ਪੰਨਾ:ਮਾਣਕ ਪਰਬਤ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਥਿੜਕ ਕਿਉਂ ਰਿਹੈਂ, ਮੇਰੇ ਘੋੜਿਆ?" ਉਹ ਚਿਲਕਿਆ। "ਖੰਭ ਕਿਉਂ ਫੜਕਾ ਰਿਹੈਂ, ਕਾਲੇ ਕੋਗੜਕਾਂਂਵਾ? ਕੰਨ ਕਿਉਂ ਖੜੇ ਕਰ ਲਏ ਨੀ, ਕਾਲੇ ਕੁਤਿਆ? ਕਿਸਾਨਾਂ ਦੇ ਮੁੰਡੇ ਈਵਾਨ ਦੀ ਬੋ ਆਈ ਜੇ? ਪਰ ਉਹ ਤਾਂ ਅਜੇ ਜੰਮਿਆ ਈ ਨਹੀਂ, ਪਰ ਜੇ ਜੰਮਿਆ ਵੀ ਹੋਇਐ, ਤਾਂ ਮੇਰੇ ਨਾਲ ਉਹ ਟੱਕਰ ਨਹੀਂ ਲੈ ਸਕਦਾ, ਏਸ ਲਈ ਕਿ ਮੈਂ ਉਹਨੂੰ ਚੀਚੀ ਨਾਲ ਫੇਹ ਕੇ ਰਖ ਦਿਆਂਗਾ।"

ਇਹ ਸੁਣ ਕਿਸਾਨ-ਜਾਇਆ ਈਵਾਨ ਛਾਲ ਮਾਰ ਪੁਲ ਹੇਠੋਂ ਨਿਕਲ ਆਇਆ।

"ਠਹਿਰ ਜਾ," ਚੁਦੋ-ਯੁਦੋ!" ਉਹਨੇ ਲਲਕਾਰਾ ਮਾਰਿਆ। "ਪਹਿਲੋਂ ਆ ਤਲਵਾਰ ਟਕਰਾ, ਫੇਰ ਫੜਾਂ ਮਾਰਦਾ ਜਾ। ਵੇਖਣੇ ਹਾਂ, ਕੌਣ ਕਿਹਨੂੰ, ਮਿਟਾਂਦੈ!"

ਤੇ ਈਵਾਨ ਚੁਦੋ-ਯੁਦੋ ਉਤੇ ਟੁੱਟ ਪਿਆ, ਤੇ ਉਹਨੇ ਆਪਣੀ ਦਮਸ਼ਕ ਦੇ ਫ਼ੌਲਾਦ ਦੀ ਬਣੀ ਹੋਈ ਤਲਵਾਰ ਨਾਲ, ਇਕ ਤੇ ਫੇਰ ਇਕ ਹੋਰ, ਵਾਰ ਕੀਤਾ, ਤੇ ਦੈਂਂਤ ਦੇ ਛੇ ਸਿਰ ਵਢ ਦਿਤੇ। ਫੇਰ ਚੁਦੋ-ਯੁਦੋ ਨੇ ਈਵਾਨ ਉਤੇ ਵਾਰ ਕੀਤਾ ਤੇ ਉਹਨੂੰ ਗਿੱਲੀ ਮਿੱਟੀ ਵਿਚ ਗੋਡਿਆਂ ਤਕ ਧਕ ਦਿਤਾ। ਪਰ ਕਿਸਾਨ-ਜਾਏ ਈਵਾਨ ਨੇ ਮੁਠ ਮਿੱਟੀ ਦੇ ਭਰੀ ਤੇ ਵੈਰੀ ਦੀਆਂ ਲਾਲ-ਅੰਗਿਆਰ ਅੱਖਾਂ ਵਿਚ ਦੇ ਮਾਰੀ, ਤੇ ਜਦੋਂ ਅੰਨਾ ਹੋਇਆ ਦੈਂਤ ਅੱਖਾਂ ਮਲ ਮਿੱਟੀ ਕੱਢ ਰਿਹਾ ਸੀ, ਈਵਾਨ ਨੇ ਉਹਦੇ ਬਾਕੀ ਦੇ ਤਿੰਨ ਸਿਰ ਵੀ ਵਢ ਦਿਤੇ। ਫੇਰ ਉਹਨੇ ਉਹਦੀ ਲੋਥ ਦੇ ਛੋਟੇ-ਛੋਟੇ ਡਕਰੇ ਕਰ ਲਏ, ਉਹਨਾਂ ਨੂੰ ਦਾਖਾਂ ਵਾਲੇ ਦਰਿਆ ਵਿਚ ਸੁਟ ਦਿਤਾ, ਤੇ ਬੈਂਤ ਦੇ ਨੌਂ ਸਿਰਾਂ ਨੂੰ ਬੇਰੀਆਂ ਵਾਲੇ ਪੁਲ ਹੇਠ ਰਖ, ਝੁੱਗੀ ਨੂੰ ਪਰਤ ਆਇਆ, ਲੰਮਾ ਪੈ ਗਿਆ ਤੇ ਇੰਜ ਸੌਂਂ ਗਿਆ, ਜਿਵੇਂ ਹੋਇਆ ਹੀ ਕੁਝ ਨਾ ਹੋਵੇ।

ਸਵੇਰੇ ਉਹਦਾ ਵਿਚਲਾ ਭਰਾ ਵਾਪਸ ਆਇਆ।

"ਕਿਉਂ, ਰਾਤੀਂ ਕੁਝ ਦਿਸਿਆ ਸਾਈ?" ਈਵਾਨ ਨੇ ਉਸ ਤੋਂ ਪੁਛਿਆ।

"ਨਹੀਂ," ਉਹਨੇ ਜਵਾਬ ਦਿਤਾ। "ਮੇਰੇ ਕੋਲੋਂ ਨਾ ਕੋਈ ਮੱਖੀ ਲੰਘੀ ਏ, ਨਾ ਕੋਈ ਮੱਛਰ।"

"ਹੱਛਾ, ਜੇ ਇਹ ਗਲ ਏ, ਤਾਂ, ਮੇਰੇ ਪਿਆਰੇ ਭਰਾਵੋ, ਮੇਰੇ ਨਾਲ ਆਵੋ," ਈਵਾਨ ਨੇ ਕਿਹਾ, "ਤੇ ਮੈਂ ਤੁਹਾਨੂੰ ਮੱਛਰ ਵੀ ਵਿਖਾਨਾਂ ਤੇ ਮੱਖੀ ਵੀ।"

ਤੇ ਈਵਾਨ ਆਪਣੇ ਭਰਾਵਾਂ ਨੂੰ ਬੇਰੀਆਂ ਵਾਲੇ ਪੁਲ ਹੇਠਾਂ ਲੈ ਗਿਆ ਤੇ ਉਹਨਾਂ ਨੂੰ ਉਹਨੇ ਦੋਵਾਂ ਦੈਤਾਂ ਦੇ ਸਿਰ ਵਿਖਾਏ।

'ਇਹ ਜੇ," ਉਹਨੇ ਆਖਿਆ, "ਮੱਖੀਆਂ ਤੇ ਮੱਛਰ ਜਿਹੜੇ ਏਥੇ ਰਾਤੀਂ ਉਡਦੇ ਫਿਰਦੇ ਨੇ। ਤੇ ਤੁਸੀਂ, ਭਰਾਵੇ, ਲੜਾਈਆਂ ਲੜਨ ਲਈ ਨਹੀਂ, ਚੁਲ੍ਹੇ ਦੇ ਉਤੇ ਹੱਡ ਨਿਘਿਆਂ ਕਰਨ ਲਈ ਬਣੇ ਹੋ।"

ਦੋਵਾਂ ਭਰਾਵਾਂ ਨੇ ਸ਼ਰਮ ਨਾਲ ਸਿਰ ਨੀਵੇਂ ਪਾ ਲਏ।

"ਸਾਨੂੰ ਨੀਂਦਰ ਨੇ ਵਸ ਕਰ ਲਿਆ," ਉਹਨਾਂ ਆਖਿਆ।

ਤੀਜੀ ਰਾਤੀਂ ਈਵਾਨ ਆਪ ਪਹਿਰੇ 'ਤੇ ਜਾਣ ਲਈ ਤਿਆਰ ਹੋਇਆ।

"ਅਜ ਬੜੀ ਡਰਾਉਣੀ ਲੜਾਈ ਲੜਨੀ ਪੈਣੀ ਏ ਮੈਨੂੰ," ਉਹਨੇ ਆਖਿਆ। ਤੁਸੀਂ, ਮੇਰੇ ਭਰਾਵੋ, ਉਕਾ ਨਹੀਂ ਸੌਣਾ, ਸਗੋਂ ਮੇਰੀ ਸੀਟੀ ਦੀ ਆਵਾਜ਼ ਸੁਣਨਾ। ਜਦੋਂ ਈ ਤੁਹਾਨੂੰ ਸੁਣੀਵੇ, ਮੇਰੇ ਘੋੜਾ ਮੇਰੇ ਵਲ ਘਲ ਦੇਣਾ ਤੇ ਛੇਤੀ ਨਾਲ ਮੇਰੀ ਮਦਦ 'ਤੇ ਪਹੁੰਚਣਾ।"

ਇਹ ਕਹਿ, ਕਿਸਾਨ-ਜਾਇਆ ਈਵਾਨ ਦਾਖਾਂ ਵਾਲੇ ਦਰਿਆ ਨੂੰ ਹੋ ਪਿਆ, ਬੇਰੀਆਂ ਵਾਲੇ ਪੁਲ ਹੇਠ ਖਲੋ ਗਿਆ ਤੇ ਉਡੀਕਣ ਲਗਾ।

੨੯