ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇਕ ਲਾਲ ਸੀ, ਤੇ ਦੂਜੀ ਕਾਲੀ," ਉਬੀਰ ਨੇ ਜਵਾਬ ਦਿਤਾ।

"ਬੇਬੇ, ਲਾਲ ਤੇ ਕਾਲੀਆਂ ਲੂੰਮੜੀਆਂ ਦਾ ਕਦੀ ਵੀ ਵਸਾਹ ਨਹੀਂ ਖਾਣਾ ਚਾਹੀਦਾ,” ਲੂੰਮੜੀ ਨੇ ਆਖਿਆ। "ਉਹਨਾਂ ਜਿਹਾ ਵੀ ਝੂਠਾ ਕੋਈ ਹੁੰਦੈ। ਸਿਰਫ਼ ਸਾਡਾ, ਚਿੱਟੀਆਂ ਲੂੰਮੜੀਆਂ ਦਾ, ਅਤਬਾਰ ਕਰਨਾ ਚਾਹੀਦੈ। ਮੈਂ ਨਹੀਂ ਤੈਨੂੰ ਚਾਰਨ ਲਗੀ, ਮੈਂ ਤੇਰਾ ਹਥ ਵਟਾਵਾਂਗੀ।"

ਉਬੀਰ ਨੂੰ ਲੂੰਮੜੀ ਉਤੇ ਅਤਬਾਰ ਆ ਗਿਆ, ਤੇ ਉਹਨੂੰ ਕੁਹਾੜਾ ਫੜਾ ਉਹ ਸੌਂ ਗਈ। ਤੇ ਲੂੰਮੜੀ ਕੁਹਾੜਾ ਤੇ ਉਹ ਦੰਦ, ਜਿਹੜਾ ਉਬੀਰ ਨੇ ਸਾਣ ਬਣਾ ਕੇ ਵਰਤਿਆ ਸੀ, ਝੀਲ ਵਿਚ ਸੁਟ ਦਿਤਾ, ਛੇਤੀ - ਛੇਤੀ ਛੋਡੇ ਇਕੱਠੇ ਕਰ, ਦਰਖ਼ਤ ਵਿਚ ਪਏ ਵੱਢੇ ਵਿਚ ਟਿਕਾ ਦਿਤੇ। ਉਹਨੇ ਉਹਨਾਂ ਉਤੇ ਥੁਕਿਆ ਤੇ ਉਹਨੇ ਉਹਨਾਂ ਨੂੰ ਚਟਿਆ, ਤੇ ਉਹ ਦਰਖ਼ਤ ਨਾਲ ਪੱਕੇ ਜੁੜ ਗਏ।

ਲੂੰਮੜੀ ਨੇ ਅਲਤੀਨ — ਸਕੇ ਨੂੰ ਆਖਿਆ:

"ਅਲਤੀਨ - ਸਕੇ, ਸੁਨਹਿਰੀ ਸੰਖੀ, ਤਿੰਨ ਵਾਰੀ ਮੈਂ ਤੇਰੀ ਮਦਦ ਕੀਤੀ ਏ, ਮੈਂ ਆਪਣੀ ਜਤ ਨੂੰ ਪਹਿਲੋਂ ਕਾਲੀ ਤੇ ਫੇਰ ਚਿੱਟੀ ਮਿੱਟੀ ਨਾਲ ਲਬੇੜਿਆ, ਇਸ ਲਈ ਕਿ ਉਬੀਰ ਮੈਨੂੰ ਪਛਾਣ ਨਾ ਸਕੇ। ਮੈਂ ਤੇਰੇ ਲਈ ਹੋਰ ਕੁਝ ਨਹੀਂ ਕਰ ਸਕਦੀ।”

ਤੇ ਉਹਨੂੰ ਅਲਵਿਦਾ ਆਖ, ਉਹ ਭਜ ਗਈ।

ਛੇਤੀ ਹੀ ਪਿਛੋਂ ਉਬੀਰ ਜਾਗ ਪਈ।

"ਕੀ ਵੇਖਦੀ ਪਈ ਹਾਂ ਮੈਂ?” ਉਹ ਕੂਕੀ। "ਇੰਜ ਲਗਦੈ, ਜਿਵੇਂ ਮੈਂ ਦਰਖ਼ਤ ਨੂੰ ਹਥ ਈ ਨਾ ਲਾਇਆ ਹੋਵੇ।"

ਉਹਨੇ ਥੁਕ ਸੁੱਟੀ, ਤੇ ਇਕ ਕੁਹਾੜਾ ਆ ਗਿਆ। ਉਹਨੇ ਆਪਣਾ ਅਖ਼ੀਰੀ ਦੰਦ ਪੁਟਿਆ ਤੇ ਕੁਹਾੜੇ ਨੂੰ ਲਾਣ ਲਗ ਪਈ, ਤੇ ਜਦੋਂ ਉਹ ਤੇਜ਼ ਹੋ ਗਿਆ, ਸ਼ਾਹ ਬਲੂਤ ਦੇ ਦਰਖ਼ਤ ਨੂੰ ਵੱਢਣ ਲਗ ਪਈ ਆਪਣੇ ਲਗੀ ਇਹ ਬੁੜਬੁੜਾਂਦੀ ਗਈ:

"ਹੁਣ ਮੈਂ ਹੋਰ ਕਿਸੇ ਤੋਂ ਮਦਦ ਨਹੀਂ ਲੈਣੀ! ਮੈਂ ਕੱਲਿਆਂ ਈ ਸਾਰ ਲਾਂਗੀ।"

ਛੋਡੇ ਸਭਨਾਂ ਪਾਸੋਂ ਉਡੱਣ ਲਗ ਪਏ, ਤੇ ਸ਼ਾਹ ਬਲੂਤ ਝੂਲਣ ਤੇ ਕਿੜ-ਕਿੜ ਕਰਨ ਲਗ ਪਿਆ ਤੇ ਇੰਜ ਜਾਪਣ ਲਗਾ ਜਿਵੇਂ ਢਹਿ ਪਵੇਗਾ।

ਅਲਤੀਨ - ਸਕਾ ਉਥੇ ਬੈਠਾ ਸੀ, ਤੇ ਉਹਨੂੰ ਦਿਸ ਰਿਹਾ ਸੀ ਕਿ ਉਬੀਰ ਉਹਨੂੰ ਹੁਣ ਸਚੀ ਮੁਚੀ ਹੀ ਕਾਬੂ ਕਰ ਲਵੇਗੀ।

"ਹੁਣ ਕਰਾਂ ਤੇ ਕੀ ਕਰਾਂ?' ਉਹਨੇ ਆਪਣੇ ਤੋਂ ਪੁਛਿਆ।

ਚਾਣਚਕ ਹੀ ਇਕ ਕੋਗੜ — ਕਾਂ ਉਡਦਾ ਆ ਨਿਕਲਿਆ ਤੇ ਸ਼ਾਹ ਬਲੂਤ ਦੇ ਦਰਖ਼ਤ ਦੀ ਟੀਸੀ ਉਤੇ ਆ ਬੈਠਾ |

"ਗਲ ਸੁਣ, ਕੋਗੜ — ਕਾਵਾਂ, ਗਲ ਸੁਣ, ਮੇਰੇ ਚੰਗੇ ਦੋਸਤਾ!” ਅਲਤੀਨ - ਸਕੇ ਨੇ ਮਿੰਨਤ ਕੀਤੀ।"ਤੂੰ ਹਰ ਥਾਂ ਉਡ ਪਹੁੰਚਣੈ ਤੇ ਤੂੰ ਹਰ ਥਾਂ ਜਾਣੈ। ਉਡ ਕੇ ਸਾਡੇ ਨਵੇਂ ਡੇਰੇ 'ਤੇ ਜਾ, ਮੇਰੇ ਦੋਵਾਂ ਕੁਤਿਆਂ, ਅਕੂਲਾਕ ਤੇ ਅਕਤੀਰਨਾਕ, ਨੂੰ ਲਭ ਲੈ, ਤੇ ਉਹਨਾਂ ਨੂੰ ਆਖ ਛੇਤੀ ਨਾਲ ਆ ਜਾਣ, ਮੈਨੂੰ ਉਹਨਾਂ ਦੀ ਮਦਦ ਚਾਹੀਦੀ ਏ।"

"ਮੈਂ ਨਹੀਂ ਜਾਣ ਲਗਾ!" ਕੋਗੜ - ਕਾਂ ਨੇ ਜਵਾਬ ਦਿਤਾ। "ਉਮੀਦ ਏ, ਉਬੀਰ ਤੈਨੂੰ ਫੜ ਲਏਗੀ, ਤੇ ਫੇਰ ਮੈਨੂੰ ਵੀ ਸ਼ਿਕਾਰ ਦਾ ਹਿੱਸਾ ਮਿਲ ਜਾਏਗਾ।"

੧੬੯