ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚ ਜਾਵੇ, ਉਹ ਇਕ ਚੌੜੇ ਰਾਹ ਤੇ ਅਪੜੇਗਾ। ਇਹ ਰਾਹ ਦੱਖਣ ਵਲ ਜਾਂਦੈ। ਜੇ ਉਹ ਇਸ ਰਾਹੇ ਮਹੀਨਾ ਭਰ ਟੁਰਦਾ ਜਾਵੇ, ਉਹਨੂੰ ਆਪਣੇ ਪੂਰਬ ਵਲ ਇਕ ਬਹੁਤ ਵਡਾ ਸੰਘਣਾ ਜੰਗਲ ਦਿੱਸੇਗਾ। ਰਾਹ ਤੋਂ ਦੋ ਪਹੀਆਂ ਵਾਲਾ ਇਕ ਪਿਹਾ ਜੰਗਲ ਵਲ ਜਾਂਦੈ। ਓਥੇ ਰਾਹ ਖ਼ਤਮ ਹੋ ਜਾਂਦੈ। ਉਸ ਤੋਂ ਅਗੇ ਕੀ ਏ,ਮੈਨੂੰ ਪਤਾ ਨਹੀਂ।”

ਤੇ ਇਹ ਆਖ, ਕੇਕੜਾ ਰੀਂਗਦਾ — ਰੀਂਗਦਾ ਆਪਣੀ ਝੀਲ ਵਲ ਚਲਾ ਗਿਆ।

"ਤੇ ਹਾਂ, ਬਹਾਦਰ ਤੀਰਅੰਦਾਜ਼ਾ, ਸੁਣਿਆ ਸਾਈ, ਜੁ ਕੇਕੜਿਆਂ ਦੇ ਖਾਨ ਨੇ ਕਿਹਾ ਸੀ?" ਨਿੱਕੇ ਜਿਹੇ ਕਦ ਵਾਲੀ ਔਰਤ ਨੇ ਪੁਛਿਆ।

"ਸੁਣਿਆ ਸੀ," ਤੀਰਅੰਦਾਜ਼ ਨੇ ਜਵਾਬ ਦਿਤਾ।

"ਤਾਂ ਤੈਨੂੰ ਆਪਣੇ ਰਾਹੇ ਚਲ ਪੈਣਾ ਚਾਹੀਦੈ। ਸ਼ਾਇਦ ਜੁ ਤੂੰ ਢੂੰਡ ਰਿਹੈਂ, ਤੈਨੂੰ ਲਭ ਪਵੇ। ਇਹਦਾ ਹੋਰ ਕਿਸੇ ਨੂੰ ਕੁਝ ਵੀ ਪਤਾ ਨਹੀਂ। ਹੁਣ ਤੋਂ ਤੈਨੂੰ ਆਪਣਾ ਖ਼ਿਆਲ ਆਪ ਰਖਣਾ ਪਵੇਗਾ!"

ਉਹਨੇ ਤੀਰਅੰਦਾਜ਼ ਨੂੰ ਖਾਣ - ਪੀਣ ਦੀਆਂ ਚੀਜ਼ਾਂ ਦਿਤੀਆਂ, ਤਿਆਰੀ ਵਿਚ ਉਹਦਾ ਹਥ ਵਟਾਇਆ, ਤੇ ਤੀਰਅੰਦਾਜ਼ ਉਸ ਤੋਂ ਵਿਦਾ ਹੋ, ਆਪਣੇ ਸਫ਼ਰ ਉਤੇ ਟੁਰ ਪਿਆ।

ਉਹ ਦਿਨ ਪਿਛੋਂ ਦਿਨ, ਅਗੇ ਹੀ ਅਗੇ ਟੁਰਦਾ ਗਿਆ, ਕਦੀ ਇਕ ਪਲ ਤਕ ਨਹੀਂ ਅਟਕਿਆ ਜਦੋਂ ਅਖ਼ੀਰ ਸਮੁੰਦਰ ਕੋਲ ਪਹੁੰਚਿਆ, ਉਹਨੂੰ ਪੂਰਾ ਮਹੀਨਾ ਹੋ ਗਿਆ ਸੀ। ਉਹਨੇ ਉਹਦੇ ਪਾਰ ਵਲ ਝਾਤ ਮਾਰੀ ਤੇ ਇਹ ਮਹਿਸੂਸ ਕਰਦਿਆਂ, ਉਹਨੂੰ ਉਹ ਕਦੀ ਵੀ ਪਾਰ ਨਹੀਂ ਕਰ ਸਕੇਗਾ, ਉਹ ਪੱਛਮ ਵਲ ਹੋ ਪਿਆ ਤੇ ਕੰਢੇ ਦੇ ਨਾਲ - ਨਾਲ ਟੁਰਨ ਲਗ ਪਿਆ। ਮਹੀਨੇ ਭਰ ਦੇ ਸਫ਼ਰ ਪਿਛੋਂ ਉਹ ਇਕ ਪੱਤਣ ਕੋਲ ਪਹੁੰਚਿਆ, ਉਹਨੇ ਸਮੁੰਦਰ ਪਾਰ ਕੀਤਾ ਤੇ ਪਾਰਲੇ ਕੰਢੇ ਵਾਲਾ ਚੌੜਾ ਰਾਹ ਲਭਿਆ ਤੇ ਉਹਦੇ ਉਤੇ ਇਕ ਮਹੀਨਾ ਹੋਰ ਟੁਰਦਾ ਰਿਹਾ। ਅਖ਼ੀਰ ਉਹਨੂੰ ਆਪਣੇ ਸੱਜੇ ਹਥ ਇਕ ਬਹੁਤ ਵਡਾ, ਸੰਘਣਾ ਜੰਗਲ ਦਿਸਿਆ ਤੇ ਉਹ ਇਕ ਪਲ ਵੀ ਅਟਕਿਆਂ ਬਿਨਾਂ, ਉਸ ਪਾਸੇ ਟੁਰ ਪਿਆ, ਤੇ ਅਖ਼ੀਰ ਉਹ ਇਕ ਚੌੜੇ, ਦੋ ਪਹੀਆਂ ਵਾਲੇ ਪਹੇ 'ਤੇ ਅੱਪੜ ਪਿਆ। ਉਹ ਰਾਹ ਤੋਂ ਮੁੜ ਗਿਆ ਤੇ ਪਹੇ ਉਤੇ ਪੈ ਗਿਆ, ਤੇ ਜਦੋਂ ਛੇਕੜ ਉਹ ਜੰਗਲ ਤਕ ਪਹੁੰਚਿਆਂ, ਤਿੰਨ ਦਿਨ ਤੇ ਤਿੰਨ ਰਾਤਾਂ ਲੰਘ ਚੁਕੀਆਂ ਸਨ।

ਉਹ ਜੰਗਲ ਵਿਚ ਵੜ ਗਿਆ ਤੇ ਉਹਨੇ ਤਕਿਆ, ਦੋ ਪਹੀਆਂ ਵਾਲਾ ਪਿਹਾ ਦਰਖ਼ਤਾਂ ਵਿਚੋਂ ਦੀ ਹੁੰਦਾ ਜਾ ਰਿਹਾ ਸੀ। ਉਹ ਉਹਦੇ ਨਾਲ - ਨਾਲ ਟੁਰਦਾ ਗਿਆ ਜਦੋਂ ਤਕ ਕਿ ਉਹ ਇਕ ਪਾਰ ਨਾ ਕੀਤੇ ਜਾ ਸਕਣ ਵਾਲੇ ਝਾੜ ਕੋਲ ਆ ਇਕਦਮ ਹੀ ਗ਼ਾਇਬ ਨਾ ਹੋ ਗਿਆ। ਫੇਰ ਤੀਰਅੰਦਾਜ਼ ਝਾੜ ਵਿਚੋਂ ਆਪਣਾ ਰਾਹ ਲੱਭਣ ਲਗਾ। ਓਥੋਂ ਦੇ ਦਰਖ਼ਤ ਲੰਮੇ ਤੇ ਹਨੇਰੇ ਸਨ, ਉਹਨਾਂ ਆਪਣੀਆਂ ਟਾਹਣੀਆਂ ਨਾਲ ਅਸਮਾਨ ਇਸ ਤਰ੍ਹਾਂ ਕਜਿਆ ਹੋਇਆ ਸੀ ਕਿ ਸੂਰਜ ਦੀ ਇਕ ਵੀ ਕਿਰਨ ਜਾਂ ਚਾਨਣ ਦੀ ਝਲਕ ਅੰਦਰ ਨਹੀਂ ਸੀ ਆਉਂਦੀ। ਕਿਸੇ ਥਾਂ ਵੀ ਕੋਈ ਡੰਡੀ ਜਾਂਦੀ ਨਹੀਂ ਸੀ ਦਿਸਦੀ: ਨਾ ਅਗੇ ਵਲ, ਨਾ ਹੀ ਸੱਜੇ ਹਥ, ਨਾ ਹੀ ਖੱਬੇ ਹਥ। ਤੀਰਅੰਦਾਜ਼ ਅਟਕ ਗਿਆ ਤੇ ਆਪਣੇ ਆਪ ਨੂੰ ਕਹਿਣ ਲਗਾ:

"ਕਰਾਂ ਤੇ ਕੀ ਕਰਾਂ? ਮੈਂ ਏਨੀ ਦੂਰ ਆ ਗਿਆ ਹੋਇਆਂ ਕਿ ਹੁਣ ਵਾਪਸ ਨਹੀਂ ਜਾ ਸਕਦਾ।”

ਉਹਨੇ ਚੁਪਾਸੀਂ ਨਜ਼ਰ ਮਾਰੀ ਤੇ ਅਚਣਚੇਤੀ ਹੀ ਉਹਨੂੰ ਜ਼ਮੀਨ ਵਿਚ ਇਕ ਮੋਰਾ ਦਿਸਿਆ। ਉਹ ਮੋਰੇ ਵਿਚ ਉਤਰ ਗਿਆ, ਤੇ ਜਦੋਂ ਉਹਨੇ ਵੇਖਿਆ, ਉਹ ਇਕ ਜ਼ਮੀਨ ਹੇਠਾਂ ਬਣੇ ਹੋਏ ਲਾਂਘੇ ਵਿਚ ਖਲੋਤਾ ਸੀ, ਉਹਨੇ ਰਾਹ ਟੋਹ - ਟੋਹ ਅਗੇ ਜਾਣਾ ਸ਼ੁਰੂ ਕੀਤਾ। ਉਹ ਅਗੇ ਹੀ ਅਗੇ ਟੁਰਦਾ ਗਿਆ ਤੇ ਅਖ਼ੀਰ ਇਕ

੧੮੩