ਪੰਨਾ:ਮਾਣਕ ਪਰਬਤ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤਿੰਨਾਂ ਭਰਾਵਾਂ ਆਪਣੇ ਪਿਉ ਦਾ

ਖਜ਼ਾਨਾ ਕਿਵੇਂ ਲਭਿਆ

ਮੋਲਦਾਵੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸਨ। ਉਹ ਬੜਾ ਉਦਮੀ ਤੇ ਮਿਹਨਤੀ ਬੰਦਾ ਸੀ। ਉਹ ਕਦੀ ਵਿਹਲਾ ਨਹੀਂ ਸੀ ਬਹਿੰਦਾ, ਤੇ ਮੂੰਹ-ਝਾਖਰੇ ਤੋਂ ਲੈ ਕੇ ਚਿਰਾਕੀ ਰਾਤ ਤੱਕ ਮਿਹਨਤ ਕਰਦਾ ਰਹਿੰਦਾ ਸੀ। ਉਹ ਕਦੀ ਥਕਦਾ ਨਹੀਂ ਸੀ ਲਗਦਾ, ਤੇ ਉਹ ਹਰ ਕੰਮ ਹਮੇਸ਼ਾ ਹੀ ਚੰਗੀ ਤਰ੍ਹਾਂ ਤੇ ਵੇਲੇ ਸਿਰ ਕਰਦਾ ਸੀ।

ਤੇ ਏਧਰ ਉਹਦੇ ਪੁੱਤਰਾਂ ਨੂੰ, ਤਿੰਨਾਂ ਦੇ ਤਿੰਨਾਂ ਉਚੇ-ਲੰਮੇ, ਸੁਨੱਖੇ ਤੇ ਤਕੜੇ ਗਭਰੂਆਂ ਨੂੰ, ਕੰਮ ਕਰਨਾ ਚੰਗਾ ਨਹੀਂ ਸੀ ਲਗਦਾ।

ਪਿਉ ਪੈਲੀ ਵਿਚ, ਬਾਗ ਵਿਚ ਤੇ ਘਰ ਵਿਚ ਕੰਮ ਕਰਦਾ, ਪਰ ਉਹਦੇ ਪੁੱਤਰ ਦਰਖ਼ਤਾਂ ਦੀ ਛਾਵੇਂ ਗੱਪਾਂ ਮਾਰਦੇ ਵਿਹਲੇ ਬੈਠੇ ਰਹਿੰਦੇ, ਜਾਂ ਦਰਿਆ ਦੁਨੀਸਤਰ ਵਿਚ ਮੱਛੀਆਂ ਫੜਨ ਚਲੇ ਜਾਂਦੇ।

“ਕਦੀ ਕੰਮ ਕਿਉਂ ਨਹੀਂ ਕਰਦੇ ਤੇ ਬਾਪੂ ਦਾ ਹਥ ਕਿਓਂ ਨਹੀਂ ਵਟਾਂਦੇ?" ਉਹਨਾਂ ਦੇ ਗਵਾਂਢੀ ਪੁਛਦੇ।

“ਅਸੀਂ ਕੰਮ ਕਰੀਏ ਤਾਂ ਕਿਉਂ ਕਰੀਏ?" ਪੁੱਤਰ ਜਵਾਬ ਦੇਂਦੇ। “ਬਾਪੂ ਸਾਡਾ ਬਹੁਤ ਖਿਆਲ ਰਖਦੇ, ਤੇ ਸਾਰਾ ਕੰਮ ਆਪੇ ਈ ਬੜੀ ਚੰਗੀ ਤਰ੍ਹਾਂ ਕਰ ਲੈਂਦੈ।"

ਤੇ ਇਹ ਸਾਲੋ-ਸਾਲ ਇੰਜ ਹੀ ਚਲਦਾ ਰਿਹਾ।

ਪੁੱਤਰ ਵਡੇ ਹੋ ਜਣੇ ਨਿਕਲ ਆਏ ਤੇ ਪਿਓ ਬੁੱਢਾ ਹੋ ਗਿਆ। ਉਹ ਕਮਜ਼ੋਰ ਪੈ ਗਿਆ ਤੇ ਹੁਣ ਉਹਦੇ ਤੋਂ ਪਹਿਲਾਂ ਵਾਂਗ ਕੰਮ ਨਹੀਂ ਸੀ ਕੀਤਾ ਜਾਂਦਾ। ਉਹਦੇ ਘਰ ਦੁਆਲੇ ਦੇ ਬਾਗ਼ ਨੂੰ ਜੰਗਲ ਬਣ ਜਾਣ ਦਿਤਾ ਗਿਆ ਤੇ ਉਹਦੀਆਂ ਪੈਲੀਆਂ ਉਗ-ਆਏ ਘਾਹ-ਬੂਟ ਨਾਲ ਭਰ ਗਈਆਂ। ਪੁਤਰਾਂ ਨੇ ਇਹ ਕੁਝ ਵੇਖਿਆ ਪਰ ਕੰਮ ਕਰਨਾ ਉਹਨਾਂ ਨੂੰ ਏਨਾ ਮਾੜਾ ਲਗਦਾ ਸੀ ਕਿ ਉਹ ਹਥ ਉਤੇ ਹਥ ਧਰ ਬੈਠੇ ਰਹੇ।

੯੯