ਪੰਨਾ:ਮਾਣਕ ਪਰਬਤ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਸਚੀ ਮੁੱਚੀ ਦੀ ਕਮਾਲ ਦੀ ਗਲ ਏ!" ਉਹ ਕੂਕ ਉਠੇ। "ਜੁਲਾਹਾ ਵਾਕਿਆ ਈ ਸਿਆਣਾ ਏਂ। ਸਾਨੂੰ ਲੋੜ ਵੀ ਏਸੇ ਈ ਆਦਮੀ ਦੀ ਏ! ਜੁਲਾਹਿਆ, ਸਾਡੇ ਨਾਲ ਜ਼ਾਰ ਕੋਲ ਚਲ, ਸ਼ਾਇਦ ਤੂੰ ਬੁਝਾਰਤ ਬੁਝ ਸਕੇਂ।"

“ਪਹਿਲਾਂ ਮੈਨੂੰ ਦਸੋ, ਇਹ ਹੈ ਕੀ ਏ," ਜੁਲਾਹੇ ਨੇ ਜਵਾਬ ਦਿਤਾ।

ਵਜ਼ੀਰਾਂ ਨੇ ਆਖਿਆ:

“ਪਿਛੇ ਜਿਹੇ ਇਕ ਓਪਰੇ ਦੇਸ ਦੇ ਜ਼ਾਰ ਦਾ ਏਲਚੀ ਸਾਡੇ ਜ਼ਾਰ ਕੋਲ ਆਇਆ। ਉਹਨੇ ਚਾਕ ਦਾ ਇਕ ਟੋਟਾ ਫੜਿਆ ਤੇ ਤਖ਼ਤ ਦੁਆਲੇ ਇਕ ਲੀਕ ਵਾਹ ਛੱਡੀ। ਤੇ ਉਹ ਲੀਕ ਕੀ ਏ, ਕਿਸੇ ਨੂੰ ਵੀ ਨਹੀਂ ਸੁਝ ਰਿਹਾ, ਨਾ ਜ਼ਾਰ (ਨੂੰ ਤੇ ਨਾ ਹੀ ਉਹਦੇ ਕਿਸੇ ਦਰਬਾਰੀ ਨੂੰ। ਏਸ ਲਈ ਅਸੀਂ ਜ਼ਾਰ ਦਾ ਹੁਕਮ ਪਾ ਕੋਈ ਸਿਆਣਾ ਲਭ ਰਹੇ ਹਾਂ ਜਿਹੜਾ ਚਾਕ ਨਾਲ ਵਾਹੀ ਲੀਕ ਦਾ ਮਤਲਬ ਸਮਝਾ ਸਕੇ। ਜੇ ਤੂੰ ਸਮਝਾ ਸਕੇਂ, ਤਾਂ ਜ਼ਾਰ ਤੈਨੂੰ ਇਨਾਮ - ਅਕਰਾਮ ਨਾਲ ਲਦ ਦੇਵੇਗਾ।"

ਜੁਲਾਹੇ ਨੇ ਜ਼ਾਰ ਦੇ ਏਲਚੀਆਂ ਦੀ ਗਲ ਸੁਣੀ ਤੇ ਡੂੰਘੀਆਂ ਸੋਚਾਂ ਵਿਚ ਪੈ ਗਿਆ। ਫੇਰ ਉਹਨੇ ਦੋ ਸੰਖੀਆਂ ਚੁਕੀਆਂ ਜਿਹੋ ਜਿਹੀਆਂ ਨਾਲ ਮੁੰਡੇ ਖੇਡਦੇ ਨੇ, ਬੋਝੇ ਵਿਚ ਪਾ ਲਈਆਂ, ਤੇ ਇਕ ਚੂਚਾ ਫੜ ਲਿਆਉਣ ਲਈ ਬਾਹਰ ਹਾਤੇ ਵਿਚ ਨਿਕਲ ਗਿਆ।

ਵਜ਼ੀਰ ਹੈਰਾਨੀ ਨਾਲ ਇਕ ਦੂਜੇ ਵਲ ਤੱਕਣ ਲਗੇ।

"ਚੂਚਾ ਕੀ ਕਰਨਾ ਈਂ?" ਉਹਨਾਂ ਪੁਛਿਆ।

“ਇਹਦੀ ਲੋੜ ਪਏਗੀ ਮੈਨੂੰ," ਜੁਲਾਹੇ ਨੇ ਜਵਾਬ ਦਿਤਾ, ਤੇ ਫੜ ਲਿਆਂਦੇ ਚੂਚੇ ਨੂੰ ਇਕ ਟੋਕਰੀ ਵਿਚ ਪਾ ਲਿਆ।

ਇਸ ਪਿਛੋਂ ਉਹ ਜ਼ਾਰ ਦੇ ਮਹਿਲ ਵਲ ਹੋ ਪਏ।

ਜੁਲਾਹਾ ਮਹਿਲ ਵਿਚ ਵੜਿਆ, ਉਹਨੇ ਜ਼ਾਰ ਨੂੰ ਬੰਦਗੀ ਕੀਤੀ, ਤਖ਼ਤ ਦੁਆਲੇ ਵਹੀ ਚਿੱਟੀ ਚਾਕ ਦੀ ਲੀਕ ਵਲ ਤੇ ਉਸ ਆਦਮੀ ਵਲ ਨਜ਼ਰ ਮਾਰੀ, ਜਿਨ੍ਹੇ ਉਹ ਵਾਹੀ ਸੀ, ਹਸਿਆ ਤੇ ਉਹਦੇ ਸਾਹਮਣੇ ਦੋਵੇਂ ਸੰਖੀਆਂ ਸੁਟ ਦਿਤੀਆਂ।

ਦੂਜੇ ਨੇ, ਮੂੰਹੋਂ ਕੁਝ ਬੋਲੇ ਬਿਨਾਂ, ਬੋਝੇ ਵਿਚੋਂ ਬੁਕ ਬਾਜਰਾ ਕਢਿਆ ਤੇ ਫ਼ਰਸ਼ ਉਤੇ ਖਲੇਰ ਦਿਤਾ।

ਜੁਲਾਹਾ ਹੱਸ ਪਿਆ, ਉਹਨੇ ਟੋਕਰੀ ਵਿਚੋਂ ਚੂਚਾ ਕਢਿਆ ਤੇ ਖਿੰਡੇ ਪਏ ਦਾਣਿਆਂ ਉਤੇ ਛਡ ਦਿਤਾ। ਚੂਚਾ ਉਹਨਾਂ ਨੂੰ ਭੁਖਿਆਂ ਵਾਂਗ ਚੁੱਗਣ ਲਗ ਪਿਆ, ਤੇ ਛੇਤੀ ਹੀ ਫ਼ਰਸ਼ ਉਤੇ ਬਾਜਰੇ ਦਾ ਇਕ ਵੀ ਦਾਣਾ ਨਹੀਂ ਸੀ ਰਿਹਾ।

ਪ੍ਰਦੇਸੀ ਨੇ, ਮੂੰਹੋਂ ਇਕ ਵੀ ਲਫ਼ਜ਼ ਆਖੇ ਬਿਨਾਂ, ਜਾਣ ਦੀ ਕੀਤੀ।

ਜ਼ਾਰ ਤੇ ਉਹਦੇ ਦਰਬਾਰੀ ਪ੍ਰਦੇਸੀ ਤੇ ਜੁਲਾਹੇ ਨੂੰ ਵਧ ਰਹੀ ਹੈਰਾਨੀ ਨਾਲ ਵੇਖ ਰਹੇ ਸਨ। ਕਿਸੇ ਨੂੰ ਵੀ ਨਹੀਂ ਸੀ ਸੁਝ ਰਿਹਾ, ਉਹ ਦੋਵੇਂ ਕੀ ਕਰ ਰਹੇ ਸਨ।

"ਪ੍ਰਦੇਸੀ ਨੇ ਜੁ ਕੁਝ ਕੀਤਾ, ਉਹਦਾ ਕੀ ਮਤਲਬ ਸੀ?" ਜ਼ਾਰ ਨੇ ਪੁਛਿਆ।

"ਉਹ ਤੁਹਾਨੂੰ ਵਿਖਾਣਾ ਚਾਹੁੰਦਾ ਸੀ," ਜੁਲਾਹੇ ਨੇ ਜਵਾਬ ਦਿਤਾ, “ਕਿ ਉਹਦਾ ਜ਼ਾਰ ਤੁਹਾਡੇ ਦੇਸ ਦੇ ਖਿਲਾਫ਼ ਜੰਗ ਦਾ ਐਲਾਨ ਕਰਦੈ ਤੇ ਉਹਨੇ ਸਾਨੂੰ ਸਾਰਿਆਂ ਪਾਸਿਉਂ ਘੇਰ ਲੈਣੈਂ। ਉਹ ਇਹ ਵੀ ਪਤਾ ਕਰਨਾ ਚਾਹੁੰਦਾ ਸੀ, ਤੁਸੀਂ ਲੜੋਗੇ ਜਾਂ ਹਥਿਆਰ ਸੁਟ ਦਿਉਗੇ। ਤੁਹਾਡੇ ਤਖ਼ਤ ਦੁਆਲੇ ਲੀਕ ਦਾ ਮਤਲਬ ਇਹ ਜੇ।"

੧੨੯