ਪੰਨਾ:ਮਾਣਕ ਪਰਬਤ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਕਮੀਜ਼ ਚੁਕ ਲਈ ਤੇ ਉਹਨੂੰ ਲੈ ਕੇ ਆਪਣੇ ਪਿਓ ਕੋਲ ਪਹੁੰਚਿਆ ਜਿਹੜਾ ਆਪਣੇ ਦੋਵਾਂ ਵਡੇ ਪੁੱਤਰਾਂ ਦੀਆਂ ਸੁਗਾਤਾਂ ਲੈਣ ਵਿਚ ਰੁੱਝਾ ਹੋਇਆ ਸੀ। ਸਭ ਤੋਂ ਵਡੇ ਪੁੱਤਰ ਨੇ ਆਪਣੀ ਕਮੀਜ਼ ਪੇਸ਼ ਕੀਤੀ, ਤੇ ਜ਼ਾਰ ਨੇ ਫੜੀ ਤੇ ਆਖਿਆ:

"ਇਹ ਕਮੀਜ਼ ਤਾਂ ਕਿਸੇ ਗਰੀਬ ਕਿਸਾਨ ਦੇ ਪਾਣ ਲਈ ਠੀਕ ਰਹੇਗੀ।"

ਵਿਚਲੇ ਪੁੱਤਰ ਨੇ ਆਪਣੀ ਕਮੀਜ਼ ਪੇਸ਼ ਕੀਤੀ, ਤੇ ਜ਼ਾਰ ਨੇ ਕਿਹਾ :

"ਇਹ ਕਮੀਜ਼ ਤਾਂ ਗ਼ੁਸਲਖਾਨੇ ਜਾਣ ਵੇਲੇ ਪਾਣ ਲਈ ਠੀਕ ਰਹੇਗੀ।"

ਫੇਰ ਈਵਾਨ ਨੇ ਆਪਣੀ ਕਮੀਜ਼ ਪੇਸ਼ ਕੀਤੀ। ਸਾਰੀ ਦੀ ਸਾਰੀ ਉਤੇ ਤਿੱਲੇ ਨਾਲ ਬੜੀ ਸੁਹਣੀ, ਹਰੀ-ਸੁਰੰਗੀ ਕਢਾਈ ਹੋਈ ਪਈ ਸੀ, ਤੇ ਜ਼ਾਰ ਨੇ ਨਜ਼ਰ ਭਰਕੇ ਉਹਦੇ ਵਲ ਵੇਖਿਆ ਤੇ ਕਿਹਾ :

"ਇਹ ਹੋਈ ਨਾ ਕਮੀਜ਼ ਦਿਨ-ਦਿਹਾਰ ਨੂੰ ਪਾਣ ਲਈ!"

ਦੋਵੇਂ ਵਡੇ ਭਰਾ ਘਰ ਚਲੇ ਗਏ ਤੇ ਆਪੋ ਵਿਚ ਗੱਲਾਂ ਕਰਨ ਲਗੇ ਤੇ ਕਹਿਣ ਲਗੇ:

ਲਗਦੈ, ਅਸੀਂ ਈਵਾਨ ਦੀ ਵਹੁਟੀ ਦਾ ਮਖੌਲ ਐਵੇਂ ਹੀ ਉਡਾਂਦੇ ਰਹੇ ਹਾਂ। ਉਹ ਡੱਡੀ ਨਹੀਂ, ਕੋਈ ਜਾਦੂਗਰਨੀ ਏ।"

ਤੇ ਜ਼ਾਰ ਨੇ ਇਕ ਵਾਰੀ ਫੇਰ ਆਪਣੇ ਪੁੱਤਰਾਂ ਨੂੰ ਬੁਲਾਇਆ।

"ਤੁਹਾਡੀਆਂ ਵਹੁਟੀਆਂ ਕਲ੍ਹ ਸਵੇਰ ਤਕ ਮੇਰੇ ਲਈ ਕੁਝ ਰੋਟੀ ਪਕਾਣ," ਉਹਨੇ ਆਖਿਆ। "ਮੈਂ ਵੇਖਣਾ ਚਾਹੁੰਨਾਂ, ਉਹਨਾਂ 'ਚੋਂ ਰਸੋਈ ਦਾ ਕੰਮ ਸਭ ਤੋਂ ਚੰਗਾ ਕਿਹਨੂੰ ਆਉਂਦੈ।"

ਈਵਾਨ ਸੋਚੀਂ ਡੁਬ ਗਿਆ ਤੇ ਘਰ ਜਾ ਪਹੁੰਚਿਆ। ਤੇ ਡੱਡੀ ਨੇ ਉਹਨੂੰ ਪੁਛਿਆ:

ਈਵਾਨ, ਏਨਾ ਉਦਾਸ ਕਿਉਂ ਏਂ?"

ਈਵਾਨ ਨੇ ਕਿਹਾ:

"ਤੂੰ ਕਲ੍ਹ ਸਵੇਰ ਤਕ ਪਿਤਾ ਜੀ ਲਈ ਕੁਝ ਰੋਟੀ ਪਕਾਣੀ ਏਂ।"

ਈਵਾਨ, ਦਿਲ ਨਾ ਦੁਖਾ, ਸਗੋਂ ਜਾ ਕੇ ਸੌਂਂ ਜਾ। ਸਵੇਰ ਸ਼ਾਮ ਨਾਲੋਂ ਸਿਆਣੀ ਹੁੰਦੀ ਏ।

ਤੇ ਉਹਦੀਆਂ ਦੋ ਜੇਠਾਣੀਆਂ ਨੇ, ਜਿਹੜੀਆਂ ਪਹਿਲੋਂ ਡੱਡੀ ਦਾ ਮਖੌਲ ਉਡਾਂਦੀਆਂ ਹੁੰਦੀਆਂ ਸਨ, ਹੁਣ ਪਿਛਵਾੜੇ ਰਹਿਣ ਵਾਲੀ ਇਕ ਬੁੱਢੀ ਨੂੰ ਇਹ ਵੇਖਣ ਲਈ ਘੱਲਿਆ ਕਿ ਡੱਡੀ ਆਪਣੀ ਰੋਟੀ ਕਿਵੇਂ ਪਕਾਂਦੀ ਏ।

ਪਰ ਡੱਡੀ ਹੁਸ਼ਿਆਰ ਸੀ ਤੇ ਉਹਨੇ ਬੁਝ ਲਿਆ, ਉਹਦੀਆਂ ਜੇਠਾਣੀਆਂ ਨੂੰ ਕੀ ਸੁੱਝੀ ਸੀ। ਉਹਨੇ ਕੁਝ ਆਟਾ ਗੁੰਨਿਆ, ਚੁੱਲ੍ਹੇ ਨੂੰ ਉਤੋਂ ਭੰਨਿਆ ਤੇ ਆਟੇ ਨੂੰ ਮੋਰੀ ਵਿਚੋਂ ਹੇਠਾਂ ਸੁਟ ਦਿਤਾ। ਬੁੱਢੀ ਭੱਜੀ-ਭੱਜੀ ਉਹਦੀਆਂ ਦੋਵਾਂ ਜੇਠਾਣੀਆਂ ਕੋਲ ਗਈ ਤੇ ਉਹਨੇ ਉਹਨਾਂ ਨੂੰ ਸਾਰਾ ਕੁਝ ਦਸਿਆ, ਤੇ ਉਹਨਾਂ ਵੀ ਓਸੇ ਤਰ੍ਹਾਂ ਹੀ ਕੀਤਾ, ਜਿਵੇਂ ਡੱਡੀ ਨੇ ਕੀਤਾ ਸੀ।

ਤੇ ਡੱਡੀ ਟਪੋਸੀਆਂ ਮਾਰਦੀ ਬਾਹਰ ਡਿਉੜੀ ਵਿਚ ਆ ਗਈ, ਚਤਰ-ਸੁਜਾਨ ਵਸਿਲੀਸਾ ਬਣ ਗਈ ਤੇ ਉਹਨੇ ਤਾੜੀ ਵਜਾਈ।

"ਆਓ, ਮੇਰੀਓ ਗੋਲੀਓ ਤੇ ਬਾਂਦੀਓ, ਛੇਤੀ ਕਰੋ ਤੇ ਕੰਮ ਵਿਚ ਲਗ ਜਾਓ!" ਉਹ ਉਚੀ ਸਾਰੀ ਬੋਲੀ। "ਕਲ੍ਹ ਸਵੇਰ ਤਕ ਮੈਨੂੰ ਕੁਝ ਪੋਲੀ-ਪੋਲੀ ਚਿੱਟੀ ਰੋਟੀ ਪਕਾ ਦਿਓ, ਓਹੋ ਜਿਹੀ, ਜਿਹੋ ਜਿਹੀ ਮੈਂ ਆਪਣੇ ਪਿਤਾ ਜੀ ਦੇ ਘਰ ਖਾਂਦੀ ਹੁੰਦੀ ਸਾਂ।"

੧੧