ਪੰਨਾ:ਮਾਣਕ ਪਰਬਤ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲਾਨਾ ਕੋਸਿਨਜ਼ਾਨਾ ਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਦਸ ਦਿਤਾ, ਜੁ ਉਹਦੇ ਭਰਾ ਨੇ ਕਿਹਾ ਸੀ, ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਜਿਹਨੂੰ ਇਹ ਵੀ ਪਤਾ ਸੀ ਕਿ ਕਿਥੇ ਜਾਣਾ ਸੀ ਤੇ ਇਹ ਵੀ ਕਿ ਕਿੱਡਾ ਖਤਰਾ ਉਹ ਮੁਲ ਲੈ ਰਿਹਾ ਸੀ, ਘੋੜੇ ਉਤੇ ਚੜ੍ਹ ਗਿਆ ਤੇ ਆਪਣੇ ਰਾਹੇ ਪੈ ਗਿਆ। ਉਹ ਪਹਾੜਾਂ ਉਤੋਂ, ਤੇ ਵਾਦੀਆਂ ਉਤੋਂ, ਦਰਿਆਵਾਂ ਉਤੋਂ ਤੇ ਖੱਡਾਂ ਉਤੋਂ ਘੋੜਾ ਉਡਾਂਦਾ ਲੈ ਗਿਆ, ਉਹਨੇ ਖੁਲ੍ਹੀਆਂ ਪੈਲੀਆਂ ਤੇ ਫੁੱਲਾਂ-ਭਰੀਆਂ। ਵਾਦੀਆਂ ਪਾਰ ਕੀਤੀਆਂ, ਤੇ ਉਹ ਦਿਓਦਾਰ ਰੁਖਾਂ ਦੇ ਇਕ ਬਹੁਤ ਵਡੇ, ਸੰਘਣੇ ਜੰਗਲ ਕੋਲ ਆਣ ਪਹੁੰਚਿਆ। ਉਹ ਜੰਗਲ ਵਿਚ ਜਾ ਵੜਿਆ, ਤੇ ਓਥੇ ਇੰਜ ਹਨੇਰਾ ਸੀ, ਜਿਵੇਂ ਪਾਤਾਲ ਵਿਚ। ਉਹਦਾ ਬਾਰਾਂ ਖੰਭਾਂ ਵਾਲਾ ਘੋੜਾ ਉਡਦਾ-ਉਡਦਾ ਅਸਮਾਨ ਵਿਚ ਆ ਨਿਕਲਿਆ ਤੇ ਉਹਨੂੰ ਉੱਚੇ ਤੋਂ ਉਚੇ ਦਿਓਦਾਰ ਤੋਂ ਵੀ ਉਪਰ ਲੈ ਗਿਆ, ਤੇ ਨਿਆਜ਼-ਬੋ ਨੂੰ ਉਹ ਦਲਦਲ ਦਿਸ ਪਈ, ਜਿਹਦੀ ਦਸ ਉਹਨੂੰ ਇਲਾਨਾ ਨੇ ਪਾਈ ਸੀ | ਦੁਪਹਿਰ ਹੋਣ ਵਾਲੀ ਸੀ, ਤੇ ਜੰਗਲ ਵਲੋਂ ਉਚੀ-ਉਚੀ ਘੁਰ-ਘੁਰ ਕਰਨ ਦੀ ਆਵਾਜ਼ ਸੁਣੀਤੀ, ਤੇ ਜੰਗਲੀ ਸੂਰ ਚਿੱਕੜ ਵਿਚ ਲੇਟਣੀਆਂ ਲੈਣ ਲਈ ਭਜਦੇ ਬਾਹਰ ਨਿਕਲਣ ਲਗੇ।

ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਇਕ ਸੁਹਣਾ ਲਵਾ ਜੰਗਲੀ ਸੂਰ ਤਾੜ ਲਿਆ, ਉਹਨੂੰ ਫੜ ਲਿਆ। ਆਪਣੇ ਘੋੜੇ ਦੀ ਪਿਠ ਉਤੇ ਰਖ ਲਿਆ, ਤੇ ਆਪਣੀ ਪਿਆਰੀ ਜਾਨ ਬਚਾਣ ਲਈ ਭਜ ਨਿਕਲਿਆ! ਪਰ ਸੂਰਾਂ ਨੇ ਉਹਨੂੰ ਵੇਖ ਲਿਆ ਹੋਇਆ ਸੀ, ਤੇ ਉਹ ਆਪਣੀਆਂ ਥੁੰੰਨੀਆਂ ਜ਼ਮੀਨ ਉਤੇ ਮਾਰਦੇ, ਉਹਨੂੰ ਫੜਨ ਲਈ ਉਹਦੇ ਪਿਛੇ ਭੱਜੇ। ਨਿਆਜ਼-ਬੋ ਦਾ ਘੋੜਾ ਤੇਜ਼ ਸੀ, ਨਹੀਂ ਤਾਂ ਉਹਦੇ ਵਾਲਾ ਅੰਤ ਹੋ ਗਿਆ ਸੀ। ਤੇ ਉਹਦੇ ਘੋੜੇ ਦੀ ਤੇਜ਼ੀ ਨੇ ਉਹਨੂੰ ਤੁੰਦ ਜਨੌਰਾਂ ਦੇ ਤੇਜ਼ ਦੰਦਾਂ ਤੋਂ ਬਚਾ ਲਿਆ। ਤੇ ਇਸ ਪਿਛੋਂ ਘੋੜਾ ਕਲੋਲ ਕਰਦਾ ਤੇ ਆਪਣੀ ਅੱਯਾਲ ਛੰਡਦਾ ਰਿਹਾ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ, ਕੋਈ ਸੁਰ ਅਲਾਪਦਾ ਰਿਹਾ, ਤੇ ਉਹਨੂੰ ਇਸ ਗਲ ਦੀ ਕਿ ਇਸ ਮੁਹਿੰਮ ਵਿਚ ਵੀ ਕਾਮਯਾਬੀ ਨੇ ਉਹਦੇ ਪੈਰ ਚੁੰਮੇ ਸਨ, ਜਿੰਨੀ ਵੀ ਖੁਸ਼ੀ ਹੈ ਸਕਦੀ ਸੀ, ਮਹਿਸੂਸ ਹੋ ਰਹੀ ਸੀ।

ਵਾਪਸ ਜਾਂਦਿਆਂ ਪਹਿਲਾਂ ਵਾਂਗ ਹੀ ਉਹ ਇਲਾਨਾ ਕੋਸਿਨਜ਼ਾਨਾ ਦੇ ਘਰ ਸਾਹ ਲੈਣ ਲਈ ਅਟਕ ਗਿਆ ਜਦੋਂ ਉਹਨੇ ਖਾ-ਪੀ ਲਿਆ ਤੇ ਜਦੋਂ ਉਹ ਮਿੱਠੀ ਨੀਂਦਰੇ ਸੁੱਤਾ ਪਿਆ ਸੀ, ਇਲਾਨਾ ਕੋਸਿਨਜ਼ਾਨਾ ਨੇ ਜੰਗਲੀ ਸੂਰ ਦੇ ਬੱਚੇ ਦੀ ਥਾਂ ਆਮ ਸੂਰ ਦਾ ਬੱਚਾ ਰਖ ਦਿਤਾ ਤੇ ਅਜਿਹਾ ਕੋਈ ਨਿਸ਼ਾਨ ਨਾ ਰਹਿਣ ਦਿੱਤਾ ਜਿਸ ਤੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਉਹਦੇ ਕੀਤੇ ਦਾ ਸ਼ਕ ਪੈਦਾ ਹੋ ਸਕੇ ਤੇ ਉਹਨੇ ਉਹਨੂੰ ਨਿੱਘੇ ਤੋਂ ਨਿੱਘੇ ਢੰਗ ਨਾਲ ਉਹਦੇ ਰਾਹੇ ਪਾ ਦਿਤਾ।

ਜਦੋਂ ਕਲੋਆਂਤਸਾ ਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਘਰ ਪਰਤਦਿਆਂ ਵੇਖਿਆ, ਉਹ ਇੰਜ ਦੰਦ ਕਰੀਚਣ ਲਗ ਪਈ ਕਿ ਉਹਦੇ ਮੂੰਹ ਵਿਚੋਂ ਚੰਗਿਆੜੇ ਵਰ੍ਹਣ ਲਗ ਪਏ। ਪਰ ਉਹਨੂੰ ਆਪਣਾ ਆਪ ਸਾਂਭਣਾ ਤੇ ਡਾਢੇ ਬੀਮਾਰ ਪਏ ਹੋਣ ਦਾ ਪਜ ਪਾਣਾ ਪਿਆ, ਤੇ ਉਹ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੇ ਕਮਰੇ ਅੰਦਰ ਵੜਦਿਆਂ ਹੀ ਕਹਿਣ ਲਗੀ:

“ਵਾਹ, ਮੇਰੇ ਬਚਿਆ, ਮੇਰੇ ਪਿਆਰੇ ਬਚਿਆ, ਰਬ ਦਾ ਸ਼ੁਕਰ ਏ, ਤੂੰ ਆ ਗਿਐਂ ਤੇ ਮੈਂ ਤੇਰਾ ਮੂੰਹ ਫੇਰ ਵੇਖ ਸਕੀ ਹਾਂ! ਜੇ ਤੂੰ ਰਤਾ ਮਾਸਾ ਵੀ ਹੋਰ ਢਿਲ ਕੀਤੀ ਹੁੰਦੀ, ਤੈਨੂੰ ਮੈਂ ਜਿਊਂਦਿਆਂ ਨਹੀਂ ਸੀ ਲਭਣਾ। ਸੂਰ ਨੂੰ ਛੇਤੀ ਨਾਲ ਜ਼ਬ੍ਹਾ ਕਰ ਤੇ ਮੈਨੂੰ ਉਹਦਾ ਮਾਸ ਚੱਖਣ ਦੇ।"

ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਸੂਰ ਨੂੰ ਵਢਿਆ, ਉਹਨੂੰ ਓਦੋਂ ਤਕ ਅੰਗਿਆਰਾਂ ਉਤੇ ਭੁੁੰਨਿਆ, ਜਦੋਂ ਤਕ ਭੁਜ ਕੇ ਉਹਦਾ ਰੰਗ ਗੂਹੜਾ ਨਸਵਾਰੀ ਨਾ ਹੋ ਗਿਆ ਤੇ ਫੇਰ ਕਲੋਆਂਤਸਾ ਨੂੰ ਮਾਸ ਚਖਾਇਆ।