ਪੰਨਾ:ਮਾਣਕ ਪਰਬਤ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਾਂ, ਠੀਕ ਏ," ਜ਼ਾਰ ਨੇ ਆਖਿਆ। “ਹੁਣ ਮੈਨੂੰ ਸਮਝ ਲਗ ਗਈ ਏ। ਪਰ ਮੈਨੂੰ ਅਜੇ ਵੀ ਸਮਝ ਨਹੀਂ ਲਗ ਰਹੀ, ਤੂੰ ਉਹਦੇ ਪੈਰੀਂ ਦੋ ਸੰਖੀਆਂ ਕਿਉਂ ਸੁੱਟੀਆਂ ਸਨ।"

ਜੁਲਾਹੇ ਨੇ ਆਖਿਆ:

“ਮੈਂ ਸੰਖੀਆਂ ਉਹਨੂੰ ਇਹ ਦਸਣ ਲਈ ਸੱਟੀਆਂ ਸਨ, ਅਸੀਂ ਉਹਨਾਂ ਨਾਲੋਂ ਕਿਤੇ ਤਕੜੇ ਆਂ, ਤੇ ਉਹ ਸਾਨੂੰ ਹਰਾ ਨਹੀਂ ਸਕਦੇ। ਸਿੱਧੇ ਲਫ਼ਜ਼ਾਂ 'ਚ ਜੁ ਮੈਂ ਕੀਤਾ, ਉਹਦਾ ਮਤਲਬ ਸੀ: 'ਸਾਡੇ ਮੁਕਾਬਲੇ 'ਚ ਤੁਸੀਂ ਬੱਚੇ ਹੋ, ਚੰਗਾ ਹੋਵੇ ਜੇ ਘਰੇ ਬੈਠੇ ਰਹੋ ਤੇ ਸਾਡੇ ਨਾਲ ਲੜਾਈ ਲੈਣ ਦੀ ਥਾਂ ਸੰਖੀਆਂ ਖੇਡੋ।'"

“ਹੱਛਾ!" ਜ਼ਾਰ ਨੇ ਕਿਹਾ। "ਜੁ ਤੂੰ ਕਿਹੈ, ਉਹਦੇ ਨਾਲ ਗਲ ਸਾਫ਼ ਹੋ ਜਾਂਦੀ ਏ। ਪਰ ਮੈਨੂੰ ਅਜੇ ਤਕ ਇਹ ਪਤਾ ਨਹੀਂ ਲਗਾ, ਪ੍ਰਦੇਸੀ ਨੇ ਫ਼ਰਸ਼ ਉਤੇ ਬਾਜਰੇ ਦੀ ਬੁਕ ਕਿਉਂ ਸੁੱਟੀ ਸੀ ਤੇ ਤੂੰ ਟੋਕਰੀ 'ਚੋਂ ਚੂਚਾ ਕਿਉਂ ਕਢ ਦਿਤਾ ਸੀ।"

“ਇਹ ਸਮਝਾਣਾ ਵੀ ਮੁਸ਼ਕਲ ਨਹੀਂ," ਜੁਲਾਹੇ ਨੇ ਆਖਿਆ। “ਬਾਜਰੇ ਦੀ ਬੁਕ ਫ਼ਰਸ਼ 'ਤੇ ਸੁਟ ਪ੍ਰਦੇਸੀ ਇਹ ਵਿਖਾਣਾ ਚਾਹੁੰਦਾ ਸੀ, ਉਹਦੇ ਜ਼ਾਰ ਦੀਆਂ ਫ਼ੌਜਾਂ ਦਾ ਅੰਤ - ਸ਼ੁਮਾਰ ਨਹੀਂ। ਤੇ ਮੈਂ ਸਾਰੇ ਦਾ ਸਾਰਾ ਚੁਗ ਲਏ ਜਾਣ ਲਈ ਚੂਚਾ ਇਹ ਵਿਖਾਣ ਲਈ ਛਡਿਆ ਕਿ ਜੇ ਉਹਨਾਂ ਸਾਡੇ ਨਾਲ ਲੜਾਈ ਕੀਤੀ, ਉਹਨਾਂ ਦਾ ਇਕ ਵੀ ਸਿਪਾਹੀ ਬਾਕੀ ਨਹੀਂ ਬਚਣ ਲਗਾ।"

"ਉਹਨੂੰ ਤੇਰੀ ਸਮਝ ਲਗ ਗਈ ਸੀ?"

"ਜ਼ਰੂਰ ਲਗ ਗਈ ਹੋਏਗੀ, ਏਸੇ ਲਈ ਤਾਂ ਉਹਨੇ ਕਾਹਲੀ ਨਾਲ ਜਾਣ ਦੀ ਕੀਤੀ ਸੀ।"

ਜ਼ਾਰ ਨੇ ਜੁਲਾਹੇ ਨੂੰ ਇਨਾਮ ਵਜੋਂ ਕੀਮਤੀ ਤਹੁਫ਼ੇ ਦਿਤੇ ਤੇ ਆਖਿਆ:

"ਜੁਲਾਹਿਆ, ਮੇਰੇ ਨਾਲ ਮੇਰੇ ਮਹਿਲੀਂ ਰਹਿ, ਤੇ ਤੂੰ ਮੇਰਾ ਵਡਾ ਵਜ਼ੀਰ ਹੋਵੇਂਗਾ।"

"ਨਹੀਂ," ਜੁਲਾਹੇ ਨੇ ਜਵਾਬ ਦਿਤਾ, "ਮੈਂ ਤੁਹਾਡਾ ਵਜ਼ੀਰ ਨਹੀਂ ਬਣਨਾ ਚਾਹੁੰਦਾ। ਮੇਰੇ ਕੋਲ ਕਰਨ ਵਾਲੇ ਆਪਣੇ ਕੰਮ ਨੇ।"

ਤੇ ਇਹ ਕਹਿ ਜੁਲਾਹਾ ਚਲਾ ਗਿਆ।