ਪੰਨਾ:ਮਾਣਕ ਪਰਬਤ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮੇਰੇ ਪੁਤਰੋ, ਓਥੇ ਬੈਠੇ-ਬੈਠੇ ਵਿਹਲੇ ਵਕਤ ਕਿਉਂ ਗਵਾਂਦੇ ਹੋ?” ਉਹਨਾਂ ਦੇ ਪਿਓ ਉਹਨਾਂ ਨੂੰ ਪੁਛਦਾ। "ਜਦੋਂ ਮੈਂ ਜਵਾਨ ਹੁੰਦਾ ਸਾਂ, ਮੈਂ ਕੰਮ ਕਰਦਾ ਸਾਂ, ਤੇ ਹੁਣ ਤੁਹਾਡਾ ਵਕਤ ਆ ਗਿਐ।"

“ਛੱਡੋ ਵੀ, ਕਰਦੇ ਰਹਾਂਗੇ ਕੰਮ ਪੁੱਤਰ ਜਵਾਬ ਦੇਂਦੇ।

“ਇਸ ਗੱਲੇ ਡਾਢੀ ਚਿੰਤਾ ਵਿਚ ਪਿਆ ਕਿ ਉਹਦੇ ਪੁੱਤਰ ਏਡੇ ਭੱਦੂ ਸਨ, ਬੁਢਾ ਦੁਖ ਨਾਲ ਬੀਮਾਰ ਹੋ ਗਿਆ ਤੇ ਮੰਜੇ ਪੈ ਗਿਆ।"

ਉਸ ਵੇਲੇ ਤਕ ਟੱਬਰ ਦੀ ਹਾਲਤ ਡਾਢੀ ਹੀ ਮੰਦੀ ਹੋਈ ਪਈ ਸੀ। ਬਾਗ਼ ਜੰਗਲ ਬਣਿਆ ਹੋਇਆ ਸੀ। ਤੇ ਬਿੱਛੂ-ਬੁਟੀ ਤੇ ਭਖੜਾ ਏਨਾ ਉਚਾ ਹੋਇਆ ਪਿਆ ਸੀ ਕਿ ਮਕਾਨ ਮਸਾਂ-ਮਸਾਂ ਹੀ ਦਿਸਦਾ ਸੀ।

ਇਕ ਦਿਨ ਬੁਢੇ ਨੇ ਪੁਤਰਾਂ ਨੂੰ ਸਰਾਂਹਦੀ ਬੁਲਾਇਆ।

“ਪੁੱਤਰੋ," ਉਹਨਾਂ ਨੂੰ ਉਹ ਕਹਿਣ ਲਗਾ, “ਮੇਰਾ ਅਖ਼ੀਰੀ ਵੇਲਾ ਆ ਗਿਐ। ਮੇਰੇ ਬਿਨਾਂ ਕਿਵੇਂ ਝੱਟ ਲੰਘਾਉਗੇ? ਕੰਮ ਤਹਾਨੂੰ ਚੰਗਾ ਨਹੀਂ ਲਗਦਾ, ਤੇ ਕੰਮ ਤੁਹਾਨੂੰ ਕਰਨਾ ਨਹੀਂ ਆਉਂਦਾ।"

ਪੁੱਤਰਾਂ ਦੇ ਦਿਲੀਂ ਤਰਾਟਾਂ ਪਈਆਂ, ਤੇ ਉਹਨਾਂ ਦੇ ਅਥਰੂ ਵਹਿ ਨਿਕਲੇ।

“ਸਾਨੂੰ ਦੱਸੋ, ਬਾਪੂ, ਸਾਨੂੰ ਆਪਣੀ ਅਖ਼ੀਰੀ ਸਲਾਹ ਦਿਓ, ਸਭ ਤੋਂ ਵਡੇ ਪੁੱਤਰ ਨੇ ਮਿੰਨਤ ਕੀਤੀ।"

“ਚੰਗਾ!" ਪਿਓ ਨੇ ਜਵਾਬ ਦਿਤਾ। “ਮੈਂ ਤੁਹਾਨੂੰ ਇਕ ਭੇਤ ਦਸਨਾਂ। ਤੁਹਾਨੂੰ ਪਤੈ, ਮੈਂ ਤੇ ਤੁਹਾਡੀ ਬੇਬੇ ਨੇ ਸਖ਼ਤ ਤੇ ਪੂਰੀ ਮਿਹਨਤ ਕੀਤੀ। ਕਿੰਨੇ ਈ ਵਰਿਆਂ'ਚ, ਥੋੜਾ ਥੋੜਾ ਕਰ ਕੇ, ਅਸੀਂ ਤੁਹਾਡੇ ਲਈ ਖਜ਼ਾਨਾ ਜਮਾਂ ਕੀਤਾ - ਸੋਨੇ ਦਾ ਇਕ ਘੜਾ। ਮੈਂ ਘੜੇ ਨੂੰ ਘਰ ਕੋਲ ਦਬ ਦਿਤਾ ਸੀ, ਮੈਨੂੰ ਸਿਰਫ਼ ਚੇਤਾ ਨਹੀਂ ਆ ਰਿਹਾ ਕਿਥੇ। ਮੇਰਾ ਖਜ਼ਾਨਾ ਲਭ ਲਓ, ਤੇ ਗਰੀਬੀ ਤੁਹਾਡੇ ਪੇਸ਼ ਨਹੀਂ ਪਏਗੀ, ਤੇ ਕਦੀ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਜੇ ਹੋਏਗੀ।"

ਇਹ ਕਹਿ ਉਹਨੇ ਪੁੱਤਰਾਂ ਤੋਂ ਵਿਦਾ ਲਈ ਤੇ ਉਹਦੇ ਸਵਾਸ ਬੰਦ ਹੋ ਗਏ।

ਪੁਤਰਾਂ ਨੇ ਆਪਣੇ ਬੁੱਢੇ ਪਿਉ ਨੂੰ ਦਬ ਦਿਤਾ ਤੇ ਉਹਦੇ ਪੂਰੇ ਹੋਣ ਦਾ ਸੋਗ ਮਨਾਇਆ। ਫੇਰ ਇਕ ਦਿਨ ਸਭ ਤੋਂ ਵੱਡਾ ਪੁੱਤਰ ਕਹਿਣ ਲਗਾ:

“ਸੁਣੋ, ਭਰਾਵੋ, ਗ਼ਰੀਬ ਅਸੀਂ ਸਚੀ ਮੁਚੀ ਈ ਹਾਂ, ਏਥੋਂ ਤਕ ਕਿ ਸਾਡੇ ਕੋਲ ਰੋਟੀ ਖ਼ਰੀਦਣ ਜੋਗੇ ਵੀ ਪੈਸੇ ਨਹੀਂ। ਚੇਤੇ ਜੇ, ਬਾਪੂ ਨੇ ਮਰਨ ਤੋਂ ਪਹਿਲਾਂ ਕੀ ਕਿਹਾ ਸੀ। ਚਲੋ ਸੋਨੇ ਵਾਲਾ ਘੜਾ ਲਭੀਏ।"

ਉਹਨਾਂ ਬੇਲਚੇ ਫੜ ਲਏ ਤੇ ਘਰ ਦੇ ਨੇੜੇ ਨਿੱਕੇ-ਨਿੱਕੇ ਟੋਏ ਪੁੱਟਣ ਲਗ ਪਏ। ਉਹ ਪੁਟਦੇ ਗਏ? ਪਟਦੇ ਗਏ, ਪਰ ਉਹਨਾਂ ਨੂੰ ਸੋਨੇ ਵਾਲਾ ਘੜਾ ਨਾ ਲੱਭਾ।

“ਵਿਚਲੇ ਭਰਾ ਨੇ ਆਖਿਆ: “ਮੇਰੇ ਭਰਾਵੋ, ਜੇ ਅਸੀਂ ਏਸ ਤਰ੍ਹਾਂ ਪੁਟਦੇ ਗਏ, ਸਾਨੂੰ ਬਾਪੂ ਦਾ ਖਜ਼ਾਨਾ ਕਦੀ ਨਹੀਂ ਲੱਭਣ ਲਗਾ ਚਲੋ, ਘਰ ਦਵਾਲੇ ਵਾਲੀ ਸਾਰੀ ਜ਼ਮੀਨ ਪੁਟ ਛੱਡੀਏ।"

ਭਰਾ ਮੰਨ ਗਏ। ਉਹਨਾਂ ਫੇਰ ਬੇਲਚੇ ਫੜੇ, ਘਰ ਦੁਆਲੇ ਦੀ ਸਾਰੀ ਜ਼ਮੀਨ ਪੁਟ ਛੱਡੀ , ਪਰ ਅਜੇ ਵੀ ਉਹਨਾਂ ਨੂੰ ਸੋਨੇ ਵਾਲਾ ਘੜਾ ਕੋਈ ਨਾ ਲੱਭਾ।

“ਆਓ ਇਕ ਵਾਰੀ ਫੇਰ ਪੁਟੀਏ, ਪਰ ਪਹਿਲਾਂ ਤੋਂ ਡੂੰਘਾ," ਸਭ ਤੋਂ ਛੋਟੇ ਭਰਾ ਨੇ ਆਖਿਆ। "ਸ਼ਾਇਦ ਬਾਪੂ ਨੇ ਸੋਨੇ ਵਾਲਾ, ਘੜਾ ਡੂੰਘਾ ਦਬਿਆ ਹੋਵੇ।"

ਇਕ ਵਾਰੀ ਫੇਰ ਭਰਾ ਮੰਨ ਗਏ: ਉਹਨਾਂ ਨੂੰ ਬਾਪੂ ਦਾ ਖ਼ਜ਼ਾਨਾ ਲੱਭਣ ਦੀ ਬਹੁਤ ਹੀ ਤਾਂਘ ਸੀ

੧00