ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਿਉਂ ਵਾਈ ਦਿਉਆ, ਸੁੰਦਰੀ ਯੇਲੇਨਾ ਦਾ ਦੀਦਾਰ ਕਰਨਾ ਈਂ?"

"ਛਡ ਹਰਨੋਟਿਆ, ਉਹਦਾ ਦੀਦਾਰ ਮੈਨੂੰ ਕੋਣ ਕਰਨ ਦੇਣ ਲਗਾ ਏ?" ਦਿਓ ਨੇ ਜਵਾਬ ਦਿਤਾ।

"ਆਹ ਵੇਖ, ਏਥੇ ਈ ਉਹ, ਕਰ ਲੈ ਦੀਦਾਰ, ਜੇ ਚਾਹੁਣੈ ਤਾਂ," ਹਰਨੌਟੇ ਨੇ ਆਖਿਆ।

ਦਿਓ ਨੇ ਵੇਖਿਆ, ਉਹ ਸੁੰਦਰੀ ਯੇਲੇਨਾ ਦਾ ਰੂਪ ਵੇਖ ਅੰਨ੍ਹਾ ਹੋ ਗਿਆ, ਕੁਮਲਾ ਗਿਆ ਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਮਰ ਕੇ ਡਿਗ ਪਿਆ।

ਹਰਨੋਟਾ ਤੇ ਬਾਕੀ ਦੇ ਅਗੇ ਟੁਰਦੇ ਗਏ, ਤੇ ਨੌਂ ਸਿਰਾਂ ਵਾਲੇ ਦਿਓਆਂ ਦੇ ਖਾਲੀ ਘਰ ਵਿਚ ਰਾਤ ਗੁਜ਼ਾਰ, ਫੇਰ ਅਗੇ ਚਲ ਪਏ।

ਜਦੋਂ ਉਹ ਇਕ ਜੰਗਲ ਕੋਲ ਆਰਾਮ ਕਰਨ ਲਈ ਅਟਕੇ, ਉਹਨਾਂ ਪੰਜ ਮਹੀਨਿਆਂ ਦਾ ਸਫ਼ਰ ਹੋਰ ਕਰਨਾ ਸੀ।

ਰਾਤ ਵੇਲੇ ਅਚਣਚੇਤ ਹੀ ਤਿੰਨ ਕਬੂਤਰ ਉਡਦੇ ਆਏ, ਉਹ ਇਕ ਦਰਖ਼ਤ ਦੀ ਟਾਹਣੀ ਉਤੇ ਬਹਿ ਗਏ, ਤੇ ਉਹਨਾਂ ਵਿਚੋਂ ਇਕ ਕਹਿਣ ਲਗਾ:

"ਜਦੋਂ ਬੁਢੇ ਜ਼ਾਰ ਨੂੰ ਪਤਾ ਲਗਾ, ਉਹਦਾ ਪੁੱਤਰ ਸੁੰਦਰੀ ਯੇਲੇਨਾ ਨਾਲ ਆ ਰਿਹਾ ਏ, ਉਹ ਉਹਨੂੰ ਸੁਗਾਤ ਵਜੋਂ ਇਕ ਬੰਦੂਕ ਘਲੇਗਾ; ਬੰਦੂਕ ਚਲ ਪਏਗੀ ਤੇ ਸ਼ਹਿਜ਼ਾਦੇ ਨੂੰ ਮਾਰ ਦੇਵੇਗੀ। ਪਰ ਜਿਸ ਕਿਸੇ ਵੀ ਸਾਡੀ ਗਲ ਸੁਣ ਲਈ ਤੇ ਅਗੋਂ ਕਿਸੇ ਨਾਲ ਕੀਤੀ, ਉਹ ਪੱਥਰ ਹੋ ਜਾਏਗਾ ਤੇ ਮਰ ਜਾਏਗਾ।"

"ਇੰਜ ਈ ਹੋਏਗਾ!” ਬਾਕੀ ਦਿਆਂ ਦੋਵਾਂ ਕਬੂਤਰਾਂ ਨੇ ਦਹੁਰਾਇਆ।

ਦੂਜੇ ਕਬੂਤਰ ਨੇ ਆਖਿਆ:

"ਜਦੋਂ ਬੁਢੇ ਜ਼ਾਰ ਨੂੰ ਪਤਾ ਲਗਾ, ਉਹਦਾ ਪੁੱਤਰ ਨੇੜੇ ਏ, ਉਹ ਉਹਨੂੰ ਅਗੋਂ ਲੈਣ ਪਹੁੰਚੇਗਾ, ਉਹਦੇ ਲਈ ਘੋੜਾ ਲਿਆਏਗਾ, ਤੇ ਘੋੜਾ ਸ਼ਹਿਜ਼ਾਦੇ ਨੂੰ ਸੁਟ ਘੱਤੇਗਾ ਤੇ ਮਾਰ ਦੇਵੇਗਾ।

"ਇੰਜ ਈ ਹੋਏਗਾ!” ਬਾਕੀ ਦੇ ਦੋ ਕਬੂਤਰਾਂ ਨੇ ਦਹੁਰਾਇਆ ਤੇ ਕਿਹਾ:"ਪਰ ਜਿਸ ਕਿਸੇ ਵੀ ਸਾਡੀ ਗੱਲ ਸੁਣ ਲਈ ਤੇ ਅਗੋਂ ਕਿਸੇ ਨਾਲ ਕੀਤੀ, ਉਹ ਪੱਥਰ ਹੋ ਜਾਏਗਾ ਤੇ ਮਰ ਜਾਏਗਾ।”

ਤੀਜੇ ਕਬੂਤਰ ਨੇ ਆਖਿਆ:

"ਤੇ ਜਦੋਂ ਲਾੜ੍ਹਾ ਲਾੜ੍ਹੀ ਪਹੁੰਚਣਗੇ, ਕੁਲਹਿਣਾ ਦੈਂਤ ‘ਗਵੇਲੇਸ਼ਾਪੀ’ ਰਾਤੀਂ ਆਏਗਾ ਤੇ ਦੋਵਾਂ ਨੂੰ ਸੰਘੀ ਘੋਪ ਮਾਰ ਦੇਵੇਗਾ। ਪਰ ਜਿਸ ਕਿਸੇ ਵੀ ਸਾਡੀ ਗਲ ਸੁਣੀ ਤੇ ਅਗੋਂ ਕਿਸੇ ਨਾਲ ਕੀਤੀ, ਉਹ ਪਥਰ ਹੋ ਜਾਏਗਾ ਤੇ ਮਰ ਜਾਏਗਾ।”

ਤੇ ਇਹ ਕਹਿ ਕਬੂਤਰ ਉਡ ਗਏ।

ਹਰਨੋਟੇ ਨੇ ਇਹ ਸਾਰਾ ਕੁਝ ਸੁਣ ਲਿਆ, ਪਰ ਆਖਿਆ - ਦਸਿਆ ਕੁਝ ਨਾ।

ਸਵੇਰ ਹੋ ਗਈ ਤੇ ਉਹ ਸਾਰੇ ਦਿਓ ਦੇ ਛੋਟੇ ਜਿਹੇ ਘਰ ਵਿਚ ਚੜ ਬੈਠੇ ਤੇ ਆਪਣੇ ਰਾਹੇ ਪੈ ਗਏ ।

ਬੁੱਢੇ ਜ਼ਾਰ ਨੂੰ ਜਦੋਂ ਪਤਾ ਲਗਾ ਕਿ ਉਹਦਾ ਪੁੱਤਰ ਜਿਊਂਦਾ ਤੇ ਸਹੀ - ਸਲਾਮਤ ਸੀ ਤੇ ਸੁੰਦਰੀ ਯੇਲੇਨਾ ਨਾਲ ਘਰ ਆ ਰਿਹਾ ਸੀ, ਉਹਨੇ ਸ਼ਹਿਜ਼ਾਦੇ ਨੂੰ ਸੁਗਾਤ ਵਜੋਂ ਇਕ ਬੰਦੂਕ ਘੱਲੀ, ਪਰ ਇਸ ਤੋਂ ਪਹਿਲਾਂ ਸ਼ਹਿਜ਼ਾਦਾ ਉਹਨੂੰ ਛੁਹ ਵੀ ਸਕਦਾ, ਹਰਨੋਟਾ ਛੇਤੀ ਨਾਲ ਅਗੇ ਆਇਆ, ਉਹਨੇ ਬੰਦੂਕ ਖੋਹ ਲਈ ਤੇ ਦੂਰ ਸਾਰੇ ਵਗਾ ਮਾਰੀ।

੧੫੫