ਪੰਨਾ:ਮਾਣਕ ਪਰਬਤ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰ ਗਿਆ। ਉਹਨੇ ਕੁਝ ਪਾਣੀ ਪੀਤਾ, ਸੂਕਿਆ ਤੇ ਹੋਸ਼-ਹੱਵਾਸ ਕੁਝ ਠੀਕ ਕਰ, ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਫਸਤਾ ਮੁਕਾਣ ਦੇ ਢੰਗ ਤਰੀਕੇ ਸੋਚਣ ਲਗ ਪਈ। ਉਹਨੇ ਉਹਨੂੰ ਸਫ਼ਰਾਂ ਪਿਛੋਂ ਕੁਝ ਆਰਾਮ ਕਰ ਲੈਣ ਦਿਤਾ, ਤੇ ਪਿਛੋਂ ਆਪਣੇ ਕੋਲ ਸਦਿਆ, ਪਿਆਰ ਨਾਲ ਚੁੁੰਮਿਆ ਤੇ ਆਖਿਆ:

"ਪਿਆਰੇ ਬਚਿਆ, ਮੇਰੇ ਨਿਆਜ਼-ਬੋਆ, ਤੂੰ ਬੜੇ ਸਫ਼ਰ ਝਾਗੇ ਨੇ ਤੇ ਕਿੰਨੇ ਈ ਅਣ - ਗਾਹੇ ਰਾਹ ਤੂੰ ਗਾਹੇ ਨੇ। ਸ਼ਰਤ ਲਾ ਲੈ, ਤੇਰਾ ਤਾਂ ਸਾਰਾ ਜ਼ੋਰ ਖਤਮ ਹੋ ਗਿਆ ਹੋਣੈ। ਆ, ਵੇਖਣੀ ਆਂ, ਤੇਰੇ ਤੋਂ ਇਹ ਰੇਸ਼ਮੀ ਰੱਸੀ ਟੁੱਟਦੀ ਏ ਕਿ ਨਹੀਂ?"

ਤੇ ਉਹਨੇ ਇਕ ਰੇਸ਼ਮੀ ਰੱਸੀ ਕਢੀ, ਉਹ ਉਹਨੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦੁਆਲੇ ਬੰਨ੍ਹ ਦਿੱਤੀ।

"ਆ, ਬਚੜਿਆ," ਉਹ ਆਖਣ ਲਗੀ, "ਪੂਰੀ ਵਾਹ ਲਾ, ਤੇ ਵੇਖਾਂਗੇ, ਵਡੀ ਦੁਨੀਆਂ ਫਿਰਦਿਆਂ ਤੇ ਅਛੋਹੇ ਰਾਹ ਗਾਂਹਦਿਆਂ, ਸਾਰਾ ਜ਼ੋਰ ਤਾਂ ਨਹੀਉਂ ਮੁਕ ਗਿਆ।"

ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਪਣਾ ਆਪ ਤਾਣਿਆ, ਰੱਸੀ ਉਤੇ ਜ਼ੋਰ ਪਾਇਆ ਤੇ ਉਹਨੂੰ ਕਿੰਨੀਆਂ ਹੀ ਥਾਵਾਂ ਤੋਂ ਤੋੜ ਘਤਿਆ।

“ਤੇ ਹੁਣ ਵੇਖਣ ਦੇ, ਤੂੰ ਦੋ ਰੱਸੀਆਂ ਤੋੜ ਸਕਣੈ ਕਿ ਨਹੀਂ," ਜਾਦੂਗਰਨੀ ਕੁਰਲਾਈ ਤੇ ਉਹਨੇ ਉਹਨੂੰ ਦੋ ਰੱਸੀਆਂ ਨਾਲ ਬੰਨ੍ਹ ਦਿਤਾ। ਪਰ ਨਿਆਜ਼-ਬੋ ਨੇ ਦੋ ਰੱਸੀਆਂ ਵੀ ਉਵੇਂ ਹੀ ਤੋੜ ਦਿਤੀਆਂ, ਜਿਵੇਂ ਉਹਨੇ ਪਹਿਲੀ ਰੱਸੀ ਤੋੜੀ ਸੀ।

“ਤੇਰੇ 'ਚ ਅਜੇ ਵੀ ਸੱਚੇ ਸੂਰਮਿਆਂ ਵਾਲਾ ਜ਼ੋਰ ਏ, ਪਰ ਵੇਖਣੇ ਹਾਂ, ਸ਼ਾਇਦ ਤੂੰ ਕੁਝ ਖਰਚ ਕਰ ਦਿਤਾ ਹੋਵੇ," ਜਾਦੂਗਰਨੀ ਨੇ ਆਖਿਆ ਤੇ ਉਹਨੇ ਉਹਨੂੰ ਤਿੰਨ ਰੇਸ਼ਮੀ ਰੱਸੀਆਂ ਨਾਲ ਬੰਨ੍ਹ ਦਿਤਾ।

ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਪੱਠੇ ਅਕੜਾਏ, ਰੱਸੀਆਂ ਉਤੇ ਜ਼ੋਰ ਪਾਇਆ, ਪਰ ਉਹਨਾਂ ਨੂੰ ਉਹ ਤੋੜ ਨਾ ਸਕਿਆ। ਉਹਨੇ ਫੇਰ ਵਾਹ ਲਾਈ ਤੇ ਜ਼ੋਰ ਪਾਇਆ ਤੇ ਖਿਚਿਆ-ਧੂਹਿਆ, ਪਰ ਰੱਸੀਆਂ ਸਗੋਂ ਉਹਦੇ ਮਾਸ ਵਿਚ ਧਸ ਗਈਆਂ ਤੇ ਉਹ ਸਗੋਂ ਹੋਰ ਵੀ ਘੁਟ ਕੇ ਬੰਨ੍ਹਿਆ ਗਿਆ। ਉਹਨੇ ਤੀਜੀ ਵਾਰ ਵਾਹ ਲਈ, ਤੇ ਇਸ ਜਤਨ ਵਿਚ ਉਹਨੇ ਆਪਣਾ ਸਾਰਾ ਜ਼ੋਰ ਲਾ ਦਿਤਾ, ਪਰ ਰੇਸ਼ਮੀ ਰੱਸੀਆਂ ਉਹਦੇ ਮਾਸ ਵਿਚੋਂ ਹੱਡੀਆਂ ਤਕ ਧਸ ਗਈਆਂ ਤੇ ਟੁੱਟਣ ਵਿਚ ਨਾ ਆਈਆਂ।

ਖੁਸ਼ੀ ਨਾਲ ਕਲੋਆਂਤਸਾ ਇਕ ਲੱਤ ਉਤੇ ਟਪੋਸੀਆਂ ਮਾਰਨ ਤੇ ਲਾਟੂ ਵਾਂਗ ਭੁਆਟੀਆਂ ਖਾਣ ਲਗ ਪਈ ਤੇ ਉੱਚੀ-ਉਚੀ ਆਵਾਜ਼ ਦੇਣ ਲਗੀ:

"ਆ ਜਾ, ਅਜਗਰਾ, ਕਿਥੇ ਲੁੱਕਾ ਹੋਇਆਂ? ਛੇਤੀ ਕਰ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਵਾਲਾ ਫਾਹਾ ਵੱਢ ਦੇ।"

ਅਜਗਰ ਖੁਸ਼ੀ ਨਾਲ ਫੁੁੰਕਾਰਿਆ, ਉਸ ਥਾਂ ਤੋਂ ਨਿਕਲ ਆਇਆ, ਜਿਥੇ ਉਹ ਲੁੱਕਾ ਹੋਇਆ ਸੀ, ਉਹਨੇ ਕ ਖੰਡਾ ਫੜਿਆ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਗੋਭੀ ਦੇ ਫੁਲ ਵਾਂਗ ਵੱਢ ਕੇ ਰੱਖ ਦਿਤਾ। ਫੇਰ, ਡਕਰੇ ਇੱਕਠੇ ਕਰ ਤੇ ਉਹਨਾਂ ਨੂੰ ਦੋ ਘਸੱਡੀਆਂ ਹੋਈਆਂ ਛੱਟਾਂ ਵਿਚ ਪਾ, ਉਹਨੇ ਛੱਟਾਂ ਨੂੰ ਕਾਠੀ ਉਤੋਂ ਲਮਕਾ ਦਿਤਾ, ਘੋੜੇ ਨੂੰ ਛਾਂਟਾ ਮਾਰਿਆ ਤੇ ਬਾਘੀ ਪਾਂਦਿਆਂ ਕੂਕਿਆ:

“ਦੌੜ, ਦੂਰ ਹੋ ਜਾ, ਘੋੜਿਆ ਬਦਾ। ਜਿਥੇ ਇਹਨੂੰ ਜਿਊਂਦੇ ਨੂੰ ਸੈਂ ਲੈ ਗਿਆ, ਓਥੇ ਮੋਏ ਨੂੰ ਪੁਚਾ ਪਿਆ!"