ਪੰਨਾ:ਮਾਣਕ ਪਰਬਤ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਏਸ ਵੇਲੇ ਮੱਛੀਆਂ ਨੂੰ ਲੂਣ ਲਾ ਰਹੇ ਨੇ," ਉਹਨੇ ਦਿਲ ਵਿਚ ਸੋਚਿਆ, "ਤੇ ਲੂਣ ਮਹਿੰਗਾ ਏ। ਮੈਂ ਲੂਣ ਦਾ ਧੰਦਾ ਕਰਨਾਂ।"

ਓਦੋਂ ਤਕ ਉਹ ਸਮੁੰਦਰ ਵਿਚ ਦੂਰ ਜਾ ਚੁਕਾ ਸੀ, ਤੇ ਉਹਨੇ ਪੁੜ ਨੂੰ ਆਖਿਆ:

"ਪੀਹ, ਮੇਰੇ ਪੁੜਾ! ਮੈਨੂੰ ਲੂਣ ਚਾਹੀਦੈ, ਜਿੰਨਾ ਬਹੁਤਾ, ਓਨਾ ਈ ਚੰਗਾ।"

ਪੁੜ ਭੌਣ ਤੇ ਗਿੜਨ ਲਗ ਪਿਆ, ਤੇ ਉਹਦੇ ਵਿਚੋਂ ਨਿਰੋਲ ਤੋਂ ਨਿਰੋਲ ਤੇ ਚਿੱਟੇ ਤੋਂ ਚਿੱਟਾ ਲੂਣ ਨਿਕਲਣ ਲਗ ਪਿਆ।

ਰੱਜਾ-ਪੁੱਜਾ ਆਦਮੀ, ਆਪਣੇ ਮੁਨਾਫ਼ੇ ਦਾ ਹਿਸਾਬ ਲਾਂਦਿਆਂ , ਖੁਸ਼ੀ ਨਾਲ ਵੇਖਦਾ ਗਿਆ। ਹੁਣ ਪੁੜ ਨੂੰ ਬਸ ਕਹਿਣ ਦਾ ਵਕਤ ਹੋ ਚੁਕਾ ਸੀ , ਪਰ ਉਹਨੇ ਜੁ ਕੀਤਾ , ਉਹ ਸੀ ਕੁਝ-ਕੁਝ ਵਕਤ ਪਿਛੋਂ ਇਹ ਦੁਹਰਾਈ ਜਾਣਾ : “ਪੀਹ, ਪੁੜਾ ਮੇਰਿਆ, ਪੀਹ, ਖਲੋਈਂ ਨਾ!"

ਲੂਣ ਏਨਾ ਭਾਰਾ ਸੀ ਕਿ ਬੇੜੀ ਪਾਣੀ ਵਿਚ ਡੂੰਘਿਉਂ ਡੂੰਘੀ ਬਹਿੰਦੀ ਗਈ। ਪਰ ਰੱਜੇ-ਪੁੱਜੇ ਆਦਮੀ ਦੇ ਹੋਸ਼-ਹੱਵਾਸ ਕਾਇਮ ਨਹੀਂ ਸਨ ਰਹੇ ਲਗਦੇ, ਇਸ ਲਈ ਕਿ ਉਹਨੇ ਇਹ ਲਫ਼ਜ਼ ਦੁਹਰਾਈ ਜਾਣ ਤੋਂ ਬਿਨਾਂ ਹੋਰ ਕੁਝ ਨਾ ਕੀਤਾ: “ਪੀਹ, ਮੇਰੇ ਪੁੜਾ, ਪੀਹ!"

ਹੁਣ ਤਕ ਪਾਣੀ ਪਾਸਿਉਂ ਤੇ ਅੰਦਰ ਪੈਣ ਲਗ ਪਿਆ ਸੀ, ਤੇ ਬੇੜੀ ਡੁੱਬਣ ਹੀ ਵਾਲੀ ਸੀ। ਇਹਦੇ ਨਾਲ ਰੱਜੇ-ਪੁੱਜੇ ਭਰਾ ਨੂੰ ਸੁਰਤ ਆ ਗਈ।

“ਪੁੜਾ, ਪੀਹਣਾ ਬੰਦ ਕਰ ਦੇ!" ਉਹ ਕੂਕਿਆ।

ਪਰ ਪੁੜ ਪਹਿਲਾਂ ਵਾਂਗ ਹੀ ਪੀਂਹਦਾ ਚਲਾ ਗਿਆ।

“ਪੁੜਾ, ਪੀਹਣਾ ਬੰਦ ਕਰ ਦੇ! ਪੀਹਣਾ ਬੰਦ ਕਰ ਦੇ! ਰੱਜਾ-ਪੁੱਜਾ ਆਦਮੀ ਫੇਰ ਕੂਕਿਆ, ਪਰ ਪੁੜ ਲਗਾਤਾਰ ਪੀਂਹਦਾ ਗਿਆ।

ਰੱਜੇ-ਪੁੱਜੇ ਭਰਾ ਨੇ ਪੁੜ ਨੂੰ ਚੁੱਕਣ ਤੇ ਬੇੜੀਉਂ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੇਠਾਂ ਤਖ਼ਤੇ ਨਾਲ ਚੱਮੁਟ ਗਿਆ ਲਗਦਾ ਸੀ, ਕਿਉਂ ਜੁ ਉਹ ਉਹਦੇ ਤੋਂ ਚੁਕਿਆ ਨਾ ਗਿਆ।

“ਬਹੁੜੋ!" ਰੱਜੇ-ਪੁੱਜੇ ਭਰਾ ਨੇ ਕੂਕ ਮਾਰੀ। “ਬਚਾਉ ਮੈਨੂੰ!"

ਪਰ ਉਥੇ ਕੋਈ ਨਹੀਂ ਸੀ ਜਿਹੜਾ ਉਹਨੂੰ ਬਚਾ ਸਕਦਾ, ਤੇ ਕੋਈ ਨਹੀਂ ਸੀ, ਜਿਹੜਾ ਉਹਨੂੰ ਬਹੁੜ ਸਕਦਾ।

ਬੇੜੀ ਡੁਬ ਗਈ, ਤੇ ਰੱਜੇ-ਪੁੱਜੇ ਆਦਮੀ ਨੂੰ ਆਪਣੇ ਨਾਲ ਹੀ ਤਰਲ ਡੂੰਘਾਈਆਂ ਵਿਚ ਲੈ ਗਈ। ਤੇ ਸਮੁੰਦਰ ਉਹਦੇ ਉਤੇ ਮੀਟਿਆ ਗਿਆ।

ਤੇ ਪੁੜ ਦਾ ਕੀ ਬਣਿਆ? ਕਹਿੰਦੇ ਨੇ ਕਿ ਸਮੁੰਦਰ ਦੀ ਤਹਿ ਉਤੇ ਵੀ ਉਹਨੇ ਪੀਹਣਾ ਬੰਦ ਨਾ ਕੀਤਾ, ਤੇ ਉਹ ਹੋਰ ਤੇ ਫੇਰ ਹੋਰ ਲੂਣ ਬਣਾਂਦਾ ਗਿਆ। ਤੇ ਮੰਨੋ ਭਾਵੇਂ ਨਾ ਮੰਨੋ, ਇਸੇ ਗਲ ਕਰ ਕੇ ਹੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਏ।