ਪੰਨਾ:ਮਾਣਕ ਪਰਬਤ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸਾਨ-ਜਾਇਆ ਈਵਾਨ ਤੇ ਤਿੰਨ ਚੁਦੋ-ਯੁਦੋ
ਰਸ਼ੀ ਪਰੀ-ਕਹਾਣੀ

ਬੜੇ ਚਿਰਾਂ ਦੀ ਗਲ ਏ, ਕਿਸੇ ਜ਼ਾਰਸ਼ਾਹੀ ਵਿਚ ਜਾਂ ਕਿਸੇ ਬਾਦਸ਼ਾਹੀ ਵਿਚ, ਇਕ ਬੁੱਢਾ ਬੁੱਢੀ ਰਿਹਾ ਕਰਦੇ ਸਨ। ਉਹਨਾਂ ਦੇ ਤਿੰਨ ਪੁੱਤਰ ਸਨ, ਜਿਨ੍ਹਾਂ ਵਿਚੋਂ ਸਭ ਤੋਂ ਛੋਟੇ ਦਾ ਨਾਂ ਈਵਾਨ ਹੁੰਦਾ ਸੀ। ਉਹ ਵਿਹਲੇ ਨਾ ਬਹਿੰਦੇ, ਕਿਰਤ ਕਰਦੇ ਰਹਿੰਦੇ, ਸਵੇਰ ਤੋਂ ਸ਼ਾਮ ਤਕ ਵਾਹੀ ਕਰਦੇ, ਅਨਾਜ ਨਾਲ ਘਰ ਭਰਦੇ।

ਇਕ ਦਿਨ ਜ਼ਾਰਸ਼ਾਹੀ-ਬਾਦਸ਼ਾਹੀ ਵਿਚ ਇਹ ਚੰਦਰੀ ਖ਼ਬਰ ਧੁੰਮ ਗਈ ਕਿ ਦੈਂਤਾਂ ਦਾ ਦੈਂਤ, ਚੁਦੋ-ਯੁਦੋ, ਦੇਸ ਉਤੇ ਨਾਜ਼ਲ ਹੋਣ, ਸਭਨਾਂ ਲੋਕਾਂ ਨੂੰ ਮਾਰ ਮੁਕਾਣ ਤੇ ਸਭੋ ਸ਼ਹਿਰਾਂ ਤੇ ਪਿੰਡਾਂ ਨੂੰ ਫੂਕ ਛੱਡਣ ਦੀਆਂ ਗੋਂਦਾਂ ਗੁੰਦ ਰਿਹਾ ਸੀ। ਬੁੱਢੇ-ਬੁੱਢੀ ਨੂੰ ਇਹਦਾ ਝੋਰਾ ਲਗ ਗਿਆ, ਤੇ ਉਹਨਾਂ ਨੂੰ ਧਰਵਾਸ ਦੇਣ ਦਾ ਜਤਨ ਕਰਦਿਆਂ, ਉਹਨਾਂ ਦੇ ਦੋ ਵਡੇ ਪੁੱਤਰ ਉਹਨਾਂ ਨੂੰ ਕਹਿਣ ਲਗੇ:

"ਬੇਬੇ, ਐਵੇਂ ਨਾ ਪਈ ਝੁਰ, ਬਾਪੂ, ਐਵੇਂ ਨਾ ਪਿਆ ਝੁਰ! ਅਸੀਂ ਦੈਤਾਂ ਦੇ ਦੈਂਂਤ, ਚੁਦੋ-ਯੁਦੋ, ਦਾ ਟਾਕਰਾ ਕਰਨ ਜਾਵਾਂਗੇ, ਤੇ ਲੜਾਈ 'ਚ ਉਹਨੂੰ ਪਾਰ ਬੁਲਾਵਾਂਗੇ! ਤੇ ਏਸ ਲਈ ਕਿ ਤੁਸੀਂ ਇਕਲਾਪੇ ਨਾ ਮਹਿਸੂਸ ਕਰੋ, ਈਵਾਨ ਤੁਹਾਡੇ ਕੋਲ ਰਹੇਗਾ। ਉਹ ਅਜੇ ਏਨਾ ਛੋਟਾ ਏ ਕਿ ਲੜਾਈ 'ਚ ਸਾਡੇ ਨਾਲ ਨਹੀਂ ਜਾ ਸਕਦਾ।"

"ਨਹੀਂ," ਈਵਾਨ ਨੇ ਆਖਿਆ। "ਮੈਂ ਨਹੀਂ ਚਾਹੁੰਦਾ, ਘਰ ਬੈਠਾ ਰਿਹਾਂ ਤੇ ਤੁਹਾਨੂੰ ਉਡੀਕਦਾ ਰਿਹਾਂ। ਮੈਂ ਵੀ ਚੁਦੋ-ਯੁਦੋ ਨਾਲ ਲੜਨ ਜਾਵਾਂਗਾ!"

੨੫