ਪੰਨਾ:ਮਾਣਕ ਪਰਬਤ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰੰਗ-ਸਲੇਟੀ

ਰੂਸੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਬੁੱਢਾ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸ੍ਨਨ। ਦੋਵੇਂ ਵੱਡੇ ਪੁਤਰ ਚੰਗੇ ਨਿਵਾਜੇ ਹੋਏ ਨੌਜਵਾਨ ਸਨ, ਉਹਨਾਂ ਨੂੰ ਸੁਹਣੇ ਕਪੜੇ ਪਾਣ ਦਾ ਸ਼ੌਕ ਸੀ ਤੇ ਵਾਹੀ ਦਾ ਕੰਮ ਸੰਜਮ ਨਾਲ ਕਰ ਸਕਣ ਦੀ ਜਾਚ ਸੀ, ਪਰ ਸਭ ਤੋਂ ਛੋਟੇ ਪੁੱਤਰ, ਮੂਰਖ ਈਵਾਨ, ਵਿਚ ਇਹੋ ਜਿਹੀ ਕੋਈ ਗਲ ਨਹੀਂ ਸੀ। ਉਹ ਬਹੁਤਾ ਵਕਤ ਘਰ ਹੀ ਚੁਲ੍ਹੇ ਦੇ ਉਤੇ ਬੈਠ ਬਿਤਾਂਦਾ ਤੇ ਜੇ ਬਾਹਰ ਨਿਕਲਦਾ ਤਾਂ ਜੰਗਲ ਵਿਚੋਂ ਖੁੰਬਾਂ ਇਕੱਠੀਆਂ ਕਰਦਾ ਰਹਿੰਦਾ।

ਜਦੋਂ ਬੁਢੇ ਆਦਮੀ ਦੇ ਪੂਰੇ ਹੋਣ ਦਾ ਵੇਲਾ ਆਇਆ, ਉਹਨੇ ਆਪਣੇ ਪੁੱਤਰਾਂ ਨੂੰ ਕੋਲ ਸਦਿਆ ਤੇ ਕਿਹਾ:

"ਜਦੋਂ ਮੈਂ ਮਰ ਜਾਵਾਂ, ਤਿੰਨ ਦਿਨ ਰੋਜ਼ ਰਾਤੀਂ ਮੇਰੀ ਕਬਰ 'ਤੇ ਆਣਾ ਤੇ ਮੇਰੇ ਖਾਣ ਲਈ ਕੁਝ ਰੋਟੀ ਲਿਆਣਾ।"

ਬੁੱਢਾ ਪੂਰਾ ਹੋ ਗਿਆ ਤੇ ਉਹਨੂੰ ਦਬ ਦਿਤਾ ਗਿਆ, ਤੇ ਉਸ ਰਾਤੀਂ ਸਭ ਤੋਂ ਵਡੇ ਭਰਾ ਦੀ ਉਹਦੀ ਕਬਰ ਤੇ ਜਾਣ ਦੀ ਵਾਰੀ ਆ ਗਈ। ਪਰ ਉਹਨੂੰ ਬਹੁਤ ਹੀ ਸੁਸਤੀ ਚੜ੍ਹੀ ਹੋਈ ਸੀ ਜਾਂ ਸ਼ਾਇਦ ਉਹਨੂੰ ਏਨਾ ਡਰ ਲਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ, ਤੇ ਉਹ ਮੂਰਖ ਈਵਾਨ ਨੂੰ ਕਹਿਣ ਲਗਾ:

੧੯