ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਲਚੀ ਡਰ ਗਏ। ਉਹ ਭੱਜੇ-ਭੱਜੇ ਜ਼ਾਰਕਿਨ ਖਾਨ ਕੋਲ ਗਏ ਤੇ ਉਹਨੂੰ ਸਾਰਾ ਕੁਝ ਦਸ ਦਿਤਾ, ਜੋ ਉਹਨਾਂ ਵੇਖਿਆ ਤੇ ਸੁਣਿਆ ਸੀ। ਪਰ ਜ਼ਾਰਕਿਨ ਖਾਨ ਨੂੰ ਵੱਟ ਚੜ ਗਿਆ ਤੇ ਉਹ ਉਚੀ-ਉਚੀ ਤੇ ਗੁੱਸੇ ਨਾਲ ਉਹਨਾਂ ਨੂੰ ਝਿੜਕਣ ਲਗ ਪਿਆ।

" ਮੈਂ ਤੁਹਾਨੂੰ ਮੁਹਾਫ਼ਜ਼ਾਂ ਨਾਲ ਗਲ ਕਰਨ ਨਹੀਂ ਸੀ ਭੇਜਿਆ" ਉਹ ਕਹਿਣ ਲਗਾ। "ਮੈਂ ਤੁਹਾਨੂੰ ਉਹਨਾਂ ਦੇ ਵਾਲੀ ਤੇ ਮਾਲਕ ਨੂੰ ਲਿਆਉਣ ਲਈ ਭੇਜਿਆ ਸੀ।"

ਤੇ ਉਹਨੇ ਦੋਵਾਂ ਏਲਚੀਆਂ ਨੂੰ ਸਖ਼ਤ ਸਜ਼ਾ ਦਿਤੇ ਜਾਣ ਦਾ ਹੁਕਮ ਦੇ ਆਪਣੇ ਦੋ ਸਭ ਤੋਂ ਚੰਗੇ ਸਿਪਾਹੀ, ਦੋਵੇਂ ਦੇ ਦੋਵੇਂ ਉਚੇ-ਲੰਮੇ ਜਵਾਨ, ਬੁਲਾਏ ਤੇ ਉਹਨਾਂ ਨੂੰ ਕਹਿਣ ਲਗਾ।

"ਓਸ ਮਹਿਲ ਦੇ ਮਾਲਕ ਨੂੰ ਫੜ ਲਵੋ ਤੇ ਉਹਨੂੰ ਧਰੀਕ ਕੇ ਮੇਰੇ ਕੋਲ ਲੈ ਆਓ!"

ਖਾਨ ਦੇ ਦੋਵੇਂ ਸਿਪਾਹੀ ਮਹਿਲ ਕੋਲ ਆਏ ਤੇ ਉਹਨਾਂ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਮੁਹਾਫ਼ਜ਼ਾਂ ਨੇ ਉਹਨਾਂ ਨੂੰ ਪਰ੍ਹਾਂ ਧਕ ਦਿਤਾ।

"ਕੌਣ ਹੋ ਤੁਸੀਂ? ਜੇ ਜਾਨ ਚਾਹੀਦੀ ਜੇ, ਤਾਂ ਪਿੱਛੇ ਰਹੋ!" ਉਹਨਾਂ ਕੜਕਾ ਮਾਰਿਆ।

ਜ਼ਾਰਕਿਨ ਖਾਨ ਦੇ ਦੋਵਾਂ ਸਿਪਾਹੀਆਂ ਨੇ ਆਖਿਆ:

"ਸਾਨੂੰ ਇਸ ਲਈ ਨਹੀਂ ਸੀ ਘਲਿਆ ਗਿਆ, ਤੁਹਾਡੇ ਨਾਲ ਗਲਾਂ ਕਰੀਏ। ਸਾਨੂੰ ਇਸ ਮਹਿਲ ਦੇ ਮਾਲਕ ਨੂੰ ਫੜਨ ਤੇ ਉਹਨੂੰ ਆਪਣੇ ਖਾਨ ਅਗੇ ਪੇਸ਼ ਕਰਨ ਲਈ ਭੇਜਿਆ ਗਿਆ ਸੀ।"

ਤੇ ਉਹਨਾਂ ਫੇਰ ਮਹਿਲ ਵਿਚ ਧਕ ਵੜਨ ਦੀ ਕੋਸ਼ਿਸ਼ ਕੀਤੀ। ਪਰ ਮੁਹਾਫ਼ਜ਼ਾਂ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਨੂੰ ਕੁੱਟਣ ਤੇ ਫੰਡਣ ਲਗ ਪਏ।

"ਤੁਹਾਡਾ ਖਾਨ ਸਾਡੇ ਲਈ ਕੁਝ ਨਹੀਂ!' ਉਹ ਕੜਕੇ। "ਅਸੀਂ ਨਾ ਉਹਨੂੰ ਜਾਣਨੇ ਹਾਂ, ਨਾ ਜਾਣਨਾ ਚਾਹੁਣੇ ਹਾਂ।"

ਤੇ ਖਾਨ ਦੇ ਸਿਪਾਹੀਆਂ ਨੂੰ ਕੁਟਾਪਾ ਚਾੜ੍ਹ ਉਹਨਾਂ ਹਿਕ ਕਢਿਆ।

ਸਿਪਾਹੀ, ਲੰਙਾਂਦੇ ਤੇ ਕਰਾਂਹਦੇ, ਆਪਣੇ ਆਪ ਨੂੰ ਘੜੀਸਦੇ ਜ਼ਾਰਕਿਨ ਖਾਨ ਦੀ ਹਜੂਰੀ ਵਿਚ ਲੈ ਗਏ।

"ਮੁਹਾਫ਼ਜ਼ਾਂ ਨੇ ਸਾਨੂੰ ਮਹਿਲ 'ਚ ਨਹੀਂ ਵੜਨ ਦਿਤਾ, ਉਹ ਕੂਕਣ ਲਗੇ। "ਅਸੀਂ ਉਹਨਾਂ ਦਾ ਮੁਕਾਬਲਾ ਨਾ ਕਰ ਸਕੇ। ਸਾਡੇ 'ਚ ਉਹਨਾਂ ਤੋਂ ਅੱਧੀ ਤਾਕਤ ਵੀ ਨਹੀਂ।"

ਇਹ ਸੁਣ, ਜ਼ਾਰਕਿਨ ਖਾਨ ਨੇ ਸਲਾਹ ਕਰਨ ਲਈ ਆਪਣੇ ‘ਦਰਖਾਨਾਂ' ਨੂੰ ਸਦਿਆ।

" ਬੋਲੋ ਤੇ ਮੈਨੂੰ ਦੱਸੋ, ਅਸੀਂ ਕੀ ਕਰੀਏ," ਉਹਨੇ ਆਖਿਆ। "ਇਕ ਤਾਕਤਵਰ ਮਹਿਲ ਚ ਮਜ਼ਬੂਤ ਹੋ ਕੇ ਬਹਿ ਗਿਐ।"

'ਦਰਖਾਨਾਂ' ਨੇ ਆਖਿਆ:

"ਆਪਣੀ ਫ਼ੌਜ ਚਾੜ੍ਹ ਦਿਓ ਸੂ।"

ਤੇ ਜ਼ਾਰਕਿਨ ਖਾਨ ਨੇ ਇਕਦਮ ਹੁਕਮ ਦਿਤਾ ਕਿ ਉਹਦੀ ਫ਼ੌਜ ਇਕੱਠੀ ਕੀਤੀ ਜਾਵੇ ਤੇ ਉਹਦੇ ਸਾਹਮਣੇ ਲਿਆਂਦੀ ਜਾਵੇ।

"ਹਰ ਆਦਮੀ ਆ ਜਾਵੇ, ਭਾਵੇਂ ਉਹ ਆਪਣੇ ਆਪ ਨੂੰ ਘੋੜੇ ਦੀ ਪਿਠ ਉਤੇ ਬਿਠਾ ਸਕਣ ਜੋਗਾ ਈ ਹੋਵੇ!" ਉਹਨੇ ਆਖਿਆ। ਤੇ ਜਿੰਨੀ ਛੇਤੀ ਆਵੇ, ਓਨਾ ਈ ਚੰਗਾ ਏ।"

੧੯੩