ਪੰਨਾ:ਮਾਣਕ ਪਰਬਤ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਵੇਖਿਆ ਕਿ ਉਹ ਇਕਦਮ ਅਡੋਲ ਹੋ ਕੇ ਬਹਿ ਗਈ ਤੇ ਇੰਜ ਜਾਪਣ ਲਗਾ, ਜਿਵੇਂ ਥਾਂ ਉਤੇ ਹੀ ਸੁੰਨ ਹੋ ਗਈ ਹੋਵੇ।

ਕੁਝ ਚਿਰ ਵਿਚ ਜ਼ਰਨਿਆਰ ਦੇ ਨੌਕਰਾਂ, ਨੇ ਕਮਰੇ ਵਿਚ ਕਿੰਨੇ ਹੀ ਹੋਰ ਚੂਹੇ ਛਡ ਦਿਤੇ। ਚੂਹੇ ਫ਼ਰਸ਼ ਉਤੇ ਏਧਰ-ਓਧਰ ਨੱਸਣ ਲਗ ਪਏ ਤੇ ਕੰਧਾਂ ਦੇ ਨਾਲ-ਨਾਲ ਧਾਓ-ਧਾਈ ਕਰਨ ਲਗੇ। ਵਿਦਵਾਨ ਬਿੱਲੀ ਲਈ ਇਹ ਕੁਝ ਬਹੁਤ ਹੀ ਜ਼ਿਆਦਾ ਸੀ। ਉਹਨੇ ਇਕ ਵਾਰੀ ਮਿਆਉਂ ਕੀਤਾ ਤੇ ਇਕਦਮ ਕੁਦ (ਜਿਸ ਨਾਲ ਸੱਤੇ ਦੇ ਸੱਤੇ ਦੀਵੇ ਫ਼ਰਸ਼ ਉਤੇ ਜਾ ਪਏ) ਸਾਰੇ ਕਮਰੇ ਵਿਚ ਚੂਹਿਆਂ ਦੇ ਪਿਛੇ ਨੱਠਣ ਲਗ ਪਈ।

ਬਾਦਸ਼ਾਹ ਨੇ ਭਾਵੇਂ ਕਿੰਨੇ ਹੀ ਕੜਕੇ ਮਾਰੇ, ਉਹਦੀ ਵਿਦਵਾਨ ਬਿੱਲੀ ਨੇ ਉਹਦੀ ਇਕ ਨਾ ਸੁਣੀ।

ਤਾਂ ਹੀ ਫੇਰ ਜ਼ਰਨਿਆਰ ਨੇ ਆਪਣੇ ਨੌਕਰਾਂ ਨੂੰ ਬੁਲਾਇਆ, ਤੇ ਉਹ ਕਮਰੇ ਵਿਚ ਭੱਜੇ ਆਏ, ਉਹਨਾਂ ਬਾਦਸ਼ਾਹ ਦੀਆਂ ਘੁਟ ਕੇ ਮੁਸ਼ਕਾਂ ਬੰਨ ਦਿਤੀਆਂ ਤੇ ਉਹਨੂੰ ਦੁੱਰੇ ਮਾਰਨ ਲਗ ਪਏ, ਤੇ ਮਾਰਦੇ ਗਏ, ਜਦੋਂ ਤਕ ਬਾਦਸ਼ਾਹ ਰਹਿਮ-ਰਹਿਮ ਨਾ ਪੁਕਾਰ ਉਠਿਆ।

"ਮੈਂ ਆਪਣੇ ਸਾਰੇ ਕੈਦੀ ਛਡ ਦਿਆਂਗਾ," ਉਹ ਕੁਰਲਾਇਆ, "ਤੇ ਉਹਨਾਂ ਤੋਂ ਜੋ ਕੁਝ ਵੀ ਮੈਂ ਲਿਆ ਸੀ, ਮੋੜ ਦਿਆਂਗਾ, ਸਿਰਫ਼ ਮੇਰੀ ਜਾਨ ਬਖ਼ਸ਼ ਦੇ!"

ਜ਼ਰਨਿਆਰ ਦੇ ਨੌਕਰ ਬਾਦਸ਼ਾਹ ਨੂੰ ਦੁੱਰੇ ਮਾਰਦੇ ਗਏ, ਤੇ ਬਾਦਸ਼ਾਹ ਉਚੀ-ਉਚੀ ਚੀਕਾਂ ਮਾਰਨ ਲਗ ਪਿਆ; ਪਰ ਭਾਵੇਂ ਉਹਦੀ ਆਵਾਜ਼ ਉਹਦੇ ਬੰਦਿਆਂ ਤਕ ਪਹੁੰਚ ਰਹੀ ਸੀ, ਉਹ ਉਹਦੀ ਮਦਦ ਲਈ ਨਾ ਆਏ, ਕਿਉਂ ਜੋ ਉਹ ਸਾਰੇ ਦੇ ਸਾਰੇ ਕਿੰਨੇ ਹੀ ਚਿਰ ਤੋਂ ਉਹਦੇ ਜ਼ੁਲਮ ਤੇ ਲਾਲਚ ਤੋਂ ਅੱਕੇ ਪਏ ਹੋਏ ਸਨ।

ਜ਼ਰਨਿਆਰ ਨੇ ਫੇਰ ਆਪਣੇ ਖਾਵੰਦ ਤੇ ਉਹਨਾਂ ਸਭਨਾਂ ਦੀ, ਜੋ ਉਹਦੇ ਨਾਲ ਸਨ, ਰਿਹਾਈ ਦਾ ਹੁਕਮ ਦਿਤਾ, ਤੇ ਬਾਦਸ਼ਾਹ ਨੂੰ ਭੋਰੇ ਵਿਚ ਸੁਟਵਾ ਦਿਤਾ।

ਇਸ ਪਿਛੋਂ ਜ਼ਰਨਿਆਰ ਤੇ ਮਾਮੇਦ ਆਪਣੇ ਸ਼ਹਿਰ ਮਿਸਾਰ ਵਾਪਸ ਆ ਗਏ, ਤੇ ਓਥੇ ਉਹ ਅਮਨ-ਚੈਣ ਤੇ ਖੁਸ਼ੀ ਨਾਲ, ਦੇਸ ਦਾ ਸਭ ਤੋਂ ਵਧੀਆ ਕੁਝ ਖਾਂਦੇ-ਹੰਢਾਂਦੇ, ਰਹਿੰਦੇ ਰਹੇ। ਤੇ ਤੁਸੀਂ ਵੀ ਖਾਓ ਪੀਓ ਤੇ ਖੁਸ਼ ਰਹੋ।

ਅਸਮਾਨ ਤੋਂ ਤਿੰਨ ਸੇਅ ਡਿੱਗੇ ਨੇ। ਇਕ ਮੇਰਾ ਏ, ਦੂਜਾ ਇਹ ਕਹਾਣੀ ਸੁਣਾਣ ਵਾਲੇ ਦਾ ਤੇ ਤੀਜਾ ਉਹਦਾ, ਜਿਨ੍ਹੇ ਇਹ ਸੁਣੀ।