ਪੰਨਾ:ਮਾਣਕ ਪਰਬਤ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਈਵਾਨ ਦੀ ਵਾਰੀ ਆਈ, ਉਹਨੇ ਸੁਰੰਗ-ਸਲੇਟੀ ਨੂੰ ਦੁੜਕੀਏ ਪਾ ਦਿਤਾ ਤੇ ਜੈਕਾਰਾ ਗਜਾਂਦਾ ਤੇ ਨਾਅਰਾ ਲਾਂਦਾ ਉਹ ਛਾਲ ਮਾਰ ਗੇਲੀਆਂ ਦੀ ਦੋ ਛਡ ਸਭ ਤੋਂ ਉਚੀ ਪਾਲ ਤਕ ਪਹੁੰਚ ਗਿਆ। ਉਹ ਫੇਰ ਆਇਆ ਤੇ ਛਾਲ ਮਾਰ ਗੇਲੀਆਂ ਦੀ ਇਕ ਛਡ ਸਭ ਤੋਂ ਉਚੀ ਪਾਲ ਤਕ ਪਹੁੰਚ ਗਿਆ। ਉਹਦੇ ਹਥ ਇਕ ਹੋਰ ਮੌਕਾ ਰਹਿ ਗਿਆ ਸੀ ਤੇ ਉਹ ਸੁਰੰਗ-ਸਲੇਟੀ ਨੂੰ ਓਦੋਂ ਤਕ ਕੁਦਾਂਦਾ ਤੇ ਘੁਮੇਟਣੀਆਂ ਦੇਂਦਾ ਰਿਹਾ, ਜਦੋਂ ਤਕ ਘੋੜਾ ਭੜਕ ਤੇ ਸ਼ੂਕਣ ਨਾ ਲਗ ਪਿਆ। ਫੇਰ, ਬਾਰੀ ਅਗੋਂ ਅਗ ਵਾਂਗ ਲੰਘਦਿਆਂ, ਉਹਨੇ ਬਹੁਤ ਉਚੀ ਛਾਲ ਮਾਰੀ ਤੇ ਜ਼ਾਰਜ਼ਾਦੀ ਸੁੰਦਰੀ ਦੇ ਸ਼ਹਿਦ-ਮਿੱਠੇ ਬੁਲ੍ਹ ਚੁੰਮ ਲਏ। ਤੇ ਜ਼ਾਰਜ਼ਾਦੀ ਨੇ ਆਪਣੀ ਮਹੁਰ ਵਾਲੀ ਮੁੰਦਰੀ ਉਹਦੇ ਮੱਥੇ ਉਤੇ ਮਾਰੀ ਤੇ ਉਹਦੇ ਉਤੇ ਆਪਣੀ ਮਹੁਰ ਲਾ ਦਿੱਤੀ।

ਲੋਕੀ ਕੂਕਾਂ ਮਾਰਨ ਲਗ ਪਏ:

"ਰੋਕਣਾ ਸੂ! ਫੜਨਾ ਸੂ!" ਪਰ ਈਵਾਨ ਤੇ ਉਹਦਾ ਘੋੜਾ ਧੂੜ ਦੇ ਬੱਦਲ ਵਿਚ ਅਲੋਪ ਹੋ ਗਏ।

ਛਾਲਾਂ ਮਾਰਦੇ ਉਹ ਖੁਲ੍ਹੇ ਮੈਦਾਨ ਵਿਚ ਆ ਗਏ, ਤੇ ਈਵਾਨ ਸੁਰੰਗ-ਸਲੇਟੀ ਦੇ ਖੱਬੇ ਕੰਨ ਵਿਚ ਚੜ੍ਹ ਗਿਆ ਤੇ ਉਹਦੇ ਸੱਜੇ ਕੰਨ ਵਿਚੋਂ ਨਿਕਲ ਆਇਆ, ਤੇ ਵੇਖੋ ਹੋਇਆ ਕੀ! ਉਹਦੀ ਫੇਰ ਆਪਣੀ ਅਸਲ ਸ਼ਕਲ ਹੋ ਗਈ। ਉਹਨੇ ਸੁਰੰਗ-ਸਲੇਟੀ ਨੂੰ ਖੁਲ੍ਹਾ ਛਡ ਦਿਤਾ, ਤੇ ਆਪ ਰਾਹ ਵਿਚ ਕੁਝ ਖੁੰਬਾਂ ਇੱਕਠੀਆਂ ਕਰਨ ਲਈ ਅਟਕਦਾ-ਅਟਕਾਂਦਾ, ਘਰ ਵਲ ਨੂੰ ਹੋ ਪਿਆ। ਉਹ ਘਰ ਵਿਚ ਵੜਿਆ, ਉਹਨੇ ਆਪਣੇ ਮੱਥੇ ਉਤੇ ਲੀਰ ਬੰਨ੍ਹ ਲਈ ਤੇ ਚੁਲ੍ਹੇ ਦੇ ਉਤੇ ਚੜ੍ਹ ਗਿਆ ਤੇ ਓਥੇ ਉਵੇਂ ਹੀ ਲੰਮਾ ਪੈ ਗਿਆ, ਜਿਵੇਂ ਉਹ ਪਹਿਲੋਂ ਪਿਆ ਹੋਇਆ ਸੀ।

ਹੌਲੀ-ਹੌਲੀ ਉਹਦੇ ਭਰਾ ਆਣ ਪੁੱਜੇ, ਤੇ ਉਹਨੂੰ ਦੱਸਣ ਲਗ ਪਏ, ਉਹ ਕਿਥੇ-ਕਿਥੇ ਗਏ ਸਨ ਤੇ ਉਹਨਾਂ ਕੀ-ਕੀ ਵੇਖਿਆ ਸੀ।

"ਜ਼ਾਰਜ਼ਾਦੀ ਦੇ ਚਾਹਵਾਨਾਂ ਦਾ ਸ਼ੁਮਾਰ ਨਹੀਂ ਸੀ, ਤੇ ਸੁਹਣੇ ਵੀ ਸਨ," ਉਹਨਾਂ ਦਸਿਆ।" ਪਰ ਇਕ ਸੀ, ਜਿਦ੍ਹੇ ਸਾਹਮਣੇ ਉਹ ਕੁਝ ਨਹੀਂ ਸਨ ਲਗਦੇ। ਉਹਨੇ ਆਪਣੇ ਸ਼ੂਕਰਦੇ ਘੋੜੇ 'ਤੇ ਜ਼ਾਰਜ਼ਾਦੀ ਦੀ ਬਾਰੀ ਜਿੰਨੀ ਉੱਚੀ ਛਾਲ ਮਾਰੀ ਤੇ ਉਹਦੇ ਬੁਲ੍ਹ ਚੁੰਮ ਲਏ। ਅਸੀਂ ਉਹਨੂੰ ਆਉਂਦਿਆਂ ਤਾਂ ਵੇਖਿਆ ਸੀ, ਪਰ ਜਾਂਦਿਆਂ ਨਹੀਂ ਵੇਖਿਆ।"

ਚਿਮਨੀ ਪਿਛੋਂ ਆਪਣੀ ਥਾਂ ਤੋਂ ਈਵਾਨ ਨੇ ਕਿਹਾ:

"ਤੁਸੀਂ ਸ਼ਾਇਦ ਮੈਨੂੰ ਵੇਖਿਆ ਹੋਵੇ।"

ਉਹਦੇ ਭਰਾਵਾਂ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਬੋਲ ਪਏ:

"ਬੇਵਕੂਫ਼! ਝੱਲੀਆਂ ਮਾਰ ਰਿਹੈ। ਬੈਠਾ ਰਹੋ ਚੁਲ੍ਹੇ ਉਤੇ ਤੇ ਖਾ ਆਪਣੀਆਂ ਖੁੰਬਾਂ।"

ਫੇਰ ਈਵਾਨ ਨੇ ਲੀਰ ਖੋਲ੍ਹੀ ਜਿਨ੍ਹੇ ਜ਼ਾਰਜ਼ਾਦੀ ਦੀ ਮਹੁਰ ਵਾਲੀ ਮੁੰਦਰੀ ਦਾ ਨਿਸ਼ਾਨ ਕਜਿਆ ਹੋਇਆ ਸੀ ਤੇ ਇਕਦਮ ਹੀ ਇਕ ਰੋਸ਼ਨ ਲੋ ਨਾਲ ਝੁੱਗੀ ਡਲਕ ਪਈ।

"ਓਏ ਬੇਵਕੂਫ਼ਾ, ਕੀ ਪਿਆ ਕਰਨੈਂ? ਘਰ ਨੂੰ ਅਗ ਲਾ ਕੇ ਰਹੇਂਗਾ!"

ਅਗਲੇ ਦਿਨ ਜ਼ਾਰ ਨੇ ਜ਼ਿਆਫ਼ਤ ਕੀਤੀ ਤੇ ਉਹਦੇ ਵਿਚ ਉਹਨੇ ਆਪਣੀ ਸਾਰੀ ਰਿਆਇਆ ਨੂੰ ਸਦਿਆ, ਕੀ ਜਾਗੀਰਦਾਰ ਤੇ ਨਵਾਬ ਤੇ ਕੀ ਆਮ ਲੋਕੀ, ਕੀ ਰਿਜ਼ਕਵਾਨ ਤੇ ਕੀ ਗਰੀਬ, ਕੀ ਜਵਾਨ ਤੇ ਕੀ ਬੁਢੇ। ਈਵਾਨ ਦੇ ਭਰਾ ਵੀ ਜ਼ਿਆਫ਼ਤ ਵਿਚ ਜਾਣ ਲਈ ਤਿਆਰ ਹੋਣ ਲਗੇ।

"ਭਰਾਵੋ, ਭਰਾਵੋ, ਮੈਨੂੰ ਨਾਲ ਲੈ ਜਾਵੋ," ਈਵਾਨ ਨੇ ਅਰਜ਼ੋਈ ਕੀਤੀ।

੨੩