ਪੰਨਾ:ਮਾਣਕ ਪਰਬਤ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਕੰਮ ਲਗ ਗਏ, ਤੇ ਸਭ ਤੋਂ ਵਡੇ ਭਰਾ ਨੂੰ, ਜਿਹੜਾ ਚੋਖੇ ਚਿਰ ਤੋਂ ਪੁਟ ਰਿਹਾ ਸੀ, ਚਾਣਚਕ ਹੀ ਮਹਿਸੂਸ ਹੋਇਆ, ਜਿਵੇਂ ਉਹਦਾ ਬੇਲਚਾ ਕਿਸੇ ਵਡੀ ਤੇ ਸਖ਼ਤ ਚੀਜ਼ ਨਾਲ ਲੱਗਾ ਹੋਵੇ। ਵੇਗ ਨਾਲ ਉਹਦਾ ਦਿਲ ਧੜਕਣ ਲਗ ਪਿਆ, ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾਇਆ।

“ਛੇਤੀ ਆਉਣਾ! ਮੈਨੂੰ ਲਭ ਪਿਆ ਜੇ ਬਾਪੂ ਦਾ ਖ਼ਜ਼ਾਨਾ!"

ਵਿਚਲਾ ਭਰਾ ਤੇ ਸਭ ਤੋਂ ਛੋਟਾ ਭਰਾ ਭੱਜੇ ਆਏ, ਤੇ ਉਹ ਆਪਣੇ ਵਡੇ ਭਰਾ ਵਲ ਹੋ ਪਏ ਤੇ ਉਹਦਾ ਹਥ ਵਟਾਣ ਲਗੇ।

ਉਹਨਾਂ ਬਹੁਤ ਹੀ ਮਿਹਨਤ ਕੀਤੀ, ਪਰ ਜਿਹੜੀ ਚੀਜ਼ ਉਹਨਾਂ ਜ਼ਮੀਨ ਵਿਚੋਂ ਪੁੱਟੀ, ਉਹ ਸੋਨੇ ਵਾਲਾ ਘੜਾ ਨਹੀਂ ਸੀ, ਇਕ ਬਹੁਤ ਵੱਡਾ ਪੱਥਰ ਸੀ।

ਭਰਾਵਾਂ ਨੂੰ ਡਾਢੀ ਨਿਰਾਸਤਾ ਹੋਈ।

“ਏਸ ਪੱਥਰ ਦਾ ਕੀ ਬਣਾਈਏ?" ਉਹ ਕਹਿਣ ਲਗੇ। “ਚਲੋ, ਇਹਨੂੰ ਲੈ ਜਾਈਏ ਤੇ ਖਡ ਵਿਚ ਸੁੱਟ ਦਈਏ।"

ਉਹਨਾਂ ਇੰਜ ਹੀ ਕੀਤਾ। ਪੱਥਰ ਤੋਂ ਉਹਨਾਂ ਖਲਾਸੀ ਪਾ ਲਈ ਤੇ ਫੇਰ ਪੁੱਟਣ ਲਗ ਪਏ। ਉਹ ਸਾਰਾ ਦਿਨ ਕੰਮ ਲਗੇ ਰਹੇ, ਇਕ ਪਲ ਖਾਣ ਜਾਂ ਆਰਾਮ ਲਈ ਵੀ ਨਾ ਅਟਕੇ, ਤੇ ਉਹਨਾਂ ਸਾਰਾ ਬਾਗ਼ ਪੁਟ ਮਾਰਿਆ। ਉਹਨਾਂ ਦੇ ਬੇਲਚਿਆਂ ਹੇਠ ਮਿੱਟੀ ਪੋਲੀ ਤੇ ਭੁਰਭੁਰੀ ਹੋ ਗਈ, ਪਰ ਉਹਨਾਂ ਨੂੰ ਸੋਨੇ ਵਾਲਾ ਘੜਾ ਕੋਈ ਨਾ ਲੱਭਾ।

"ਚੰਗਾ," ਸਭ ਤੋਂ ਵਡੇ ਭਰਾ ਨੇ ਕਿਹਾ, "ਹੁਣ ਜਦੋਂ ਅਸਾਂ ਮਿੱਟੀ ਪੁਟ ਈ ਲਈ ਏ, ਇਹਨੂੰ ਬੰਜਰ, ਛੱਡਣ ਦਾ ਕੋਈ ਫ਼ਾਇਦਾ ਨਹੀਂ। ਆਓ, ਅੰਗੂਰਾਂ ਦੀਆਂ ਵੇਲਾਂ ਲਾ ਦਈਏ ਏਥੇ!"

"ਖਿਆਲ ਚੰਗਾ ਏ!” ਦੋਵੇਂ ਛੋਟੇ ਭਰਾ ਮੰਨ ਗਏ। “ਅਖ਼ੀਰ ਸਾਡੀ ਮਿਹਨਤ ਜ਼ਾਇਆ ਤਾਂ ਨਹੀਂ ਜਾਏਗੀ।”

ਤੇ ਉਹਨਾਂ ਕੁਝ ਅੰਗੂਰਾਂ ਦੀਆਂ ਵੇਲਾਂ ਲਾ ਦਿਤੀਆਂ ਤੇ ਉਹਨਾਂ ਦੀ ਉਹ ਬੜੇ ਧਿਆਨ ਨਾਲ ਸੰਭਾਲ ਕਰਨ ਲਗ ਪਏ।

ਥੋੜਾ ਜਿਹਾ ਸਮਾਂ ਲੰਘ ਗਿਆ, ਤੇ ਉਹਨਾਂ ਕੋਲ ਅੰਗੂਰਾਂ ਦੇ ਪੱਕੇ, ਮਿੱਠੇ ਤੇ ਰਸ-ਭਰੇ ਗੁਛਿਆਂ ਵਾਲਾ ਇਕ ਸੁਹਣਾ, ਵਡਾ ਸਾਰਾ ਵਾੜਾ ਹੋ ਗਿਆ।

ਭਰਾਵਾਂ ਨੇ ਭਰਵੀਂ ਫ਼ਸਲ ਸਮੇਟੀ। ਜਿਹੜੇ ਅੰਗੂਰ ਉਹਨਾਂ ਨੂੰ ਆਪਣੇ ਲਈ ਚਾਹੀਦੇ ਸਨ, ਉਹ ਉਹਨਾਂ ਵਖ ਕਰ ਲਏ, ਤੇ ਬਾਕੀ ਦੇ ਨਫ਼ੇ 'ਤੇ ਵੇਚ ਦਿਤੇ।

ਸਭ ਤੋਂ ਵੱਡਾ ਭਰਾ ਕਹਿਣ ਲਗਾ:

"ਅਖ਼ੀਰ, ਸਾਡਾ ਆਪਣੀ ਜ਼ਮੀਨ ਪੁਟਣਾ ਅਜਾਈਂ ਨਹੀਂ ਗਿਆ, ਏਸ ਲਈ ਕਿ ਅਸੀਂ ਉਹ ਖਜ਼ਾਨਾ ਲਭ ਈ ਲਿਐ, ਜਿਦ੍ਹੀ ਗਲ ਬਾਪੂ ਨੇ ਪੂਰੇ ਹੋਣ ਤੋਂ ਪਹਿਲਾਂ ਕੀਤੀ ਸੀ।"