ਪੰਨਾ:ਮਾਣਕ ਪਰਬਤ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਰੀਬ ਆਦਮੀ ਨੇ ਹੀਸੀ ਦਾ ਸ਼ੁਕਰੀਆ ਅਦਾ ਕੀਤਾ ਤੇ ਘਰ ਵਲ ਨੂੰ ਹੋ ਪਿਆ।

ਉਹ ਜੰਗਲ ਵਿਚ ਕਿੰਨਾ ਹੀ ਚਿਰ ਟੁਰਦਾ ਰਿਹਾ। ਹਨੇਰਾ ਹੋ ਗਿਆ, ਮੀਂਹ ਦੇ ਪਰਨਾਲੇ ਛੁਟ ਪਏ, ਹਵਾ ਸੀਟੀਆਂ ਮਾਰਨ ਲਗੀ, ਤੇ ਦਰਖ਼ਤਾਂ ਦੀਆਂ ਟਹਿਣੀਆਂ ਉਹਦੇ ਮੂੰਹ ਉਤੇ ਵਜਦੀਆਂ ਰਹੀਆਂ। ਜਦੋਂ ਗ਼ਰੀਬ ਆਦਮੀ ਘਰ ਪਹੁੰਚਿਆ, ਸਵੇਰ ਹੋ ਚੁਕੀ ਹੋਈ ਸੀ।

“ਸਾਰਾ ਦਿਨ ਤੇ ਸਾਰੀ ਰਾਤ ਕਿਥੇ ਟਕਰਾਂ ਮਾਰਦਾ ਰਿਹੈਂ?" ਉਹਦੀ ਘਰ ਵਾਲੀ ਨੇ ਪੁਛਿਆ। ਮੈਂ ਸੋਚਣ ਲਗ ਪਈ ਸਾਂ, ਤੇਰਾ ਮੂੰਹ ਫੇਰ ਕਦੀ ਨਹੀਂ ਦਿਸਣਾ।"

“ਮੈਂ ਤੋੜ ਜੰਗਲ ਦੇ ਦਿਓ, ਹੀਸੀ, ਦੇ ਘਰ ਪਹੁੰਚਿਆ ਹੋਇਆ ਸਾਂ," ਗ਼ਰੀਬ ਆਦਮੀ ਨੇ ਜਵਾਬ ਦਿਤਾ। “ਵੇਖ, ਉਹਨੇ ਮੈਨੂੰ ਕੀ ਦਿਤੈ!"

ਤੇ ਉਹਨੇ ਪੁੜ ਬੁਚਕੇ ਵਿਚੋਂ ਕਢਿਆ।

“ਪੀਹ, ਮੇਰੇ ਪੁੜਾ!” ਉਹ ਬੋਲਿਆ। "ਸਾਨੂੰ ਦਿਹਾਰ ਨੂੰ ਖਾਣ ਲਈ ਚੰਗੀਆਂ-ਚੰਗੀਆਂ ਚੀਜ਼ਾਂ ਦੇ।"

ਤੇ ਪੁੜ ਆਪਣੇ ਆਪ ਹੀ ਗੇੜੇ ਖਾਣ ਲਗ ਪਿਆ ਤੇ ਮੇਜ਼ ਉਤੇ ਆਟਾ ਤੇ ਦਾਨਾ ਤੇ ਖੰਡ ਤੇ ਮਾਸ ਤੇ ਮੱਛੀ ਤੇ ਹਰ ਹੋਰ ਚੀਜ਼, ਜਿਹਦੀ ਚਾਹ ਹੋ ਸਕਦੀ ਸੀ, ਢੇਰ ਹੋਣ ਲਗ ਪਈ। ਗ਼ਰੀਬ ਆਦਮੀ ਦੀ ਘਰ ਵਾਲੀ ਬੋਰੀਆਂ ਤੇ ਭਾਂਡੇ ਚੁਕ ਲਿਆਈ ਤੇ ਉਹਨਾਂ ਨੂੰ ਉਹਨੇ ਖਾਣ-ਪੀਣ ਦੀਆਂ ਚੀਜ਼ਾਂ ਨਾਲ ਭਰ ਲਿਆ, ਤੇ ਗ਼ਰੀਬ ਆਦਮੀ ਨੇ ਪੁੜ ਉਤੇ ਉਂਗਲ ਨਾਲ ਟਕ-ਟਕ ਕੀਤੀ ਤੇ ਬੋਲਿਆ: “ਬਸ ਹੋ, ਜਾ ਖਲੋ!" ਤੇ ਪੁੜ ਨੇ ਗਿੜਨਾ ਇਕਦਮ ਬੰਦ ਕਰ ਦਿਤਾ ਤੇ ਅਸਲੋਂ ਅਹਿਲ ਹੋ ਗਿਆ।

ਗ਼ਰੀਬ ਆਦਮੀ ਦੇ ਪਰਵਾਰ ਨੇ ਦਿਹਾਰ ਓਨੀ ਹੀ ਚੰਗੀ ਤਰ੍ਹਾਂ ਮਨਾਇਆ, ਜਿੰਨੀ ਚੰਗੀ ਤਰ੍ਹਾਂ ਪਿੰਡ ਵਿਚ ਕਿਸੇ ਹੋਰ ਨੇ ਮਨਾਇਆ ਹੋਵੇਗਾ, ਤੇ ਉਸ ਪਿਛੋਂ ਉਹਨਾਂ ਦਾ ਰਹਿਣ-ਸਹਿਣ ਬਦਲ ਚੰਗੇਰਾ ਹੋ ਗਿਆ। ਘਰ ਵਿਚ ਹਰ ਸ਼ੈ ਦੀ ਬਹੁਲਤਾ ਸੀ, ਬਚਿਆਂ ਕੋਲ ਸੁਹਣੇ, ਨਵੇਂ ਕਪੜੇ ਤੇ ਬੂਟ ਸਨ, ਕਿਸੇ ਚੀਜ਼ ਦੀ ਥੁੜ ਨਹੀਂ ਸੀ ਰਹੀ।


ਇਕ ਦਿਨ ਗ਼ਰੀਬ ਆਦਮੀ ਨੇ ਆਪਣੇ ਪੁੜ ਨੂੰ ਹੁਕਮ ਦਿਤਾ, ਉਹਦੇ ਘੋੜੇ ਲਈ ਚੋਖੀ ਸਾਰੀ ਜਵੀ ਪੀਹ ਕੱਢੇ। ਪੁੜ ਨੇ ਇੰਜ ਕਰ ਦਿਤਾ, ਤੇ ਘੋੜਾ ਘਰ ਕੋਲ ਖਲੋਤਾ ਰਿਹਾ ਤੇ ਜਵੀ ਖਾਂਦਾ ਰਿਹਾ।

ਐਨ ਉਸੇ ਵੇਲੇ ਰੱਜੇ-ਪੁੱਜੇ ਭਰਾ ਨੇ ਆਪਣਾ ਕਾਮਾ ਘੋੜਿਆਂ ਨੂੰ ਪਾਣੀ ਪਿਆ ਲੈਣ ਲਈ ਝੀਲ 'ਤੇ ਘਲਿਆ।

ਕਾਮਾ ਘੋੜਿਆਂ ਨੂੰ ਝੀਲ ਵਲ ਹਿਕ ਲਿਜਾਣ ਲਗਾ, ਪਰ ਜਦੋਂ ਉਹ ਗ਼ਰੀਬ ਭਰਾ ਦੇ ਘਰ ਕੋਲੋਂ ਲੰਘ ਰਹੇ ਸਨ, ਉਹ ਅਟਕ ਗਏ ਤੇ ਗ਼ਰੀਬ ਭਰਾ ਦੇ ਘੋੜੇ ਨਾਲ ਰਲ ਜਵੀ ਖਾਣ ਲਗ ਪਏ। ਰਜੇ-ਪੁੱਜੇ ਭਰਾ ਨੇ ਉਹਨਾਂ ਨੂੰ ਆਪਣੇ ਘਰ ਤੋਂ ਵੇਖਿਆ ਤੇ ਉਹ ਬਾਹਰ ਡਿਉਢੀ ਵਿਚ ਨਿਕਲ ਆਇਆ।

“ਓਏ, ਗਲ ਸੁਣ,” ਉਹਨੇ ਕਾਮੇ ਨੂੰ ਉਚੀ ਸਾਰੀ ਆਵਾਜ਼ ਮਾਰੀ। “ਘੋੜਿਆਂ ਨੂੰ ਇਕਦਮ ਲੈ ਜਾ! ਕੂੜਾ ਚਰ ਰਹੇ ਨੇ।"

ਕਾਮਾ ਘੋੜੇ ਵਾਪਸ ਲੈ ਆਇਆ।

“ਮਾਲਕ, ਤੁਸੀਂ ਠੀਕ ਨਹੀਂ ਸਾਓ ਕਹਿ ਰਹੇ," ਉਹਨੇ ਆਖਿਆ। “ਉਹ ਕੂੜਾ ਨਹੀਂ ਸੀ, ਵਧੀਆ ਤੋਂ ਵਧੀਆ ਜਵੀ ਸੀ। ਤੁਹਾਡੇ ਭਰਾ ਕੋਲ ਜਵੀ ਤੇ ਹੋਰ ਹਰ ਚੀਜ਼ ਰਜਵੀਂ ਏਂ।”

ਰੱਜੇ-ਪੁੱਜੇ ਭਰਾ ਨੂੰ ਪਤਾ ਕੱਢਣ ਦੀ ਲਿਲ ਲਗ ਗਈ।

੯੬