ਪੰਨਾ:ਮਾਣਕ ਪਰਬਤ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜੇ ਅੱਧੀ ਰਾਤ ਹੋਈ ਹੀ ਸੀ ਕਿ ਜ਼ਮੀਨ ਕੰਬਣ ਤੇ ਹਿੱਲਣ ਲਗ ਪਈ, ਦਰਿਆ ਦਾ ਪਾਣੀ ਖੋਲਣ ਤੇ ਉਬਾਲੇ ਖਾਣ ਲਗ ਪਿਆ, ਜੰਗਲੀ ਹਵਾਵਾਂ ਚਾਂਗਰਨ ਲਗ ਪਈਆਂ ਤੇ ਸ਼ਾਹ ਬਲੂਤ ਵਿਚੋਂ ਉਕਾਬ ਚੀਕਣ ਲਗ ਪਏ। ਦੈਂਂਤਾਂ ਦਾ ਦੈਂਂਤ, ਚੁਦੋ-ਯੁਦੋ, ਉਹ ਜਿਹਦੇ ਬਾਰ੍ਹਾਂ ਸਿਰ ਸਨ, ਘੋੜੇ ਉਤੇ ਅਸਵਾਰ ਦਾਖ਼ਾਂ ਵਾਲੇ ਦਰਿਆ ਵਲ ਆਇਆ। ਚੁਦੋ-ਯੁਦੋ ਦੇ ਬਾਰ੍ਹਾਂ ਦੇ ਬਾਰ੍ਹਾਂ ਸਿਰ ਸ਼ੂਕਰਾਂ ਛਡ ਰਹੇ ਸਨ ਤੇ ਬਾਰ੍ਹਾਂ ਦੇ ਬਾਰ੍ਹਾਂ ਵਿਚੋਂ ਹੀ ਅਗ ਤੇ ਲਾਟਾਂ ਨਿਕਲ ਰਹੀਆਂ ਸਨ। ਚੁਦੋ-ਯੁਦੋ ਦੇ ਘੋੜੇ ਦੇ ਬਾਰ੍ਹਾਂ ਖੰਭ ਸਨ ਤੇ ਉਹਦੇ ਵਾਲ ਤਾਂਬੇ ਦੇ ਸਨ ਤੇ ਉਹਦੀ ਅੱਯਾਲ ਤੇ ਪੁਛਲ ਲੋਹੇ ਦੀ। ਚੁਦੋ-ਯੁਦੋ ਬੇਰੀਆਂ ਵਲ ਪੁਲ ਉਤੇ ਵਧ ਆਇਆ ਤੇ ਇਕਦਮ ਹੀ ਉਹਦੇ ਹੇਠਾਂ ਘੋੜਾ ਥਿੜਕ ਪਿਆ, ਤੇ ਉਹਦੇ ਮੋਢੇ ਉਤੇ ਬੈਠੇ ਕਾਲੇ ਕੋਗੜ-ਕਾਂ ਨੇ ਖੰਭ ਫੜਕਾਏ ਤੇ ਉਹਦੇ ਪਿਛੇ ਆ ਰਹੇ ਕਾਲੇ ਕੁੱਤੇ ਨੇ ਕੰਨ ਖੜੇ ਕਰ ਲਏ। ਤੇ ਚੁਦੋ-ਯੁਦੋ ਨੇ ਛਾਂਟਾ ਘੋੜਿਆਂ ਦੇ ਪਾਸਿਆਂ, ਕੋਗੜ-ਕਾਂ ਦੇ ਖੰਭਾਂ ਤੇ ਕੁੱਤੇ ਦੇ ਕੰਨਾਂ ਉਤੇ ਦੇ ਮਾਰਿਆ।

"ਥਿੜਕ ਕਿਉਂ ਰਿਹੈਂ, ਮੇਰੇ ਘੋੜਿਆ?" ਉਹ ਚਿਲਕਿਆ। ਖੰਭ ਕਿਉਂ ਫੜਕਾ ਰਿਹੈਂ, ਕਾਲੇ ਕਗੜ-ਕਾਂਵਾ? ਕੰਨ ਕਿਉਂ ਖੜੇ ਕਰ ਲਏ ਨੀ, ਕਾਲੇ ਕੁਤਿਆ? ਕਿਸਾਨਾਂ ਦੇ ਮੁੰਡੇ ਈਵਾਨ ਦੀ ਬੋ ਆਈ ਜੇ? ਪਰ ਉਹ ਤਾਂ ਅਜੇ ਜੰਮਿਆ ਵੀ ਨਹੀਂ, ਤੇ ਜੇ ਜੰਮਿਆ ਵੀ ਹੋਇਐ, ਤਾਂ ਵੀ ਮੇਰੇ ਨਾਲ ਟੱਕਰ ਨਹੀਂ ਲੈ ਸਕਦਾ। ਮੈਂ ਬਸ ਇਕ ਫੂਕ ਈ ਮਾਰਨੀ ਏਂ, ਤੇ ਉਹ ਮਿੱਟੀ ਦੀ ਮੁਠ ਵੀ ਨਹੀਂ ਰਹਿਣ ਲਗਾ।"

ਇਹ ਸੁਣ ਕਿਸਾਨ-ਜਾਇਆ ਈਵਾਨ ਬੇਰੀਆਂ ਵਾਲੇ ਪੁਲ ਹੇਠਾਂ ਨਿਕਲ ਆਇਆ।

"ਠਹਿਰ, ਐਵੇਂ ਫੜਾਂ ਨਾ ਮਾਰੀ ਜਾ, ਚੁਦੋ-ਯੁਦੋ," ਉਹਨੇ ਲਲਕਾਰਾ ਮਾਰਿਆ, "ਨਹੀਂ ਤਾਂ ਸ਼ਰਮ ਨਾਲ ਬੁਰਾ ਹਾਲ ਹੋ ਜਾਏਗਾ ਈ।"

"ਹੱਛਾ, ਤੂੰ ਏਂ, ਕਿਸਾਨਾਂ ਦਾ ਮੁੰਡਾ ਈਵਾਨ! ਕੀ ਕਰਨ ਆਇਐ ਏਥੇ?"

ਮੈਂ, ਬਦਮਾਸ਼ ਦੈਂਂਤਾਂ, ਤੈਨੂੰ ਜੀ ਭਰ ਕੇ ਵੇਖਣ ਤੇ ਤੇਰੀ ਹਿੰਮਤ ਦੀ ਅਜ਼ਮਾਇਸ਼ ਕਰਨ ਆਇਆ !"

"ਮੇਰੀ ਹਿੰਮਤ ਦੀ ਅਜ਼ਮਾਇਸ਼ ਜ਼ਰੂਰ ਕਰ! ਮੱਖੀ ਬਰਾਬਰ ਏਂ ਤੂੰ ਮੇਰੇ ਸਾਹਮਣੇ!"

ਕਿਸਾਨ-ਜਾਏ ਈਵਾਨ ਨੇ ਆਖਿਆ:

"ਮੈਂ ਤੈਨੂੰ ਏਥੇ ਕਹਾਣੀਆਂ ਪਾ ਭਰਮਾਣ ਨਹੀਂ ਆਇਆਂ, ਤੇ ਨਾ ਤੇਰੀਆਂ ਕਹਾਣੀਆਂ ਸੁਣਨ ਵੀ ਆਇਆਂ। ਮੈਂ ਕੁਲਹਿਣੇ ਦੈਂਤਾਂ, ਤੈਨੂੰ ਲੜ ਕੇ ਮਾਰਨ ਤੇ ਭਲੇ ਲੋਕਾਂ ਦੀ ਤੇਰੀ ਹਸਤੀ ਤੋਂ ਖਲਾਸੀ ਕਰਾਣ ਆਇਆਂ!"

ਤੇ ਕਿਸਾਨ-ਜਾਏ ਈਵਾਨ ਨੇ ਆਪਣੀ ਤੇਜ਼ ਤਲਵਾਰ ਉਗਰੀ ਤੇ ਚੁਦੋ-ਯੁਦੋ ਦੇ ਤਿੰਨ ਸਿਰ ਵਢ ਦਿਤੇ। ਪਰ ਚੁਦੋ-ਯੁਦੋ ਨੇ ਉਹਨਾਂ ਨੂੰ ਚੁੱਕ ਲਿਆ ਤੇ ਉਹਨਾਂ ਉਤੇ ਆਪਣੀ ਲਾਟੋ-ਲਾਟ ਉਂਗਲੀ ਫੇਰ ਉਹਨਾਂ ਨੂੰ ਫੇਰ ਉਹਨਾਂ ਵਾਲੀਆਂ ਧੌਣਾਂ ਉਤੇ ਜੜ ਲਿਆ, ਤੇ ਉਹ ਇਕਦਮ ਹੀ ਉਹਨਾਂ ਨਾਲ ਜੁੜ ਗਏ, ਇੰਜ ਜਿਵੇਂ ਉਹ ਕਦੀ ਕੱਟੇ ਹੀ ਨਾ ਗਏ ਹੋਣ।

ਓਦੋਂ ਤਕ ਈਵਾਨ ਦੀ ਹਾਲਤ ਮੰਦੀ ਹੋ ਚੁਕੀ ਸੀ, ਕਿਉਂਕਿ ਚੁਦੋ-ਯੁਦੋ ਸ਼ੂਕਰਾਂ ਨਾਲ ਉਹਦੇ ਕੰਨ ਬੋਲੇ ਕਰ ਰਿਹਾ ਸੀ, ਆਪਣੀਆਂ ਲਾਟੋ-ਲਾਟ ਜੀਭਾਂ ਨਾਲ ਉਹਨੂੰ ਲਾਸ਼ਾਂ ਪਾ ਰਿਹਾ ਸੀ, ਉਹਦੇ ਉਤੇ ਚੰਗਿਆੜੇ ਵਰ੍ਹਾ ਰਿਹਾ ਸੀ ਤੇ ਉਹਨੂੰ ਉਹਨੇ ਗਿੱਲੀ ਮਿੱਟੀ ਵਿਚ ਗੋਡਿਆਂ ਤਕ ਧਕ ਦਿਤਾ ਸੀ।

"ਕਿਉਂ, ਕਿਸਾਨਾਂ ਦੇ ਮੁੰਡਿਆ, ਈਵਾਨ, ਰਤਾ ਸਾਹ ਲੈਣਾ ਈ?" ਚੁਦੋ-ਯੁਦੋ ਨੇ ਟਿਚਕਰ ਕੀਤੀ।

"ਸਾਹ ਲੈਣ ਦੀ ਗੱਲ ਨਾ ਕਰ," ਈਵਾਨ ਨੇ ਜਵਾਬ ਦਿਤਾ। "ਮਾਰੋ, ਵੱਢੋ, ਸਭ ਕੁਝ ਛੱਡੋ, ਮੈਂ ਤਾਂ ਇੰਜ ਕਰਨਾ!"

੩੦