ਪੰਨਾ:ਮਾਣਕ ਪਰਬਤ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਆਜ਼-ਬੋ ਫ਼ੇਤ-ਫ਼ਰਮੋਸ ਨੇ , ਜਿਹੜਾ ਆਪਣਾ ਦਿਲ ਇਸ ਮਿਹਰਬਾਨ ਤੇ ਸੁਹਣੀ ਮੁਟਿਆਰ ਦੇ ਪੈਰਾਂ ਵਿਚ ਰਖ ਦੇਣ ਲਈ ਤਾਂਘ ਰਿਹਾ ਸੀ , ਉਹਦਾ ਬਹੁਤ - ਬਹੁਤ ਸ਼ੁਕਰੀਆ ਅਦਾ ਕੀਤਾ , ਪਲਾਕੀ ਮਾਰ ਘੋੜੇ ਉਤੇ ਚੜ੍ਹ ਗਿਆ ਤੇ ਚਲ ਪਿਆ।

ਉਹ ਦੁੜਾਂਦਾ ਗਿਆ ਘੋੜਾ
ਪਹਾੜਾਂ ਤੇ ਵਾਦੀਆਂ ਉਤੋਂ ,
ਦੂਣਾਂ ਤੇ ਪੈਲੀਆਂ ਉਤੋਂ ,
ਜੰਗਲਾਂ ਤੇ ਚਰਾਂਦਾਂ ਉਤੋਂ ,
ਖੁਲਿਆਂ ਮੈਦਾਨਾਂ ਉਤੋਂ।

ਤੇ ਅਖ਼ੀਰ ਉਹਨੂੰ ਦੁਰ ਕੁਝ ਦਿਸਿਆ ਜੁ ਤਾਂਬੇ ਦੀ ਕੰਧ ਲਗਦਾ ਸੀ। ਜਦੋਂ ਉਹ ਨੇੜੇ ਪਹੁੰਚਿਆ , ਕੰਧ ਉਚੀਉਂ ਉਚੀ ਹੁੰਦੀ ਗਈ , ਤੇ ਇਕ ਪਹਾੜੀ ਬਣ ਗਈ ਤੇ ਫੇਰ ਇਕ ਬਹੁਤ ਵੱਡਾ ਪਹਾੜ। ਤੇ ਜਦੋਂ ਉਹ ਤਾਂਬੇ ਦੇ ਪਹਾੜ ਦੇ ਹੇਠਾਂ ਅਪੜਿਆ , ਉਹਨੇ ਵੇਖਿਆ , ਉਹਦੀ ਟੀਸੀ ਅਸਮਾਨ ਛੂਹ ਰਹੀ ਸੀ । ਏਡੇ ਉਚੇ ਪਹਾੜ ਸਚੀ ਮੁਚੀ ਕਿਤੇ ਟਾਵੇਂ ਹੀ ਹੁੰਦੇ ਨੇ! ਨਿਆਜ਼ - ਬੋ ਫ਼ੇਤ - ਫ਼ਰੂਮੋਸ ਨੇ ਪਹਾੜ ਨੂੰ ਧਿਆਨ ਨਾਲ ਘੋਖਿਆ - ਪਰਖਿਆ , ਉਹਦੀਆਂ ਨਜ਼ਰਾਂ ਹੇਠੋਂ ਲੈ ਕੇ ਟੀਸੀ ਤਕ ਫਿਰ ਗਈਆਂ। ਤਾਂ ਹੀ ਉਹਨੂੰ ਬਹੁਤ ਉੱਪਰ ਅਸਮਾਨ ਵਿਚ , ਇਕ ਬਹੁਤ ਵੱਡਾ ਪੰਛੀ ਦਿਸਿਆ , ਜਿਹਦੇ ਖੰਭ ਤੂਫ਼ਾਨੀ ਬਦਲਾਂ ਵਾਂਗ ਵਡੇ ਤੇ ਕਾਲੇ ਸਨ। ਪੰਛੀ ਚੱਕਰ ਉਤੇ ਚੱਕਰ ਕੱਢੀ ਗਿਆ , ਇਕ ਪਾਸੇ ਨਿਕਲਿਆ ਤੇ ਅਖੋਂ ਓਹਲੇ ਹੋ ਗਿਆ।

ਨਿਆਜ਼ - ਬ ਫ਼ੇਤ - ਫ਼ਰੂਮੋਸ ਨੇ ਲਗਾਮ ਨੂੰ ਖਿਚਿਆ ਤੇ ਘੋੜੇ ਨੂੰ ਉਪਰ ਪਹਾੜ ਉਤੇ ਪਾ ਦਿਤਾ।ਡਗਾ - ਡਗ! ਘੋੜਾ ਸਿਰਪਟ ਦੌੜ ਪਿਆ , ਅਗੇ ਵਧੀ ਹੋਈ ਇਕ ਚਟਾਨ ਤੋਂ ਦੂਜੀ ਚਟਾਨ ਉਤੇ ਟਪਦਾ ਗਿਆ ਤੋਂ ਨਿਆਜ਼-ਬੋ ਫ਼ਤ-ਫ਼ਰੂਮੋਸ ਨੂੰ ਸਭ ਤੋਂ ਉਚੀ ਟੀਸੀ ਉਤੇ ਲੈ ਗਿਆ। ਨਿਆਜ਼ - ਬੋ ਫ਼ੇਤ - ਫ਼ਰੂਮੋਸ ਨੇ ਆਪਣੇ ਦੁਆਲੇ ਵੇਖਿਆ , ਤੇ ਉਹਨੂੰ ਇਕ ਕਮਾਲ ਦੀ ਝਾਕੀ ਦਿੱਸੀ! ਆਪਣੇ ਤਾਂਬੇ ਦੇ ਆਲ੍ਹਣਿਆਂ ਵਿਚ ਦੈਤ ਪੰਛੀ ਦੇ ਬੱਚੇ ਬੈਠੇ ਸਨ, ਉਹਨਾਂ ਵਿਚ ਹਰ ਇਕ , ਭਾਵੇਂ ਅਜੇ ਉਹਨਾਂ ਨੂੰ ਪਰ ਨਹੀਂ ਸਨ ਲਗੇ ,ਢੱਗੇ ਜਿੱਡਾ ਸੀ, ਤੇ ਭੁੱਖ ਨਾਲ ਕੁਰਲਾ ਰਿਹਾ ਸੀ। ਨਿਆਜ਼-ਬੋ ਫ਼ੇਤ-ਫਰੂਮੋਸ ਨੇ ਦੁਆਲੇ ਨਜ਼ਰ ਮਾਰੀ , ਤੇ ਤਾਂਬੇ ਦੀ ਚਟਾਨ ਵਿਚ ਇਕ ਦਰਾੜ ਵੇਖ , ਉਹ ਘੋੜੇ ਸਮੇਤ ਉਹਦੇ ਵਿਚ ਲੁਕ ਗਿਆ। ਛੇਤੀ ਹੀ ਮਾਂ - ਪੰਛੀ ਉਡਾਰੀ ਲਾਂਦਾ ਵਾਪਸ ਆ ਗਿਆ। ਉਹ ਇਕ ਆਲ੍ਹਣੇ ਤੋਂ ਦੂਜੇ ਆਲ੍ਹਣੇ 'ਤੇ ਉਡਦਾ ਤੇ ਬੋਟਾਂ ਨੂੰ ਦੁਧ ਪਿਆਣ ਲਗਾ। ਜਦੋਂ ਉਹ ਉਡ ਉਸ ਆਲ੍ਹਣੇ ਕੋਲ ਪਹੁੰਚਿਆ ਜਿਹਦੇ ਨੇੜੇ ਨਿਆਜ਼ - ਬੋ ਫ਼ੇਤ - ਫ਼ਰੂਮੋਸ ਲੁੱਕਾ ਹੋਇਆ ਸੀ , ਉਹਨੇ ਆਪਣੀ ਪੂਰੀ ਹਿੰਮਤ ਤੋਂ ਕੰਮ ਲਿਆ ਤੇ ਆਪਣਾ ਘੋੜਾ ਅਗੇ ਕਰ ਦਿਤਾ , ਤੇ ਪੰਛੀ ਨੇ ਅਣ - ਜਾਤਿਆਂ ਹੀ ਕੁਝ ਦੁਧ ਉਹਦੇ ਵਿਚ ਡਿਗ ਪੈਣ ਦਿਤਾ। ਫੇਰ ਉਹ ਪਲਾਕੀ ਮਾਰ ਘੋੜੇ ਉਤੇ ਚੜ੍ਹ ਗਿਆ ਤੇ ਆਪਣੀ ਪਿਆਰੀ ਜਾਨ ਬਚਾਣ ਲਈ ਭਜ ਨਿਕਲਿਆ ! ਐਨ ਓਸੇ ਹੀ ਵੇਲੇ ਇਕ ਬੋਟ ਫੇਰ ਭੁਖ ਨਾਲ ਚੀਕਣ ਲਗ ਪਿਆ , ਤੇ ਮਾਂ - ਪੰਛੀ ਨੇ ਜਦੋਂ ਦੁਪਾਸੀਂ ਤਕਿਆ , ਉਹਨੂੰ ਨਿਆਜ਼ - ਬੋ ਦਿਸ ਪਿਆ। ਉਹ ਨਰਕਾਂ ਦੇ ਕਿਸੇ ਰਾਖਸ਼ਸ ਵਾਂਗ ਉਹਦੇ ਪਿਛੇ ਉਡ ਪਿਆ , ਪਰ ਉਹਨੂੰ ਰਲ ਨਾ ਸਕਿਆ , ਕਿਉਂ ਜੁ ਉਹਦੇ ਕੋਲ ਦੋ ਹੀ ਖੰਭ ਸਨ ਜਦੋਂ ਖੋ ਨਿਆਜ਼ -ਬੋ ਦੇ ਘੋੜੇ ਕੋਲ ਬਾਰਾਂ ਸਨ , ਤੇ ਇਸ ਲਈ ਉਹ ਉਹਦੇ ਨਾਲੋਂ ਕਿਤੇ ਤੇਜ਼ ਉਡ ਸਕਦਾ ਸੀ।

ਵਾਪਸ ਜਾਂਦਿਆਂ ਨਿਆਜ਼-ਬੋ ਛੇਤ-ਫ਼ਰੂਮੋਸ ਫੇਰ ਘੋੜਾ ਦੁੜਾਂਦਾ ਗਿਆ :

੧੦੯