ਪੰਨਾ:ਮਾਣਕ ਪਰਬਤ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਕੁਹਾੜੇ ਦਾ ਦਲੀਆ? ਕਦੀ ਸੁਣਿਆ ਨਹੀਂ ਕਿਸੇ!"

"ਮੈਂ ਤੈਨੂੰ ਬਣਾ ਕੇ ਵਿਖਾਨਾਂ। ਬਸ ਮੈਨੂੰ ਇਕ ਤਾਂਬੀਆ ਦੇ ਦੇ।"

ਬੁੱਢੀ ਤਾਂਬੀਆ ਲੈ ਆਈ, ਤੇ ਫ਼ੌਜੀ ਨੇ ਕੁਹਾੜੇ ਨੂੰ ਧੋਤਾ, ਉਹਨੂੰ ਤਾਂਬੀਏ ਵਿਚ ਰਖਿਆ, ਤੇ ਤਾਂਬੀਏ ਨੂੰ ਪਾਣੀ ਨਾਲ ਭਰ ਕੇ ਚੁਲ੍ਹੇ ਉਤੇ ਚੜ੍ਹਾ ਦਿਤਾ।

ਬੁੱਢੀ ਨੇ ਫ਼ੌਜੀ ਉਤੇ ਟਕ ਲਾਈ ਰਖੀ, ਆਪਣੀ ਨਜ਼ਰ ਉਹਦੇ ਉਤੋਂ ਏਧਰ-ਓਧਰ ਨਾ ਹੋਣ ਦਿੱਤੀ।

ਫ਼ੌਜੀ ਨੇ ਇਕ ਕੜਛੀ ਕੱਢੀ ਤੇ ਪਾਣੀ ਨੂੰ ਹਿਲਾਇਆ ਤੇ ਫੇਰ ਉਹਨੂੰ ਚਖਿਆ।

"ਤਿਆਰ ਹੋ ਚਲਿਐ ਬਸ," ਉਹਨੇ ਆਖਿਆ। "ਜੇ ਰਤਾ ਕੁ ਲੂਣ ਲਭ ਪਏ ਨਾ।

"ਹਾਂ, ਲੂਣ ਮੇਰੇ ਕੋਲ ਹੈਗਾ। ਐਹ ਵੇ ਖਾਂ, ਪਾ ਲੈ।"

ਫ਼ੌਜੀ ਨੇ ਪਾਣੀ ਵਿਚ ਕੁਝ ਲੂਣ ਪਇਆ ਤੇ ਇਕ ਵਾਰੀ ਫੇਰ ਚਖਿਆ।

"ਜੇ ਕਦੀ ਮੁਠ ਕੇ ਦਾਣੇ ਪਾ ਸਕਦੇ ਨਾ," ਉਹਨੇ ਆਖਿਆ।

ਬੁੱਢੀ ਰਸਦ ਵਾਲੀ ਥਾਂ ਤੋਂ ਦਾਣਿਆਂ ਦੀ ਇਕ ਗੁੱਥੀ ਚੁਕ ਲਿਆਈ।

"ਐਹ ਲੈ, ਜਿੰਨੀ ਮਰਜ਼ੀ ਆ ਪਾ ਲੈ," ਬੁੱਢੀ ਨੇ ਕਿਹਾ।

ਫ਼ੌਜੀ ਨੇ ਚਾੜ੍ਹਨ ਤੇ ਚਾੜ੍ਹੇ ਨੂੰ ਹਿਲਾਣ ਤੇ ਕਦੀ-ਕਦੀ ਚੱਖਣ ਦਾ ਕੰਮ ਜਾਰੀ ਰਖਿਆ। ਤੇ ਬੁੱਢੀ ਵੇਖਦੀ ਰਹੀ ਤੇ ਉਹਦੇ ਕੋਲੋਂ ਧਿਆਨ ਹੋਰ ਪਾਸੇ ਕੀਤਾ ਹੀ ਨਹੀਂ ਸੀ ਜਾ ਰਿਹਾ।

"ਵਾਹ, ਕਿੰਨਾ ਸੁਆਦਲਾ ਦਲੀਆ ਬਣਿਐ," ਦਲੀਏ ਦੀਆਂ ਸਿਫ਼ਤਾਂ ਕਰਦਿਆਂ, ਫ਼ੌਜੀ ਨੇ ਕਿਹਾ। "ਜੇ ਰਤਾ ਜਿਹਾ ਮੱਖਣ ਪੈ ਜਾਏ, ਤਾਂ ਏਸ ਤੋਂ ਸੁਆਦੀ ਚੀਜ਼ ਕਦੀ ਕੋਈ ਬਣੀ ਨਹੀਂ ਹੋਣੀ।"

ਬੁੱਢੀ ਨੇ ਕੁਝ ਮੱਖਣ ਵੀ ਲਭ ਲਿਆਂਦਾ, ਤੇ ਉਹਨਾਂ ਦਲੀਏ ਵਿਚ ਪਾ ਦਿਤਾ।

"ਤੇ ਹੁਣ, ਮਾਲਕਨੇਂ, ਚਮਚਾ ਲੈ ਆ, ਤੇ ਆ ਜਾ ਖਾਈਏ!" ਫ਼ੌਜੀ ਨੇ ਆਖਿਆ।

ਉਹ ਦਲੀਆ ਖਾਂਦੇ ਜਾਣ ਤੇ ਉਹਦੀਆਂ ਸਿਫ਼ਤਾਂ ਕਰਦੇ ਜਾਣ।

"ਮੈਨੂੰ ਨਹੀਂ ਸੀ ਖ਼ਿਆਲ, ਕੁਹਾੜੇ ਦਾ ਦਲੀਆ ਵੀ ਏਨਾ ਸੁਆਦੀ ਬਣਦੈ।" ਬੁੱਢੀ ਨੇ ਦੰਗ ਹੁੰਦਿਆਂ ਆਖਿਆ।

ਤੇ ਫ਼ੌਜੀ ਖਾਂਦਾ ਰਿਹਾ ਤੇ ਅੰਦਰ ਹੀ ਅੰਦਰ ਹਸਦਾ ਰਿਹਾ।