ਪੰਨਾ:ਮਾਣਕ ਪਰਬਤ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੰਜ ਜਿਵੇਂ ਪੱਥਰ ਬਣਾ ਦਿਤੀ ਗਈ ਹੋਵੇ, ਉਹ ਹਿਲ ਨਹੀਂ ਸੀ ਰਹੀ, ਏਥੋਂ ਤਕ ਕਿ ਸਿਰਕ ਤਕ ਵੀ ਨਹੀਂ ਸੀ ਰਹੀ।

ਇਸ ਤਰ੍ਹਾਂ ਇਕ ਦਿਨ ਲੰਘ ਗਿਆ ਤੇ ਇਕ ਰਾਤ, ਤੇ ਫੇਰ ਦੋ ਹੋਰ ਦਿਨ ਤੇ ਦੋ ਹੋਰ ਰਾਤਾਂ ਲੰਘ ਗਈਆਂ, ਤੇ ਮਾਮੇਦ ਬਾਦਸ਼ਾਹ ਨਾਲ ਨਰਦੀ ਖੇਡਦਾ ਰਿਹਾ, ਤੇ ਬਿੱਲੀ ਪਹਿਲਾਂ ਵਾਂਗ ਹੀ ਬੈਠੀ ਰਹੀ।

ਅਖ਼ੀਰ ਮਾਮੇਦ ਤੋਂ ਹੋਰ ਨਾ ਸਿਹਾ ਗਿਆ।

“ਮੈਂ ਹੋਰ ਨਹੀਂ ਖੇਡ ਸਕਦਾ!" ਉਹ ਬੋਲ ਉਠਿਆ।" "ਬਾਦਸ਼ਾਹ, ਤੁਸੀਂ ਜਿਤ ਗਏ।”

ਬਾਦਸ਼ਾਹ ਇਸੇ ਗੱਲ ਦੀ ਉਡੀਕ ਕਰ ਰਿਹਾ ਸੀ। ਉਹਨੇ ਨੌਕਰਾਂ ਨੂੰ ਸਦਿਆ ਤੇ ਕਿਹਾ:

“ਸੁਦਾਾਗਰ ਦਾ ਸਾਰਾ ਮਾਲ-ਅਸਬਾਬ ਤੇ ਸਾਰਾ ਸੋਨਾ ਲੈ ਆਓ। ਤੇ ਸੁਦਾਗਰ ਦਾ ਕੀ ਕਰੋ, ਇਹਦੀਆਂ ਮੁਸ਼ਕਾਂ ਕੱਸ ਦਿਓ ਤੇ ਕੈਦਖਾਨੇ ਪਾ ਦਿਓ ਸੂ।"

ਤੇ ਬਾਦਸ਼ਾਹ ਦੇ ਨੌਕਰਾਂ ਨੇ ਮਾਮੇਦ ਨੂੰ ਫੜ ਲਿਆ ਤੇ ਸਾਰਾ ਕੁਝ ਉਵੇਂ ਹੀ ਕੀਤਾ, ਜਿਵੇਂ ਬਾਦਸ਼ਾਹ ਨੇ ਉਹਨਾਂ ਨੂੰ ਹੁਕਮ ਦਿਤਾ ਸੀ।

ਕੈਦਖਾਨੇ ਪਿਆ, ਮਾਮੇਦ ਆਪਣੇ ਆਪ ਨੂੰ ਲਾਅਨਤਾਂ ਪਾਣ ਲਗਾ, ਉਹਨੂੰ ਸ਼ਹਿਰ ਤੋਂ ਇਕ ਪਾਸਿਉਂ ਲੰਘ ਜਾਣ ਦੀ ਅਕਲ ਕਿਉਂ ਨਾ ਆਈ, ਤੇ ਦਿਲ ਹੀ ਦਿਲ ਵਿਚ ਬਾਦਸ਼ਾਹ ਤੇ ਉਹਦੀ ਵਿਦਵਾਨ ਬਿੱਲੀ ਨੂੰ ਸਲਵਾਤਾਂ ਸੁਣਾਣ ਲਗਾ।

ਪਰ ਹੁਣ ਅਸੀਂ ਮਾਮੇਦ ਨੂੰ ਓਥੇ ਹੀ ਛਡਦੇ ਹਾਂ, ਜਿਥੇ ਉਹ ਹੈ, ਤੇ ਉਹਦੀ ਵਹੁਟੀ ਜ਼ਰਨਿਆਰ ਦੀ ਗੱਲ ਸੁਣਾਂਦੇ ਹਾਂ।

ਜ਼ਰਨਿਆਰ ਆਪਣੇ ਖਾਵੰਦ ਦੀ ਉਡੀਕ ਕਰਦੀ ਆਰਾਮ ਨਾਲ ਘਰੇ ਟਿਕੀ ਰਹੀ, ਪਰ ਉਹ ਨਾ ਆਇਆ ਤੇ ਉਹਦੇ ਆਉਣ ਦਾ ਨਾਂ-ਨਿਸ਼ਾਨ ਵੀ ਕੋਈ ਨਹੀਂ ਸੀ ਦਿਸਿਆ।

"ਸ਼ਾਇਦ ਕੁਝ ਹੋ ਗਿਆ ਹੋਵੇ ਸੂ?" ਉਹਨੇ ਸੋਚਿਆ।

ਕਿੰਨਾ ਹੀ ਚਿਰ ਉਹਨੂੰ ਇਹੋ ਜਿਹੇ ਫ਼ਿਕਰ ਵਾਲੇ ਖਿਆਲ ਆਉਂਦੇ ਰਹੇ, ਤੇ ਅਖ਼ੀਰ ਇਕ ਦਿਨ ਮਾਮੇਦ ਦਾ ਨੌਕਰ ਭੱਜਦਾ-ਭੱਜਦਾ ਉਹਦੇ ਕੋਲ ਆ ਪਹੁੰਚਿਆ। ਉਹਦਾ ਸੂਹ ਮਿੱਟੀ ਨਾਲ ਲਿਬੜਿਆ ਹੋਇਆ ਸੀ ਤੇ ਉਹਦੇ ਕਪੜਿਆਂ ਦੇ ਲੰਘਾਰ ਲੱਥੇ ਹੋਏ ਸਨ।

"ਮਾਲਕਣ, ਮਾਲਕਣ!" ਉਹ ਕੁਰਲਾਇਆ। “ਦੁਰਾਡੇ ਦੇਸ ਦੇ ਬਾਦਸ਼ਾਹ ਨੇ ਮਾਲਕ ਨੂੰ ਕੈਦ ਕਰ ਦਿਤੈ, ਤੇ ਉਹਦਾ ਸਾਰਾ ਮਾਲ-ਅਸਬਾਬ ਤੇ ਸਾਰਾ ਸੋਨਾ ਖੋਹ ਲਿਐ। ਸਿਰਫ਼ ਮੈਂ ਈ ਭਜ ਸਕਿਆਂ, ਮਸਾਂ ਈ ਜਾਨ ਬਚਾ ਕੇ। ਹੁਣ ਕੀ ਕਰੀਏ?"

ਜ਼ਰਨਿਆਰ ਨੇ ਨੌਕਰ ਨੂੰ ਕਿਹਾ ਕਿ, ਜੋ ਕੁਝ ਵੀ ਹੋਇਆ ਸੀ ਉਹ ਉਹਨੂੰ, ਸਾਰਾ ਕੁਝ ਦੱਸੇ। ਇਸ ਪਿਛੋਂ ਉਹਨੇ ਹੁਕਮ ਦਿਤਾ ਕਿ ਬਹੁਤ ਸਾਰੇ ਚੂਹੇ ਫੜੇ ਜਾਣ ਤੇ ਉਹਨਾਂ ਨਾਲ ਇਕ ਵਡੀ ਸਾਰੀ ਪੇਟੀ ਭਰ ਲਈ ਜਾਵੇ। ਫੇਰ ਕੁਝ ਸੋਨਾ ਚਾਂਦੀ ਲੈ, ਉਹਨੇ ਮਰਦਾਂ ਵਾਲੇ ਕਪੜੇ ਪਾ ਲਏ, ਆਪਣੇ ਲੰਮੇ ਵਾਲ ਪਸ਼ਮ ਦੀ ਇਕ ਉਚੀ ਸਾਰੀ ਟੋਪੀ ਵਿਚ ਲੁਕਾ ਲਏ ਤੇ ਆਪਣੇ ਖਾਵੰਦ ਨੂੰ ਛੁਡਾਣ ਲਈ ਕਾਫ਼ਲੇ ਦੇ ਅਗੇ ਹੋ ਚਲ ਪਈ।

ਉਹ ਅਟਕਿਆਂ ਬਿਨਾਂ ਤੇ ਕਿਸੇ ਵੀ ਕਿਸਮ ਦੀ ਢਿਲ ਕੀਤੇ ਬਿਨਾਂ, ਚਲਦੀ ਗਈ ਤੇ ਅਖ਼ੀਰ ਉਸ ਸ਼ਹਿਰ ਅੱਪੜ ਪਈ, ਜਿਥੇ ਉਹਦਾ ਖਾਵੰਦ ਜੇਲ੍ਹਖਾਨੇ ਵਿਚ ਪਿਆ ਸੀ।

੧੨੦