ਪੰਨਾ:ਮਾਣਕ ਪਰਬਤ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮੈਂ ਜਾ ਕੇ ਵੇਖਾਂ ਤਾਂ ਸਹੀ, ਇਹ ਮੇਰੇ ਭਰਾ ਦੇ ਇਕਦਮ ਅਮੀਰ ਹੋ ਜਣ ਦੀ ਕਰਾਮਾਤ ਹੋ ਕਿਵੇਂ ਗਈ ਏ।

ਤੇ ਉਹ ਆਪਣੇ ਭਰਾ ਨੂੰ ਮਿਲਣ ਗਿਆ।

"ਇਹ ਅਚਣਚੇਤੀ ਈ ਅਮੀਰ ਕਿਵੇਂ ਹੋ ਗਿਐਂ?" ਉਹਨੇ ਪੁਛਿਆ। “ਇਹ ਸਾਰੀਆਂ ਚੰਗੀਆਂ-ਚੰਗੀਆਂ ਚੀਜ਼ਾਂ ਕਿਥੋਂ ਆਈਆਂ ਨੀ?

ਗਰੀਬ ਆਦਮੀ ਨੇ ਉਹਦੇ ਤੋਂ ਕੁਝ ਵੀ ਨਾ ਲੁਕਾਇਆ। "ਹੀਸੀ ਨੇ ਮੇਰੀ ਮਦਦ ਕੀਤੀ ਏ।" ਉਹਨੇ ਆਖਿਆ।

“ਕੀ ਮਤਲਬ ਏ ਤੇਰਾ? ਰੱਜੇ-ਪੁੱਜੇ ਭਰਾ ਨੇ ਪੁਛਿਆ।

"ਉਹੀਉ ਈ ਜੋ ਮੈਂ ਕਹਿ ਰਿਹਾਂ। ਤੂੰ ਦਿਹਾਰ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਮੈਨੂੰ ਪਸ਼ੂ ਦਾ ਪੌੜ ਦਿਤਾ ਸੀ ਤੇ ਆਖਿਆ ਸੀ, ਮੈਂ ਲੈ ਜਾਵਾਂ ਹੀਸੀ ਕੋਲ। ਤੇ ਮੈਂ ਐਨ ਉਵੇਂ ਈ ਕੀਤਾ। ਮੈਂ ਹੀਸੀ ਨੂੰ ਪੌੜ ਦੇ ਦਿਤਾ, ਬਦਲੇ 'ਚ, ਉਹਨੇ ਮੈਨੂੰ ਜਾਦੂ ਦਾ ਪੁੜ ਸੌਪ ਦਿਤਾ। ਇਹੀਉ ਪੁੜ ਏ, ਜਿਹੜਾ ਜੁ ਵੀ ਚੀਜ਼ ਮੈਂ ਕਹਿਨਾਂ, ਮੈਨੂੰ ਦੇ ਦੇਂਦੈ।"

“ਮੈਨੂੰ ਵਿਖਾ ਖਾਂ!"

“ਜਿਵੇਂ ਕਹਿੰਦੇ ਹੋ।"

ਤੇ ਗਰੀਬ ਭਰਾ ਨੇ ਆਪਣੇ ਪੁੜ ਨੂੰ ਹੁਕਮ ਦਿਤਾ , ਉਹਨਾਂ ਨੂੰ ਖਾਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਦੇਵੇ। ਪੁੜ ਇਕਦਮ ਗਿੜਨ ਲਗ ਪਿਆ, ਤੇ ਉਹਨੇ ਮੇਜ਼ ਨੂੰ ਪੂੜੀਆਂ-ਕਚੌਰੀਆਂ, ਭੁੱਜੇ ਹੋਏ ਮਾਸ ਤੇ ਹੋਰ ਚੰਗੀਆਂ-ਚੰਗੀਆਂ ਚੀਜ਼ਾਂ ਨਾਲ ਲਦ ਦਿਤਾ।

ਰੱਜੇ-ਪੁੱਜੇ ਭਰਾ ਦੇ ਹੈਰਾਨੀ ਤੇ ਲਾਲਚ ਨਾਲ ਆਨੇ ਨਿਕਲ ਆਏ।

“ਪੁੜ ਮੇਰੇ ਅਗੇ ਵੇਚ ਦੇ, ਉਹ ਮਿੰਨਤ ਕਰਨ ਲਗਾ।

"ਨਹੀਂ, ਨਹੀਂ, ਗ਼ਰੀਬ ਭਰਾ ਨੇ ਜਵਾਬ ਦਿਤਾ। “ਮੈਨੂੰ ਆਪ ਚਾਹੀਦੈ।"

ਪਰ ਰੱਜਾ-ਪੁਜਾ ਭਰਾ ਏਡੀ ਸੌਖੀ ਤਰ੍ਹਾਂ ਪਿੱਛਾ ਛੱਡਣ ਵਾਲਾ ਨਹੀਂ ਸੀ।

“ਜੁ ਮਰਜ਼ੀ ਮੁਲ ਪਾ ਲੈ, ਵੇਚ ਦੇ ਤੂੰ ਮੇਰੇ ਅਗੇ! ਉਹਨੇ ਪ੍ਰੇਰਿਆ!

"ਵਿਕਾਊ ਨਹੀਂ ਇਹ।"

ਇਹ ਮਹਿਸੂਸ ਕਰਦਿਆਂ ਕਿ ਐਵੇਂ ਖਿਝਾਈ ਜਾਣ ਨਾਲ ਉਹਨੂੰ ਕੁਝ ਮਿਲਣ ਨਹੀਂ ਲਗਾ, ਰੱਜੇ-ਪੁੱਜੇ ਭਰਾ ਨੇ ਹੋਰ ਢੰਗ ਅਜ਼ਮਾਣਾ ਚਾਹਿਆ।

“ਤੇਰੇ ਵਰਗਾ ਨਾ-ਸ਼ੁਕਰਾ ਵੀ ਮੈਂ ਕਦੀ ਨਹੀਂ ਤਕਿਆ! ਉਹ ਕੂਕਿਆ। “ਮੈਂ ਈ ਨਹੀਂ ਸਾਂ, ਤੈਨੂੰ ਪਸ਼ੂ ਦਾ ਪੌੜ ਦੇਣ ਵਾਲਾ?"

“ਤੂੰ ਈ ਸੈਂ।

"ਗਲ ਹੋਈ ਨਾ, ਫੇਰ! ਤੇ ਤੂੰ ਮੈਨੂੰ ਪੁੜ ਨਹੀਂ ਦੇ ਸਕਦਾ। ਚੰਗਾ, ਜੇ ਤੂੰ ਮੇਰੇ ਅਗੇ ਵੇਚਣਾ ਨਹੀਂ, ਤਾਂ ਕੁਝ ਚਿਰ ਲਈ ਮੈਨੂੰ ਹੁਦਾਰਾ ਈ ਦੇ ਦੇ।"

“ਇੰਜ ਈ ਸਹੀ, ਉਹਨੇ ਸੋਚਿਆ ਤੇ ਆਖਿਆ। “ਕੁਝ ਚਿਰ ਰਖ ਲੈ।

ਰੱਜੇ-ਪੁੱਜੇ ਭਰਾ ਨੂੰ ਖੁਸ਼ੀ ਚੜ੍ਹ ਗਈ। ਉਹਨੇ ਪੁੜ ਫੜ ਲਿਆ, ਤੇ ਚੁਕ ਘਰ ਨੂੰ ਭਜ ਪਿਆ, ਤੇ ਉਹਨੇ ਏਨਾ ਵੀ ਨਾ ਪੁਛਿਆ ਕਿ ਲੋੜ ਪੈਣ ਤੇ ਉਹਨੂੰ ਗਿੜਨ ਤੋਂ ਬੰਦ ਕਿਵੇਂ ਕਰਾਣਾ ਏਂ।

ਅਗਲੀ ਸਵੇਰੇ ਉਹ ਬੇੜੀ 'ਚ, ਪੁੜ ਨੂੰ ਨਾਲ ਲੈ, ਸਮੁੰਦਰ ਵਿਚ ਨਿਕਲ ਆਇਆ।

(੯੭)