ਪੰਨਾ:ਮਾਣਕ ਪਰਬਤ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦੀ ਖਬਰ ਈਵਾਨ ਦੇ ਭਰਾਵਾਂ ਦੇ ਕੰਨੀਂ ਵੀ ਪਈ, ਤੇ ਉਹਨਾਂ ਆਪੋ ਵਿਚ ਕਿਸਮਤ ਅਜ਼ਮਾਣ ਦਾ ਮਤਾ ਪਕਾ ਲਿਆ।

ਉਹਨਾਂ ਆਪਣੇ ਸੁਹਣੇ ਘੋੜਿਆਂ ਨੂੰ ਜਵੀ ਚਰਾਈ ਤੇ ਉਹਨਾਂ ਨੂੰ ਤਬੇਲਿਆਂ ਤੋਂ ਕਢ ਲਿਆ, ਤੇ ਉਹਨਾਂ ਆਪ ਆਪਣੇ ਸਭ ਤੋਂ ਸੁਹਣੇ ਕਪੜੇ ਪਾ ਲਏ ਤੇ ਆਪਣੇ ਕੁੰਡਲਾਂ ਵਾਲੇ ਛਤਿਆਂ ਨੂੰ ਕੰਘੀ ਕਰ ਲਈ। ਤੇ ਈਵਾਨ ਨੇ, ਜਿਹੜਾ ਚਿਮਨੀ ਦੇ ਪਿਛੇ ਵਲ ਚੁਲ੍ਹੇ ਦੇ ਉਤੇ ਬੈਠਾ ਸੀ, ਉਹਨਾਂ ਨੂੰ ਆਖਿਆ:

"ਭਰਾਵੋ, ਭਰਾਵੋ, ਮੈਨੂੰ ਵੀ ਨਾਲ ਲੈ ਜਾਵੋ, ਤੇ ਮੈਨੂੰ ਵੀ ਕਿਸਮਤ ਅਜ਼ਮਾ ਕੇ ਵੇਖ ਲੈਣ ਦਿਓ।"

"ਵਾਹ ਓਏ ਚੁਲ੍ਹੇ ਦੇ ਲੜ-ਲਗਿਆ ਮੂਰਖਾ!" ਉਹਦੇ ਭਰਾ ਹੱਸੇ। "ਜੇ ਸਾਡੇ ਨਾਲ ਗਿਆ ਤਾਂ ਲੋਕ ਖਿੱਲੀ ਹੀ ਉਡਾਣਗੇ ਨੀ। ਜਾ, ਜਾ ਕੇ ਜੰਗਲ 'ਚੋਂ ਖੁੰਬਾਂ ਲਭ।"

ਭਰਾ ਆਪਣੇ ਘੋੜਿਆਂ ਉਤੇ ਬਹਿ ਗਏ, ਉਹਨਾਂ ਆਪਣੇ ਟੋਪ ਫਬਾ ਲਏ, ਸੀਟੀ ਮਾਰੀ ਤੇ ਜੈਕਾਰਾ ਲਾਇਆ ਤੇ ਧੂੜ ਦਾ ਬੱਦਲ ਉਡਾਂਦਿਆਂ ਘੋੜਿਆਂ ਨੂੰ ਸੜਕ ਵਲ ਦੁੜਕੀਏ ਪਾ ਦਿਤਾ। ਈਵਾਨ ਨੇ ਬਾਪੂ ਦੀ ਦਿਤੀ ਲਗਾਮ ਫੜੀ, ਬਾਹਰ ਖੁਲ੍ਹੇ ਮੈਦਾਨ ਵਿਚ ਨਿਕਲ ਆਇਆ ਤੇ, ਜਿਵੇਂ ਉਹਦੇ ਬਾਪੂ ਨੇ ਉਹਨੂੰ ਸਿਖਾਇਆ ਸੀ, ਉੱਚੀ ਸਾਰੀ ਬੋਲਿਆ:

"ਰੰਗ-ਸਲੇਟੀ, ਸੁਣ, ਕਰ ਛੇਤੀ! ਤੈਨੂੰ ਸੱਦਾਂ ਇਤ, ਮੰਨ ਜਾਂ ਮਿਟ!"

ਤੇ ਉਹ ਕੀ ਵੇਖਦਾ ਏ! ਇਕ ਘੋੜੇ ਕੀਤੀ ਧਾਈ, ਧਰਤ ਕੰਬਾਈ। ਉਹਦੀਆਂ ਨਾਸਾਂ ਵਿਚੋਂ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿਚੋਂ ਧੂੰਏ ਦੇ ਬੱਦਲ ਵਗ ਰਹੇ ਸਨ। ਘੋੜਾ ਦੌੜਦਾ-ਦੌੜਦਾ ਈਵਾਨ ਕੋਲ ਪਹੁੰਚਿਆ, ਅਸਲੋਂ ਅਹਿਲ ਹੋ ਕੇ ਖਲੋ ਗਿਆ ਤੇ ਬੋਲਿਆ:

"ਈਵਾਨ, ਤੁਹਾਡੀ ਕੀ ਇੱਛਾ ਏ?"

ਈਵਾਨ ਨੇ ਘੋੜੇ ਦੀ ਧੌਣ ਉਤੇ ਥਾਪੜਾ ਦਿਤਾ, ਉਹਨੂੰ ਲਗਾਮ ਪਾਈ, ਉਹ ਉਹਦੇ ਸੱਜੇ ਕੰਨ ਵਿਚ ਚੜ੍ਹ ਗਿਆ ਤੇ ਉਹਦੇ ਖੱਬੇ ਕੰਨ ਵਿਚੋਂ ਨਿਕਲ ਆਇਆ। ਤਾਂ ਵੇਖੋ ਕੀ ਹੋਇਆ! ਉਹ ਏਨਾ ਸੁਹਣਾ ਗਭਰੂ ਬਣ ਨਿਕਲਿਆ, ਜਿੰਨਾ ਜਾਵੇ ਨਾ ਬੁਝਿਆ, ਜਾਵੇ ਨਾ ਮੰਨਿਆ, ਜਾਵੇ ਨਾ ਲਿਖਿਆ। ਉਹ ਸੁਰੰਗ-ਸਲੇਟੀ ਉਤੇ ਬਹਿ ਗਿਆ ਤੇ ਜ਼ਾਰ ਦੇ ਮਹਿਲ ਵਲ ਹੋ ਪਿਆ। ਸੁਰੰਗ-ਸਲੇਟੀ ਪੂਛ ਝਲਾਰ, ਹੋਇਆ ਪਹਾੜ, ਵਾਦੀਆਂ ਤੋਂ ਪਾਰ, ਉਸ ਘਰ, ਰੁਖ ਟੱਪੇ ਵਾਂਗ ਹਵਾ, ਹਫ਼ਤਾ ਜਾਂ ਦਿਨ ਭਜਦਾ ਗਿਆ।

ਜਦੋਂ ਅਖ਼ੀਰ ਈਵਾਨ ਦਰਬਾਰ ਵਿਚ ਪਹੁੰਚਿਆ, ਮਹਿਲ ਦਾ ਮੈਦਾਨ ਲੋਕਾਂ ਨਾਲ ਤੂੜਿਆ ਪਿਆ ਸੀ। ਬਾਰਾਂ ਥੰਮਿਆਂ ਤੇ ਗੇਲੀਆਂ ਦੀਆਂ ਬਾਰਾਂ ਪਾਲਾਂ ਵਾਲਾ ਮਹਿਲ ਖੜਾ ਸੀ, ਤੇ ਉਹਦੇ ਸਭ ਤੋਂ ਉਚੇ ਚੁਬਾਰੇ ਵਿਚ, ਆਪਣੇ ਕਮਰੇ ਦੀ ਬਾਰੀ ਵਿਚ, ਜ਼ਾਰਜ਼ਾਦੀ ਸੁੰਦਰੀ ਬੈਠੀ ਸੀ।

ਜ਼ਾਰ ਬਾਹਰ ਡਿਉਢੀ ਵਿਚ ਨਿਕਲਿਆ ਤੇ ਬੋਲਿਆ:

"ਭਲੇ ਨੌਜਵਾਨੋ, ਤੁਹਾਡੇ ਵਿਚੋਂ ਜਿਹੜਾ ਘੋੜੇ 'ਤੇ ਅਸਵਾਰੀ ਕਰਦਾ ਉਸ ਬਾਰੀ ਜਿੰਨੀ ਉਚੀ ਛਾਲ ਮਾਰ ਲਏਗਾ ਤੇ ਮੇਰੀ ਧੀ ਦੇ ਬੁਲ੍ਹਾਂ 'ਤੇ ਚੁੰਮਣ ਦੇ ਲਏਗਾ, ਉਹਨੂੰ ਮੇਰੀ ਧੀ ਦਾ ਡੋਲਾ ਦੇ ਦਿਤਾ ਜਾਵੇਗਾ ਤੇ ਨਾਲ ਮੇਰਾ ਅੱਧਾ ਰਾਜ।"

ਜ਼ਾਰਜ਼ਾਦੀ ਸੁੰਦਰੀ ਦੇ ਚਾਹਵਾਨ ਅੱਗੜ-ਪਿਛੱੜ ਘੋੜੇ ਦੁੜਾਂਦੇ ਆਏ ਤੇ ਉਹਨਾਂ ਕੁਦਾੜੇ ਤੇ ਛਾਲਾ ਮਾਰੀਆਂ, ਪਰ ਬਾਰੀ ਸੀ ਕਿ ਉਹਨਾਂ ਦੀ ਪਹੁੰਚ ਤੋਂ ਉਪਰ ਹੀ ਰਹੀ। ਬਾਕੀਆਂ ਦੇ ਨਾਲ-ਨਾਲ ਈਵਾਨ ਦੇ ਦੋਵਾਂ ਭਰਾਵਾਂ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਅਧ ਤਕ ਵੀ ਨਾ ਪਹੁੰਚ ਸਕੇ।

੨੨