ਪੰਨਾ:ਮਾਣਕ ਪਰਬਤ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਈਵਾਨ, ਜੋ ਅਜ ਰਾਤੀਂ ਬਾਪੂ ਦੀ ਕਬਰ 'ਤੇ ਮੇਰੀ ਥਾਂ ਤੂੰ ਚਲਾ ਜਾਏਂਂ, ਤਾਂ ਮੈਂ ਤੈਨੂੰ ਸ਼ਹਿਦ ਵਾਲਾ ਕੇਕ ਲੈ ਦਿਆਂਗਾ।"

ਈਵਾਨ ਫਟਾਫਟ ਮੰਨ ਗਿਆ, ਉਹਨੇ ਕੁਝ ਰੋਟੀ ਫੜੀ ਤੇ ਆਪਣੇ ਬਾਪੂ ਦੀ ਕਬਰ 'ਤੇ ਜਾ ਪਹੁੰਚਿਆ। ਉਹ ਕਬਰ ਕੋਲ ਬਹਿ ਗਿਆ ਤੇ ਇਹ ਵੇਖਣ ਲਈ ਉਡੀਕਣ ਲਗਾ ਕਿ ਕੀ ਹੁੰਦਾ ਏ। ਜਦੋਂ ਅੱਧੀ ਰਾਤ ਹੋਈ, ਮਿਟੀ ਦੋਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿਚੋਂ ਉਠ ਖਲੋਤਾ ਤੇ ਕਹਿਣ ਲਗਾ:

ਕੌਣ ਏਂ? ਤੂੰ ਏਂਂ, ਮੇਰੇ ਪਲੇਠੀ ਦਿਆ ਪੁਤਰਾ? ਦਸ ਰੂਸ ਦਾ ਕੀ ਹਾਲ ਏ: ਕੁੱਤੇ ਭੌਂਕ ਰਹੇ ਨੇ, ਬਘਿਆੜ ਚਾਂਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ?"

ਤੇ ਈਵਾਨ ਨੇ ਜਵਾਬ ਦਿਤਾ:

"ਮੈਂ ਵਾਂ, ਤੁਹਾਡਾ ਪੁੱਤਰ, ਬਾਪੂ ਜੀ। ਰੂਸ 'ਚ ਅਮਨ-ਅਮਾਣ ਏਂ।"

ਤਾਂ ਬਾਪੂ ਨੇ ਈਵਾਨ ਦੀ ਲਿਆਂਦੀ ਰੋਟੀ ਢਿਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿਚ ਲੇਟ ਗਿਆ। ਤੇ ਈਵਾਨ, ਰਾਹ ਵਿਚ ਖੁੰਬਾਂ ਇੱਕਠੀਆਂ ਕਰਨ ਲਈ ਅਟਕਦਾ-ਅਟਕਾਂਦਾ, ਘਰ ਨੂੰ ਹੋ ਪਿਆ।

ਜਦੋਂ ਉਹ ਘਰ ਪਹੁੰਚਿਆ, ਉਹਦੇ ਸਭ ਤੋਂ ਵਡੇ ਭਰਾ ਨੇ ਪੁਛਿਆ:

"ਬਾਪੂ ਮਿਲਿਆ ਸਾਈ?

"ਆਹਖੋ, ਮਿਲੇ ਸਨ," ਈਵਾਨ ਨੇ ਜਵਾਬ ਦਿਤਾ।

"ਜਿਹੜੀ ਰੋਟੀ ਲੈ ਗਿਆ ਸੈਂ, ਖਾਧੀ ਸੀ ਉਹਨੇ?"

"ਆਹਖੋ, ਢਿਡ ਭਰ ਕੇ ਖਾਧੀ ਸਾਨੇਂ।"

ਇਕ ਦਿਨ ਹੋਰ ਲੰਘ ਗਿਆ, ਤੇ ਹੁਣ ਦੂਜੇ ਭਰਾ ਦੀ ਕਬਰ 'ਤੇ ਜਾਣ ਦੀ ਵਾਰੀ ਸੀ। ਪਰ ਉਹਨੂੰ ਬਹੁਤ ਹੀ ਸੁਸਤੀ ਚੜ੍ਹੀ ਹੋਈ ਸੀ ਜਾਂ ਸ਼ਾਇਦ ਉਹਨੂੰ ਏਨਾ ਡਰ ਲਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ, ਤੇ ਉਹ ਈਵਾਨ ਨੂੰ ਕਹਿਣ ਲਗਾ:

"ਈਵਾਨ, ਜੇ ਤੂੰ ਕਦੀ ਮੇਰੀ ਥਾਂ ਚਲਾ ਜਾਏ, ਤਾਂ ਮੈਂ ਤੈਨੂੰ ਦਰਖ਼ਤ ਦੀ ਛਿਲ ਦੇ ਬੂਟ ਬਣਾ ਦਿਆਂਗਾ।"

"ਠੀਕ ਏ," ਈਵਾਨ ਨੇ ਕਿਹਾ, "ਮੈਂ ਚਲਾ ਜਾਵਾਂਗਾ।"

ਉਹਨੇ ਕੁਝ ਰੋਟੀ ਫੜੀ, ਬਾਪੂ ਦੀ ਕਬਰ 'ਤੇ ਜਾ ਪਹੁੰਚਿਆ ਤੇ ਬਹਿ ਕੇ ਉਡੀਕਣ ਲਗਾ। ਜਦੋਂ ਅੱਧੀ ਰਾਤ ਹੋਈ, ਮਿੱਟੀ ਦੋਫਾੜ ਹੋ ਗਈ, ਬੁਢਾ ਬਾਪੂ ਕਬਰ ਵਿਚੋਂ ਉਠ ਖਲੋਤਾ ਤੇ ਬੋਲਿਆ:

"ਕੌਣ ਏਂ? ਤੂੰ ਏਂਂ, ਮੇਰੇ ਦੂਜੇ ਪੁਤਰਾ? ਦਸ ਰੂਸ ਦਾ ਕੀ ਹਾਲ ਏ: ਕੁੱਤੇ ਭੌਂਂਕ ਰਹੇ ਨੇ, ਬਘਿਆੜ ਚਾਂਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ?"

ਤੇ ਈਵਾਨ ਨੇ ਜਵਾਬ ਦਿਤਾ:

"ਮੈਂ ਵਾਂ, ਤੁਹਾਡਾ ਪੁੱਤਰ, ਬਾਪੂ ਜੀ। ਰੂਸ 'ਚ ਅਮਨ-ਅਮਾਣ ਏਂ।"

ਤਾਂ ਬਾਪੂ ਨੇ ਈਵਾਨ ਦੀ ਲਿਆਂਦੀ ਰੋਟੀ ਢਿਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿਚ ਲੇਟ ਗਿਆ। ਤੇ ਈਵਾਨ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ-ਅਟਕਾਂਦਾ, ਘਰ ਨੂੰ ਹੋ ਪਿਆ। ਉਹ ਘਰ ਪਹੁੰਚਿਆ ਤੇ ਉਹਦਾ ਦੂਜਾ ਭਰਾ ਉਹਨੂੰ ਪੁੱਛਣ ਲਗਾ:

"ਜਿਹੜੀ ਰੋਟੀ ਲੈ ਗਿਆ ਸੈਂ, ਬਾਪੂ ਨੇ ਖਾਧੀ ਸੀ ਉਹ?"

"ਆਹਖੋ," ਈਵਾਨ ਨੇ ਜਵਾਬ ਦਿਤਾ। "ਢਿਡ ਭਰ ਕੇ ਖਾਧੀ ਸਾਨੇਂ।"

੨੦