ਪੰਨਾ:ਮਾਣਕ ਪਰਬਤ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਟਿਆਰ ਦੇ ਮਾਪਿਆਂ ਨੂੰ ਜਦੋਂ ਇਸ ਗਲ ਦਾ ਪਤਾ ਲਗਾ, ਉਹ ਉਹਨੂੰ ਝਿੜਕਣ-ਝਾੜਨ ਲਗ ਪਏ। ਦੁਨੀਆਂ ਹੁਣ ਜਿਊਣ ਲਈ ਮਿੱਠੀ ਸੁਖਾਵੀਂ ਥਾਂ ਨਾ ਰਹਿ ਗਈ, ਤੇ ਮੁਟਿਆਰ ਨੇ ਕਿਤੇ ਭਜ ਜਾਣ ਦੀ ਧਾਰ ਲਈ, ਉਹਨੂੰ ਪਤਾ ਨਹੀਂ ਸੀ ਕਿਥੇ। ਚੋਰੀ ਚੋਰੀ, ਉਹਨੇ ਤਿਆਰੀ ਕੀਤੀ ਤੇ ਛੋਪਲੇ ਹੀ ਘਰੋਂ ਨਿਕਲ ਗਈ, ਤੇ ਛੇਤੀ ਹੀ ਉਹਦਾ ਕੋਈ ਨਾਂ-ਨਿਸ਼ਾਨ ਨਾ ਲੱਭਾ।

ਸਹਿਮ ਤੇ ਬੇ-ਪੱਤੀ ਮਹਿਸੂਸ ਕਰਦਿਆਂ, ਮੁਟਿਆਰ ਅਟਕਿਆਂ ਬਿਨਾਂ ਅਗੇ ਹੀ ਅਗੇ ਟੁਰਦੀ ਗਈ, ਤੇ ਅਖ਼ੀਰ ਇਕ ਸੰਘਣੇ ਜੰਗਲ ਵਿਚ ਜਾ ਪੁੱਜੀ ਤੇ ਉਥੇ ਅੱਚਣਚੇਤ ਹੀ ਇਕ ਗੁਫਾ ਕੋਲ ਆ ਨਿਕਲੀ। ਉਹਨੇ ਸੋਚਿਆ, ਓਥੇ ਰਤਾ ਸਾਹ ਲਏਗੀ। ਤੇ ਉਹਨੇ ਅੰਦਰ ਪੈਰ ਹੀ ਪਾਇਆ ਸੀ ਕਿ ਉਹਨੂੰ ਦਿਸਿਆ, ਇਕ ਬਹੁਤ ਹੀ ਬੁੱਢਾ ਆਦਮੀ, ਖੰਗਦਾ ਤੇ ਖੰਗੂਰਦਾ, ਉਹਦੇ ਵਲ ਟੁਰੀ ਆ ਰਿਹਾ ਸੀ; ਉਹਦੀ ਪਿਠ ਵਿਚ ਕੁੱਬ ਪਿਆ ਹੋਇਆ ਸੀ, ਉਹਦੀਆਂ ਲੱਤਾਂ ਗਿਠੀਆਂ ਸਨ, ਦਾੜੀ ਏਨੀ ਲੰਮੀ ਸੀ ਕਿ ਗੋਡਿਆਂ ਤਕ ਪਹੁੰਚਦੀ ਸੀ, ਮੁੱਛਾਂ ਏਨੀਆਂ ਲੰਮੀਆਂ ਸਨ ਕਿ ਮੋਢਿਆਂ ਤਕ ਆਉਂਦੀਆਂ ਸਨ ਤੇ ਵਾਲ ਏਨੇ ਲੰਮੇ ਸਨ ਕਿ ਗਿਟਿਆਂ ਤਕ ਆਉਂਦੇ ਸਨ।

"ਕੌਣ ਏਂ ਤੂੰ, ਤੇ ਏਥੇ ਕਿਵੇਂ ਪਹੁੰਚੀ ਏਂ?" ਸੰਘਣੇ ਭਰੱਟਿਆਂ ਨੂੰ ਆਪਣੀ ਡੰਗੋਰੀ ਨਾਲ ਉਪਰ ਕਰਦਿਆਂ ਬੁੱਢੇ ਨੇ ਪੁਛਿਆ। ਭਰਵੱਟਿਆਂ ਨੇ ਉਹਦੀਆਂ ਅੱਖਾਂ ਹੀ ਲੁਕੋਈਆਂ ਹੋਈਆਂ ਸਨ।

ਇਹ ਸੁਣ ਮੁਟਿਆਰ ਡੁਸਕਣ ਤੇ ਰੋਣ ਲਗ ਪਈ, ਤੇ ਅਖ਼ੀਰ ਉਹਨੇ ਬੁਢੇ ਨੂੰ ਦਸਿਆ, ਕੀ ਹੋਇਆ ਸੀ ਤੇ ਉਹ ਉਹਦੀ ਗੁਫਾ ਵਿਚ ਕਿਵੇਂ ਪਹੁੰਚ ਪਈ ਸੀ।

ਬੁਢੇ ਨੇ ਚੁਪ-ਚਾਪ ਉਹਦੀ ਕਹਾਣੀ ਸੁਣੀ। ਉਹਨੇ ਮੁਟਿਆਰ ਨੂੰ ਪੱਥਰ ਦੇ ਥੜੇ ਤੇ ਬਿਠਾ ਦਿੱਤਾ ਤੇ ਚੰਗੀਆਂ-ਚੰਗੀਆਂ ਗੱਲਾਂ ਕਰ ਉਹਨੂੰ ਧਰਵਾਸ ਦੇਣ ਲਗਾ।

ਅਕਸਰ ਇੰਜ ਹੁੰਦਾ ਏ ਕਿ ਜਿਵੇਂ ਸੂਰਜ ਦੀ ਲੂੰਹਦੀ ਤਪਸ਼ ਤੋਂ ਪਿਛੋਂ ਮੀਂਹ ਧਰਤੀ ਨੂੰ ਠੰਡ ਪਾ ਦੇਂਦਾ ਏ, ਇਸੇ ਤਰ੍ਹਾਂ ਹੀ ਔਖੀਆਂ ਘੜੀਆਂ ਵਿਚ ਵਡੇਰਿਆਂ ਦਾ ਕਿਹਾ-ਆਖਿਆ ਨੌਜਵਾਨਾਂ ਦੇ ਦਿਲਾਂ ਉਤੇ ਮਰਹਮ ਦਾ ਕੰਮ ਦੇਂਦਾ ਹੈ। ਬੁਢੇ ਦੀ ਨਿੱਘੀ ਹਮਦਰਦੀ ਨਾਲ ਮੁਟਿਆਰ ਨੂੰ ਹੌਸਲਾ ਹੋਇਆ ਤੇ ਉਹ ਉਹਦੇ ਨਾਲ ਗੁਫਾ ਵਿਚ ਕੁਝ ਚਿਰ ਰਹਿਣਾ ਮੰਨ ਗਈ।

ਤੇ ਦੋਵੇਂ ਇਕੋ ਘਰ ਰਹਿਣ ਲਗ ਪਏ, ਮੁਟਿਆਰ ਨੂੰ ਬੁਢੇ ਦੀ ਸੰਗਤ ਵਿਚ ਆਪਣੇ ਗ਼ਮ ਦੀ ਕਸਕ ਘਟਦੀ ਲਗਦੀ, ਤੇ ਬੁਢੇ ਨੂੰ - ਆਪਣੀ ਵਡੇਰੀ ਉਮਰੇ ਆਰਾਮ ਮਿਲਦਾ।

ਹਰ ਰੋਜ਼ ਸਵੇਰੇ, ਤਿੰਨ ਬਕਰੀਆਂ ਗੁਫਾ ਨੂੰ ਆਉਂਦੀਆਂ, ਬੁੱਢਾ ਉਹਨਾਂ ਦੀ ਧਾਰ ਕਢਦਾ, ਤੇ ਉਹ ਏਸੇ ਦੁਧ ਨਾਲ ਝੱਟ ਲੰਘਾਂਦੇ।

ਸਮਾਂ ਛੇਤੀ ਨਾਲ ਲੰਘਦਾ ਗਿਆ, ਤੇ ਮੁਟਿਆਰ ਨੇ ਇਕ ਨਿੱਕੇ ਜਿਹੇ ਬਾਲ ਨੂੰ ਜਨਮ ਦਿਤਾ, ਜਿਹੜਾ ਇੰਜ ਗੋਭਲਾ ਤੇ ਸੁਹਣਾ ਸੀ ਕਿ ਜਦੋਂ ਸੂਰਜ ਉਹਨੂੰ ਵੇਖਦਾ, ਉਹਦੇ ਬੁਲ੍ਹਾਂ ਉਤੇ ਮੁਸਕਾਣ ਆ ਜਾਂਦੀ। ਤੇ ਵਿਚਾਰੇ ਬੁੱਢੇ ਦੀ ਖੁਸ਼ੀ ਦਾ ਕੋਈ ਹੱਦ-ਬੰਨਾ ਹੀ ਨਹੀਂ ਸੀ! ਉਹਦੇ ਪੈਰ ਆਪ ਮੁਹਾਰੇ ਹੀ ਨਚਦੇ ਲਗਦੇ, ਤੇ ਉਹਦਾ ਦਿਲ ਇੰਜ ਸੁਬਕ ਹੋ ਗਿਆ, ਜਿਵੇਂ ਉਹ ਕਦੀ ਜਵਾਨੀ ਵੇਲੇ ਹੁੰਦਾ ਸੀ।

ਜਿਸ ਪਲ ਹੀ ਬਾਲ ਹੋਇਆ, ਉਹਨਾਂ ਉਹਨੂੰ ਸਵੇਰ ਦੀ ਤਰੇਲ ਨਾਲ ਨੁਹਾਇਆ, ਤਾਂ ਜੋ ਕੋਈ ਵੀ ਬਦੀ ਉਹਨੂੰ ਚਮੁੱਟੀ ਨਾ ਰਹਿ ਸਕੇ, ਉਹਨਾਂ ਉਹਦੇ ਉਤੇ ਬਲਦੀ ਮਸਾਲ ਤੇ ਫ਼ੌਲਾਦ ਦੀ ਤਲਵਾਰ ਲੰਘਾਈ ਤਾਂ ਜੁ ਉਹ ਪੀੜਾਂ ਤੇ ਔਖਿਆਈਆਂ ਵਿਚੋਂ ਬੇ-ਜ਼ਰਬ ਲੰਘ ਜਾਏ ਤੇ ਹਮੇਸ਼ਾ ਇੰਜ ਸੁੱਚਾ ਤੇ ਰੁਸ਼ਨਾਇਆ

੧੦੩