ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਧ — ਭਰਾ ਜਿਊਂਦਾ ਰਹੇ, ਤੈਨੂੰ ਆਪਣੇ ਪੁੱਤਰ ਦੀ ਬਲੀ ਚੜ੍ਹਾਣੀ ਪਵੇਗੀ। ਆਪਣੇ ਪੁੱਤਰ ਨੂੰ ਪੰਘੂੜੇ 'ਚ ਮਾਰ ਦੇ,ਉਹਨੂੰ ਉਬਾਲ ਲੈ ਤੇ ਪਾਣੀ ਨੂੰ ਆਪਣੇ ਦੁਧ-ਭਰਾ ਉਤੇ ਛਿੜਕ ਦੇ । ਇਹਦੇ ਨਾਲ਼ੋਂ ਉਹ ਫੇਰ ਜਿਉਂ ਪਏਗਾ।"

ਸ਼ਹਿਜ਼ਾਦੇ ਨੇ ਬੁੱਢੇ ਦਾ ਕਿਹਾ ਪੱਲੇ ਬੰਨ੍ਹ ਲਿਆ ਤੇ ਘਰ ਵਲ ਹੋ ਪਿਆ।

ਉਹਨੇ ਆਪਣੇ ਆਪ ਨੂੰ ਆਖਿਆ:

“ਬੱਚੇ ਮੇਰੇ ਕੋਲ ਹੋ ਜਾਣਗੇ, ਪਰ ਹਰਨੋਟੇ ਜਿਹਾ ਦੋਸਤ ਤੇ ਭਰਾ ਕਦੀ ਨਹੀਂ ਹੋਣ ਲਗਾ ।"

ਉਹ ਘਰ ਪਹੁੰਚਿਆ ਤੇ ਉਹਨੇ ਵੇਖਿਆ, ਉਹਦਾ ਪੁੱਤਰ ਪੰਘੂੜੇ ਵਿਚ ਲੇਟਿਆ ਹੋਇਆ ਸੀ। ਉਹਦੇ ਸੁਨਹਿਰੀ ਕੁੰਡਲ ਚਮਕ ਰਹੇ ਸਨ ਤੇ ਉਹ ਇੰਜ ਡਲਕਾਂ ਮਾਰ ਰਿਹਾ ਸੀ, ਜਿਵੇਂ ਚੰਨ ਅਸਮਾਨੀਂ!

ਸ਼ਹਿਜ਼ਾਦੇ ਨੇ ਸੁੰਦਰੀ ਯੇਲੇਨਾ ਨੂੰ ਦਸਿਆ, ਉਹਨੂੰ ਕੀ ਕਰਨ ਲਈ ਕਿਹਾ ਗਿਆ ਸੀ, ਤੇ ਉਹ ਮੰਨ ਗਈ, ਇਹ ਜ਼ਰੂਰ ਹੀ ਕੀਤਾ ਜਾਣਾ ਚਾਹੀਦਾ ਸੀ।

“ਇਸ ਲਈ ਕਿ, ਯੇਲੇਨਾ ਨੇ ਕਿਹਾ, “ਸਾਨੂੰ ਹਰਨੋਟੇ ਨੂੰ ਫੇਰ ਜਿਵਾਲਣ ਲਈ ਪੂਰੀ ਵਾਹ ਲਾਣੀ ਚਾਹੀਦੀ ਏ।”

ਉਹਨਾਂ ਸਭ ਕੁਝ ਕੀਤਾ, ਜੁ ਕੁਝ ਕਰਨ ਲਈ ਬੁੱਢੇ ਨੇ ਆਖਿਆ ਸੀ, ਤੇ ਹਰਨੋਟਾ ਹਿਲ ਪਿਆ, ਉਹਨੇ ਅੱਖਾਂ ਖੋਲ੍ਹ ਲਈਆਂ ਤੇ ਜਿਊਂ ਪਿਆ।

ਸਵੇਰੇ ਸੁੰਦਰੀ ਯੇਲੇਨਾ ਆਪਣੇ ਪੁੱਤਰ ਦੇ ਪੰਘੂੜੇ ਕੋਲ ਗਈ। ਉਹ ਮਾਂ ਸੀ ਤੇ ਉਹਦਾ ਦਿਲ ਪੁੱਤਰ ਦੇ ਸੱਲੋਂ ਪੁਛਿਆ ਜਾ ਰਿਹਾ ਸੀ, ਭਾਵੇਂ ਉਹਨੇ ਦੋਸਤੀ ਲਈ ਬਲੀ ਦੇ ਦਿਤੀ ਸੀ। ਚਾਣਚਕ ਹੀ ਪੰਘੂੜੇ ਵਿਚ ਕੁਝ ਸਰਕਿਆ। ਉਹਨੇ ਚਾਦਰਾਂ ਚੁਕੀਆਂ ਤੇ ਕੀ ਤਕਿਆ! ਉਹਦਾ ਪੁੱਤਰ, ਜਿਉਂਦਾ ਤੇ ਸਹੀ - ਸਲਾਮਤ ਲੇਟਿਆ ਹੋਇਆ ਸੀ।

ਹਰ ਕਿਸੇ ਦੀ ਖੁਸ਼ੀ ਦੀ ਹਦ ਨਾ ਰਹੀ।

ਉਹਨਾਂ ਪੰਦਰਾਂ ਭੇਡਾਂ ਵੱਢੀਆਂ ਤੇ ਉਹਨਾਂ ਨੂੰ ਸਾਬਤ ਦੀਆਂ ਸਾਬਤ ਸੀਖਾਂ ਉਤੇ ਭੁੰਨਿਆ। ਚੌਦ੍ਹਾਂ ਦਿਨ ਉਹ ਖਾਂਦੇ ਰਹੇ, ਮੌਜ ਉਡਾਂਦੇ ਰਹੇ।