ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਤੋਂ ਵਡਾ ਕੌਣ ਸੀ?

ਕਿਰਗੀਜ਼ ਪਰੀ-ਕਹਾਣੀ

ਬੜੇ ਚਿਰਾਂ ਦੀ ਗਲ ਏ, ਕਿਸੇ ਇਕ ਪਿੰਡ ਵਿਚ ਤਿੰਨ ਭਰਾ ਰਹਿੰਦੇ ਹੁੰਦੇ ਸਨ, ਜਿਨ੍ਹਾਂ ਕੋਲ ਇਕ ਸਾਂਝਾ ਡਬ - ਖੜੱਬਾ ਢੱਗਾ ਹੁੰਦਾ ਸੀ।

ਇਕ ਦਿਨ ਭਰਾਵਾਂ ਨੇ ਵਖ ਹੋਣ ਤੇ ਅਡ - ਅਡ ਰਹਿਣ ਦਾ ਮਤਾ ਪਕਾਇਆ। ਪਰ ਇਕ ਢੱਗਾ ਉਹਨਾਂ ਤਿੰਨਾਂ ਵਿਚਕਾਰ ਵੰਡਿਆ ਕਿਵੇਂ ਜਾਂਦਾ? ਪਹਿਲੋਂ ਉਹਨਾਂ ਸੋਚਿਆ, ਉਹਨੂੰ ਵੇਚ ਦਿਤਾ ਜਾਵੇ, ਪਰ ਇਲਾਕੇ ਵਿਚ ਉਹਨਾਂ ਨੂੰ ਕੋਈ ਵੀ ਏਡਾ ਮਾਲਦਾਰ ਬੰਦਾ ਨਾ ਲੱਭਾ। ਜਿਹੜਾ ਉਹਨੂੰ ਖਰੀਦ ਸਕਦਾ। ਫੇਰ ਉਹਨਾਂ ਸੋਚਿਆ, ਢੱਗੇ ਨੂੰ ਜਬ੍ਹਾ ਕਰ ਲਿਆ ਜਾਏ ਤਾਂ ਗੋਸ਼ਤ ਆਪੋ ਵਿਚ ਵੰਡ ਲਿਆ ਜਾਏ, ਪਰ ਉਹ ਇੰਜ ਵੀ ਨਾ ਕਰ ਸਕੇ ਇਸ ਲਈ ਕਿ ਉਹਨਾ ਨੂੰ ਢੱਗੇ ਦਾ ਦੁਖ ਲਗਦਾ ਸੀ। ਤੇ ਇਸ ਗਲ ਉਤੇ ਉਹ ਰਾਜ਼ੀ ਨਹੀਂ ਸਨ ਹੁੰਦੇ ਕਿ ਢੱਗਾ ਉਹਨਾ ਵਿਚੋਂ ਕਿਸੇ ਇਕ ਨੂੰ ਦੇ ਦਿਤਾ ਜਾਵੇ।

ਇਸ ਲਈ ਉਹਨਾਂ ਕਿਸੇ ਸਿਆਣੇ ਕੋਲ ਜਾਣ ਦਾ ਫ਼ੈਸਲਾ ਕੀਤਾ, ਇਸ ਖਿਆਲ ਨਾਲ ਕਿ ਸ਼ਾਇਦ ਉਹ ਮਾਮਲਾ ਨਿਪਟਾ ਸਕੇ।

ਜਿਵੇਂ ਸਿਆਣੇ ਨੇ ਆਖਿਆ, ਉਵੇਂ ਅਸੀਂ ਕਰਾਂਗੇ," ਉਹ ਕਹਿਣ ਲਗੇ, ਤੇ ਢੱਗੇ ਨੂੰ ਨਾਲ਼ ਲੈ ਸਿਆਣੇ ਦੇ ਪਿੰਡ ਵਲ ਹੋ ਪਏ। ਸਭ ਤੋਂ ਵੱਡਾ ਭਰਾ ਢੱਗੇ ਦੇ ਸਿਰ ਕੋਲ ਟੁਰ ਰਿਹਾ ਸੀ, ਵਿਚਲਾ ਭਰਾ ਢੱਗੇ ਦੇ ਪਾਸੇ ਕੋਲ, ਤੇ ਸਭ ਤੋਂ ਛੋਟਾ ਭਰਾ, ਢੱਗੇ ਨੂੰ ਸੋਟੀ ਨਾਲ ਹਿਕਦਾ, ਉਹਦੇ ਪਿੱਛੇ — ਪਿੱਛੇ ਆ ਰਿਹਾ ਸੀ।

ਸਰਘੀ ਵੇਲੇ ਉਹਨਾਂ ਨੂੰ ਇਕ ਘੋੜਸਵਾਰ ਆਣ ਰਲਿਆ। ਉਹਨੇ ਸਭ ਤੋਂ ਛੋਟੇ ਭਰਾ ਨੂੰ ਬੰਦਗੀ ਕੀਤੀ ਤੇ ਪੁੱਛਣ ਲਗਾ, ਉਹ ਢੱਗੇ ਨੂੰ ਕਿਥੇ ਲਿਜਾ ਰਿਹਾ ਸੀ। ਸਭ ਤੋਂ ਛੋਟੇ ਭਰਾ ਨੇ ਉਹਨੂੰ ਸਭ ਕੁਝ ਬਾਰੇ ਸਾਰਾ ਕੁਝ ਦਸਿਆ ਤੇ ਆਖਿਆ:

੨੧੨