ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੁੱਗੀ ਕੋਲ ਪਹੁੰਚਿਆ, ਜਿਹੜੀ ਮਿੱਟੀ ਵਿਚੋਂ ਪੁੱਟੀ ਹੋਈ ਸੀ। ਉਹ ਝੁੱਗੀ ਵਿਚ ਵੜ ਗਿਆ ਤੇ ਚੁਪਾਸੀਂ ਵੇਖਣ ਲਗਾ, ਪਰ ਓਥੇ ਕੋਈ ਵੀ ਨਹੀਂ ਸੀ। ਉਹਨੇ ਕੰਨ ਲਾਏ, ਪਰ ਉਹਨੂੰ ਕੋਈ ਆਵਾਜ਼ ਨਾ ਸੁਣੀਤੀ। ਪਰ ਤਾਂ ਵੀ ਉਹਨੂੰ ਦਿਸ ਰਿਹਾ ਸੀ, ਕੋਈ ਨਾ ਕੋਈ ਉਸ ਥਾਂ 'ਤੇ ਆਉਂਦਾ ਰਹਿੰਦਾ ਸੀ।

"ਪਤਾ ਨਹੀਂ ਕੌਣ ਰਹਿੰਦੈ ਏਥੇ," ਤੀਰਅੰਦਾਜ਼ ਨੇ ਸੋਚਿਆ, ਪਰ ਮੈਨੂੰ ਧਿਆਨ ਰੱਖਣਾ ਚਾਹੀਦੈ, ਮਤੇ ਐਵੇਂ ਫਸ - ਫਸਾ ਨਾ ਜਾਵਾਂ।"

ਤੇ ਕੰਧ ਵਿਚ ਇਕ ਡੂੰਘੀ ਮਹਿਰਾਬ ਵੇਖ, ਉਹ ਰੀਂਗ ਉਹਦੇ ਵਿਚ ਫੜ ਗਿਆ ਤੇ ਇਕਦਮ ਡੂੰਘੀ ਨੀਂਦਰੇ ਸੌਂ ਗਿਆ।

ਸੁਤਿਆਂ - ਸੁਤਿਆਂ ਉਹਨੇ ਗੱਡੇ ਦੇ ਪਹੀਆਂ ਦੀ ਖੜ - ਖੜ ਸੁਣੀ, ਤੇ ਆਵਾਜ਼ ਏਨੀ ਉਚੀ ਸੀ ਕਿ ਉਹਨੂੰ ਪਤਾ ਲਗ ਗਿਆ, ਇਹ ਗੱਡਾ ਕੋਈ ਆਮ ਗੱਡਾ ਨਹੀਂ ਸੀ।

ਉਹਨੇ ਆਪਣੇ ਆਪ ਨੂੰ, ਜਿੰਨੀ ਵੀ ਚੰਗੀ ਤਰ੍ਹਾਂ ਲੁਕਾਇਆ ਜਾ ਸਕਦਾ ਸੀ, ਲੁਕਾ ਲਿਆ, ਉਹ ਇਹ ਸੋਚਦਾ,"ਖਬਰੇ, ਹੁਣ ਕੀ ਹੋਵੇਗਾ, ਚੂਹੇ ਵਾਂਗ ਅਡੋਲ ਹੋ ਪੈ ਗਿਆ।

ਪਹਿਲੋਂ ਉਹਨੇ ਸੁਣਿਆ, ਗੱਡਾ ਝੁੱਗੀ ਦੇ ਬੂਹੇ ਸਾਹਮਣੇ ਆ ਖਲੋਤਾ ਸੀ, ਤੇ ਫੇਰ ਬਹੁਤ ਹੀ ਡਰਾਉਣੇ ਮੂੰਹ - ਸੁਹਾਂਦਰੇ ਵਾਲਾ ਇਕ ਨੌਜਵਾਨ ਦਿਓ ਅੰਦਰ ਆਣ ਵੜਿਆ। ਉਹਨੇ ਵਧੀਆ ਕਪੜੇ ਪਾਏ ਹੋਏ ਸਨ, ਤੇ ਉਹਦੀ ਪੇਟੀ ਤੋਂ ਕੀਮਤੀ ਹਥਿਆਰ ਲਮਕ ਰਹੇ ਸਨ। ਦਿਓ ਨੇ ਆਪਣੇ ਹਥਿਆਰ ਲਾਹ ਲਏ ਤੇ ਉਹਨਾਂ ਨੂੰ ਕੰਧ ਉਤੇ ਟੰਗ ਦਿਤਾ, ਫੇਰ ਉਹਨੇ ਆਪਣੇ ਕਪੜੇ ਲਾਹ ਲਏ ਤੇ ਉਹਨਾਂ ਨੂੰ ਸਾਹਮਣੀ ਕੰਧ ਉਤੇ ਟੰਗ ਦਿਤਾ। ਉਸ ਪਿਛੋਂ ਉਹ ਚੌਕੜੀ ਮਾਰ ਕੇ ਬਹਿ ਤੇ ਬੋਲਿਆ:

"ਆ, ਮੁਰਜ਼ਿਆ, ਭੁੱਖ ਲਗੀ ਏ ਮੈਨੂੰ!"

"ਉਹਦੇ ਮੂੰਹੋਂ ਲਫ਼ਜ਼ ਨਿਕਲੇ ਹੀ ਸਨ ਕਿ ਉਹਦੇ ਸਾਹਮਣੇ ਪੀਲੇ ਫੁੱਲਾਂ ਵਾਲਾ ਇਕ ਮੇਜ਼ਪੋਸ਼ ਵਿਛ ਗਿਆ, ਤੇ ਉਹਦੇ ਉਪਰ ਵਧੀਆ ਤੋਂ ਵਧੀਆ ਪਕਵਾਨ ਤੇ ਸ਼ਰਾਬਾਂ ਤੇ ਚੋਣਵੇਂ ਤੋਂ ਚੋਣਵੇਂ ਫਲ, ਹਰ ਚੀਜ਼ ਜਿਹੜੀ ਸੁਆਦ ਦੇਣ ਵਾਲੀ ਸੀ ਤੇ ਦਿਲ ਨੂੰ ਖੁਸ਼ ਕਰਨ ਵਾਲੀ, ਪਰੋਸੀ ਗਈ।

"ਦਿਓ ਨੇ ਢਿਡ ਭਰ ਕੇ ਖਾ - ਪੀ ਲਿਆ ਤੇ ਫੇਰ ਬੋਲਿਆ:

"ਆ, ਮਰਜ਼ਿਆ, ਲੈ ਜਾ ਚੁਕ ਕੇ!"

ਤੇ ਇਕਦਮ ਹੀ ਪੀਲੇ ਫੁੱਲਾਂ ਵਾਲਾ ਮੇਜ਼ਪੋਸ਼, ਸਮੇਤ ਆਪਣੀਆਂ ਤਸ਼ਤਰੀਆਂ, ਜੱਗਾਂ ਤੇ ਪਿਆਲਿਆਂ ਦੇ, ਦੁਨੀਆਂ ਵਿਚੋਂ ਇੰਜ ਗਾਇਬ ਹੋ ਗਿਆ, ਜਿਵੇਂ ਕਿਤੇ ਪੰਘਰ ਹੀ ਗਿਆ ਹੋਵੇ।

ਦਿਓ ਨੇ ਆਪਣੇ ਕਪੜੇ ਪਾ ਲਏ, ਆਪਣੇ ਹਥਿਆਰ ਫੜੇ ਤੇ ਜ਼ਮੀਨ - ਹੇਠਲੀ ਝੁੱਗੀ ਵਿਚੋਂ ਨਿਕਲ ਗਿਆ। ਇਕਦਮ ਹੀ ਦੂਰ-ਮੁਕਦੀ ਗੱਡੇ ਦੇ ਪਹੀਆਂ ਦੀ ਗੜ - ਗੜ ਤੇ ਖੜ-ਖੜ ਸੁਣੀਤੀ: ਦਿਓ ਜਾ ਚੁੱਕਾ ਸੀ।

"ਤੀਰਅੰਦਾਜ਼ ਉਸ ਥਾਂ ਤੋਂ ਰੀਂਗ ਬਾਹਰ ਆਇਆ, ਜਿਥੇ ਉਹ ਲੁੱਕਾ ਹੋਇਆ ਸੀ, ਤੇ ਉਹਨੇ ਦੁਆਲੇ ਵੇਖਿਆ, ਪਰ ਉਹਨੂੰ ਨਾ ਕੋਈ ਚੀਜ਼ ਦਿੱਸੀ ਤੇ ਨਾ ਕੋਈ ਬੰਦਾ। ਉਹ ਖਲੋਤਾ ਰਿਹਾ, ਹੈਰਾਨ ਹੁੰਦਾ ਤੇ ਦਿਲ ਹੀ ਦਿਲ ਵਿਚ ਇਹ ਸੋਚਦਾ:

"ਇਹ ਦਿਓ ਕੌਣ ਸੀ, ਜਿਹੜਾ ਏਥੇ ਆਪਣੇ ਗੱਡੇ 'ਚ ਆਇਆ? ਤੇ ਉਹ ਕੋਣ ਸੀ, ਜਿਨ੍ਹੇ ਉਹਦੇ ਅਗੇ ਉਹ ਸਾਰੇ ਵਧੀਆ ਪਕਵਾਨ ਪਰੋਸੇ? ਤੇ ਜਿਹੜਾ ਖਾਣਾ ਉਹਨੇ ਛੂਹਿਆ ਨਹੀਂ ਸੀ, ਉਹ ਗਾਇਬ ਕਿਥੇ ਹੋ ਗਿਆ? ਮੈਂ ਵੀ ਉਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਵੇਖਾਂ, ਜੁ ਉਹਨੇ ਕੀਤਾ ਸੀ।

੧੮੪