ਪੰਨਾ:ਮਾਣਕ ਪਰਬਤ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਜੰਗਲ ਦੇ ਦਿਓ, ਹੀਸੀ, ਕੋਲ, ਪਸ਼ੂ ਦਾ ਇਹ ਪੌੜ ਦੇਣ ਲਈ," ਗ਼ਰੀਬ ਆਦਮੀ ਨੇ ਜਵਾਬ ਦਿੱਤਾ! “ਪਤਾ ਜੇ, ਉਹਦੀ ਝੁੱਗੀ ਕਿਹੜੇ ਪਾਸੇ ਏ?"

ਲੱਕੜਹਾਰਿਆਂ ਨੇ ਆਖਿਆ:

"ਸਿੱਧਾ ਅਗੇ ਨਿਕਲ ਜਾ, ਰਾਹੋਂ ਉਕਾ ਨਾ ਮੁੜੀਂ, ਤਾਂ ਤੂੰ ਪਹੁੰਚ ਪਏਂਗਾ। ਪਰ ਪਹਿਲੋਂ ਸਾਡੀ ਗਲ ਸੁਣ। ਜੋ ਪਸ਼ੂ ਦੇ ਪੌੜ ਦੇ ਬਦਲੇ ਹੀਸੀ ਤੈਨੂੰ ਚਾਂਦੀ ਦੇਣਾ ਚਾਹੇ, ਨਾ ਲਈਂ। ਜੇ ਤੈਨੂੰ ਉਹ ਸੋਨਾ ਦੇਣਾ ਚਾਹੇ, ਤਾਂ ਸੋਨਾ ਵੀ ਨਾ ਲਈਂ। ਉਹਦੇ ਤੋਂ ਪੁੜ ਮੰਗੀਂ, ਤੇ ਹੋਰ ਕੁਝ ਵੀ ਨਾ।"

ਚੰਗੀ ਸਲਾਹ ਲਈ ਗ਼ਰੀਬ ਆਦਮੀ ਨੇ ਲੱਕੜਹਾਰਿਆਂ ਦਾ ਸ਼ੁਕਰੀਆ ਅਦਾ ਕੀਤਾ, ਉਹਨਾਂ ਨੂੰ ਅਲਵਿਦਾ ਆਖੀ ਤੇ ਅਗੇ ਟੁਰ ਪਿਆ। ਉਹਨੂੰ ਦੂਰ ਜਾਣਾ ਪਿਆ, ਜਾਂ ਨਾ ਜਾਣਾ ਪਿਆ, ਇਹਦਾ ਪਤਾ ਕਿਸੇ ਨੂੰ ਨਹੀਂ, ਪਰ ਟੁਰਦਿਆਂ-ਟੁਰਦਿਆਂ ਉਹਨੂੰ ਇਕ ਝੁੱਗੀ ਦਿਸ ਪਈ। ਉਹ ਅੰਦਰ ਚਲਾ ਗਿਆ ਤੇ ਕੀ। ਵੇਖਦਾ ਏ, ਓਥੇ ਆਪ ਹੀਸੀ ਬੈਠਾ ਹੋਇਆ ਸੀ!

ਹੀਸੀ ਨੇ ਉਹਦੇ ਵਲ ਨਜ਼ਰ ਕੀਤੀ ਤੇ ਕਿਹਾ:

"ਲੋਕ ਅਕਸਰ ਕਹਿੰਦੇ ਰਹਿੰਦੇ ਨੇ, ਮੇਰੇ ਲਈ ਸੁਗ਼ਾਤਾਂ ਲਿਆਣਗੇ, ਪਰ ਲਿਆਂਦੇ ਕਦੀ ਘਟ ਈ ਨੇ। ਤੂੰ ਕੀ ਲਿਆਂਦੈ ਮੇਰੇ ਲਈ?"

"ਪਸ਼ੂ ਦਾ ਪੌੜ।"

ਹੀਸੀ ਦੀ ਖੁਸ਼ੀ ਦੀ ਹੱਦ ਨਾ ਰਹੀ।

"ਤੀਹ ਵਰ੍ਹਿਆਂ ਤੋਂ ਮੈਂ ਮਾਸ ਨਹੀਂ ਖਾਧਾ," ਉਹਨੇ ਆਖਿਆ। "ਪੌੜ ਮੈਨੂੰ ਛੇਤੀ ਦੇਣ ਦੀ ਕਰ!" ਉਹਨੇ ਪੌੜ ਲੈ ਲਿਆ ਤੇ ਖਾ ਲਿਆ।

"ਤੇ ਹੁਣ ਤੈਨੂੰ ਮੈਂ ਇਹਦਾ ਇਵਜ਼ਾਨਾ ਦੇਣਾ ਚਾਹੁਨਾਂ," ਉਹਨੇ ਆਖਿਆ। “ਬਹੁਤਾ ਕੁਝ ਚਾਹੀਦਾ ਈ ਇਹਦੇ ਲਈ? ਐਹ ਲੈ, ਦੋ ਮੁੱਠਾਂ ਚਾਂਦੀ ਦੀਆਂ ਲੈ ਜਾ।"

"ਮੈਨੂੰ ਚਾਂਦੀ ਨਹੀਂ ਚਾਹੀਦੀ," ਗ਼ਰੀਬ ਆਦਮੀ ਨੇ ਕਿਹਾ।

ਤਾਂ ਹੀਸੀ ਨੇ ਕੁਝ ਸੋਨਾ ਕਢਿਆ ਤੇ ਦੋ ਮੁੱਠਾਂ ਗ਼ਰੀਬ ਆਦਮੀ ਅਗੇ ਰਖ ਦਿਤੀਆਂ।

"ਮੈਨੂੰ ਸੋਨਾ ਵੀ ਨਹੀਂ ਚਾਹੀਦਾ," ਗ਼ਰੀਬ ਆਦਮੀ ਨੇ ਆਖਿਆ।

"ਤਾਂ ਫੇਰ ਤੈਨੂੰ ਚਾਹੀਦਾ ਕੀ ਏ?"

"ਤੁਹਾਡਾ ਪੁੜ।"

"ਨਹੀਂ, ਨਹੀਂ, ਉਹ ਤੈਨੂੰ ਨਹੀਂ ਮਿਲ ਸਕਦਾ! ਪਰ ਪੈਸੇ ਜਿੰਨੇ ਚਾਹੇਂ ਲੈ ਲੈ।"

ਪਰ ਗ਼ਰੀਬ ਆਦਮੀ ਮੰਨਣ ਵਿਚ ਹੀ ਨਾ ਆਇਆ ਤੇ ਪੁੜ ਮੰਗਦਾ ਗਿਆ।

"ਮੈਂ ਪਸ਼ੂ ਦਾ ਪੌੜ ਖਾ ਲਿਐ," ਹੀਸੀ ਨੇ ਆਖਿਆ, “ਤੇ ਮੇਰਾ ਖਿਆਲ ਏ, ਮੈਨੂੰ ਇਵਜ਼ਾਨਾ ਉਹਦਾ ਦੇਣਾ ਹੀ ਪਏਗਾ। ਠੀਕ ਏ ਫੇਰ, ਲੈ ਲੈ ਮੇਰਾ ਪੁੜ। ਪਰ ਪਤਾ ਹੈ ਈ, ਉਹਦਾ ਕਰਨਾ ਕੀ ਏ?"

"ਨਹੀਂ, ਮੈਨੂੰ ਨਹੀਂ ਪਤਾ। ਦਸ ਦਿਓ।"

"ਖ਼ੈਰ," ਹੀਸੀ ਨੇ ਆਖਿਆ। “ਇਹ ਕੋਈ ਆਮ ਪੁੜ ਨਹੀਂ। ਜੁ ਮੰਗੇਂਗਾ, ਤੈਨੂੰ ਦਏਗਾ, ਸਿਰਫ਼ ਇਹ ਬੋਲ:'ਪੀਹੀ, ਪੁੜਾ ਮੇਰਿਆ!' ਤੇ ਜੇ ਤੂੰ ਬੰਦ ਕਰਨਾ ਚਾਹੇਂ, ਤਾਂ ਇਹ ਬੋਲ ਦੇ:'ਬਸ ਹੋ, ਜਾ ਖਲੋ!' ਤੇ ਇਹ ਬੰਦ ਹੋ ਜਾਏਗਾ। ਤੇ ਹੁਣ ਜਾ!"

੯੫