤੇ ਬਹਿ ਪਿਛੇ ਪਰਤੋਗੇ; ਜ਼ਰਨੀਯਾਰ ਦੀ ਚਤਰਾਈ ਵੇਖ ਦੰਗ ਰਹਿ ਜਾਵੋਗੇ, ਜਿਨ੍ਹੇ ਖਚਰੇ ਤੇ ਨਿਰਦਈ ਬਾਦਸ਼ਾਹ ਨੂੰ ਹਰਾ ਦਿਤਾ; ਸੂਰਮੇ ਸ਼ਿਕਾਰੀ, ਬੋਰੋਲਦੋਈ-ਮੇਰਗੇਨ, ਨੂੰ ਰਜ-ਰਜ ਸਲਾਹੋਗੇ, ਜਿਨ੍ਹੇ ਆਪਣੇ ਲੋਕਾਂ ਨੂੰ ਬਚਾਣ ਦੀ ਖ਼ਾਤਰ ਆਪਣੇ ਪੁੱਤਰ ਦੀ ਜਾਨ ਖ਼ਤਰੇ ਵਿਚ ਪਾ ਦਿਤੀ; ਇਕ ਆਮ ਜੁਲਾਹੇ ਦੀ ਜੁਗਤਕਾਰੀ ਉਤੇ ਅਸ਼-ਅਸ਼ ਕਰ ਉਠੋਗੇ, ਜਿਨ੍ਹੇ ਸਿਆਣਪ ਵਿਚ ਜ਼ਾਰ ਦੇ ਸਿਆਣੇ ਤੋਂ ਸਿਆਣੇ ਸਲਾਹਕਾਰਾਂ ਨੂੰ ਹਰਾ ਕੇ ਰਖ ਦਿਤਾ।

ਤੇ ਮੈਨੂੰ ਪਤਾ ਹੈ, ਜਦੋਂ ਤੁਸੀਂ ਉਹਨਾਂ ਨੂੰ, ਇਹਨਾਂ ਤੇ ਇਸ ਕਿਤਾਬ ਦੇ ਹੋਰਨਾਂ ਨਾਇਕਾਂ ਨੂੰ, ਮਿਲ ਲਵੋਗੇ, ਉਹਨਾਂ ਨਾਲ ਤੁਹਾਨੂੰ ਪਿਆਰ ਹੋ ਜਾਵੇਗਾ ਤੇ ਉਹ ਤੁਹਾਡੇ ਪੱਕੇ ਤੇ ਵਫ਼ਾਦਰ ਦੋਸਤ ਬਣ ਜਾਣਗੇ।