ਪੰਨਾ:ਮਾਣਕ ਪਰਬਤ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਏਨੀ ਛੇਤੀ ਕਿਉਂ ਉਠ ਪਿਐਂਂ?" ਉਹਦੇ ਭਰਾਵਾਂ ਨੇ ਪੁਛਿਆ। "ਏਡੀ ਸਖ਼ਤ ਲੜਾਈ ਪਿਛੋਂ ਆਰਾਮ ਦੀ ਲੋੜ ਏ ਤੈਨੂੰ।"

"ਨਾ, ਮੈਂ ਆਰਾਮ ਨਹੀਂ ਕਰ ਸਕਦਾ," ਈਵਾਨ ਨੇ ਆਖਿਆ। "ਦਾਖ਼ਾਂ ਵਾਲੇ ਦਰਿਆ ਕੋਲ ਮੇਰੀ ਪੇਟੀ ਗੁਆਚ ਗਈ ਏ, ਤੇ ਮੈਂ ਲੱਭਣ ਜਾਣੈਂਂ ਉਹਨੂੰ।"

"ਲੋੜ ਕੀ ਏ!" ਭਰਾਵਾਂ ਨੇ ਜਵਾਬ ਦਿਤਾ। "ਸ਼ਹਿਰ ਨੂੰ ਜਾਵਾਂਗੇ ਤੇ ਓਥੋਂ ਨਵੀਂ ਪੇਟੀ ਖਰੀਦ ਲਵੀਂ।"

"ਨਹੀਂ, ਮੈਨੂੰ ਆਪਣੀ ਪੁਰਾਣੀ ਪੇਟੀ ਈ ਚਾਹੀਦੀ ਏ!

ਤੇ ਈਵਾਨ ਇਕੱਲਾ ਹੀ ਦਾਖ਼ਾਂ ਵਾਲੇ ਦਰਿਆ ਵਲ ਹੋ ਪਿਆ। ਪਰ ਉਹ ਆਪਣੀ ਪੇਟੀ ਲੱਭਣ ਲਈ ਨਾ ਅਟਕਿਆ। ਉਹ ਬੇਰੀਆਂ ਵਾਲੇ ਪੁਲ ਤੋਂ ਹੁੰਦਾ ਹੋਇਆ ਦਰਿਆ ਦੇ ਪਾਰਲੇ ਕੰਢੇ ਚਲਾ ਗਿਆ ਤੇ ਇੰਜ ਅਛੋਪਲੇ ਹੀ ਕਿ ਉਹ ਕਿਸੇ ਦੀ ਨਜ਼ਰੀਂ ਨਾ ਪਿਆ, ਚੁਦੋ-ਯੁਦੋਆਂ ਦੇ ਪੱਥਰ ਵਾਲੇ ਮਹਿਲ ਕੋਲ ਜਾ ਪਹੁੰਚਿਆ। ਉਹ ਰੀਂਗਦਾ-ਰੀਂਗਦਾ ਇਕ ਖੁਲ੍ਹੀ ਬਾਰੀ ਕੋਲ ਜਾ ਅਪੜਿਆ ਤੇ ਉਥੇ, ਕੰਨ ਲਾ, ਸੁੰਗੜ ਕੇ ਬਹਿ ਗਿਆ, ਏਸ ਲਈ ਕਿ ਉਹ ਸੁਣਨਾ ਚਾਹੁੰਦਾ ਸੀ, ਓਥੇ ਕੋਈ ਗੋਂਦ ਤਾਂ ਨਹੀਂ ਸੀ ਗੁੰਦੀ ਜਾ ਰਹੀ।

ਉਹਨੇ ਵੇਖਿਆ, ਤੇ ਉਹਨੂੰ ਦਿਸਿਆ, ਅੰਦਰ ਚੁਦੋ-ਯੁਦੋਆਂ ਦੀਆਂ ਤਿੰਨ ਵਹੁਟੀਆਂ ਤੇ ਉਹਨਾਂ ਦੀ ਮਾਂ, ਬੁੱਢੀ ਅਜਗਰਨੀ, ਬੈਠੀ ਸੀ। ਉਹ ਉਥੇ ਬੈਠੀਆਂ ਸਨ ਤੇ ਆਪੋ ਵਿਚ ਗੱਲਾਂ ਕਰ ਰਹੀਆਂ ਸਨ।

ਪਹਿਲੀ ਵਹੁਟੀ ਨੇ ਆਖਿਆ:

"ਮੈਂ ਕਿਸਾਨਾਂ ਦੇ ਮੁੰਡੇ ਈਵਾਨ ਤੋਂ ਆਪਣੇ ਘਰ ਵਾਲੇ ਦਾ ਬਦਲਾ ਲਵਾਂਗੀ। ਜਦੋਂ ਉਹ ਤੇ ਉਹਦੇ ਭਰਾ ਘਰ ਪਰਤ ਰਹੇ ਹੋਣਗੇ, ਮੈਂ ਉਹਨਾਂ ਦੇ ਅਗੇ ਭੱਜਾਂਗੀ, ਦਿਨ ਦੀ ਗਰਮੀ ਅਸਹਿ ਬਣਾ ਦਿਆਂਗੀ ਤੇ ਆਪ ਖੂਹ ਬਣ ਜਾਵਾਂਗੀ। ਉਹ ਪਾਣੀ ਪੀਣ ਲਈ ਤਰਸਣਗੇ ਤੇ ਪਹਿਲਾ ਘੁੱਟ ਭਰਦਿਆਂ ਈ ਡਿਗ ਮਰਨਗੇ।"

"ਠੀਕ ਆਖਿਆ ਈ," ਬੁੱਢੀ ਅਜਗਰਨੀ ਬੋਲੀ।

ਦੂਜੀ ਵਹੁਟੀ ਨੇ ਆਖਿਆ:

"ਮੈਂ ਉਹਨਾਂ ਦੇ ਅਗੇ ਭੱਜਾਂਗੀ ਤੇ ਸੇਆਂ ਦਾ ਦਰਖ਼ਤ ਬਣ ਜਾਵਾਂਗੀ। ਉਹ ਤਿੰਨੇ ਜਿਵੇਂ ਈ ਉਹਨਾਂ ਕਿਸੇ ਵੀ ਸੇਅ ਨੂੰ ਮੂੰਹ ਲਾਇਆ, ਇਕਦਮ ਈ ਤੂੰਬੇ ਜਾਣਗੇ।

"ਠੀਕ ਆਖਿਐ ਤੂੰ ਵੀ," ਬੁੱਢੀ ਅਜਗਰਨੀ ਫੇਰ ਬੋਲੀ।

ਤੀਜੀ ਵਹੁਟੀ ਨੇ ਆਖਿਆ:

"ਤੇ ਮੈਂ, ਉਹਨਾਂ 'ਤੇ ਨੀਂਦਰ ਦਾ ਟੂਣਾ ਕਰਾਂਗੀ; ਮੈਂ ਉਹਨਾਂ ਦੇ ਅਗੇ ਭੱਜਾਂਗੀ ਤੇ ਰੇਸ਼ਮੀ ਗੱਦੀਆਂ ਵਾਲਾ ਨਰਮ ਗਲੀਚਾ ਬਣ ਜਾਵਾਂਗੀ। ਭਰਾ ਲੇਟਣਾ ਤੇ ਆਰਾਮ ਕਰਨਾ ਚਾਹੁਣਗੇ, ਪਰ ਸੜ ਕੇ ਕੋਲੇ ਹੋ ਜਾਣਗੇ!"

"ਤੇ ਤੂੰ ਵੀ ਕੋਈ ਘਟ ਠੀਕ ਨਹੀਂ ਆਖਿਆ," ਬੁੱਢੀ ਅਜਗਰਨੀ ਬੋਲੀ। "ਪਰ ਜੇ ਤੁਸੀਂ ਤਿੰਨੋ ਉਹਨਾਂ ਨੂੰ ਨਾ ਮਾਰ ਸਕੀਆਂ, ਤਾਂ ਮੈਂ ਬਹੁਤ ਵਡੀ ਸੂਰਨੀ ਬਣ ਜਾਵਾਂਗੀ, ਤੇ ਪਿਛੋਂ ਜਾ ਮਿਲ, ਤਿੰਨਾਂ ਦੇ ਤਿੰਨਾਂ ਨੂੰ ਨਿਘਾਰ ਜਾਵਾਂਗੀ।"

ਕਿਸਾਨ-ਜਾਏ ਈਵਾਨ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਛੇਤੀ-ਛੇਤੀ ਆਪਣੇ ਭਰਾਵਾਂ ਕੋਲ ਪਰਤ ਆਇਆ।

"ਕਿਉਂ, ਲਭ ਪਈ ਆ ਪੇਟੀ?" ਉਹਨਾਂ ਉਹਨੂੰ ਪੁਛਿਆ।

"ਲਭ ਪਈ ਏ।"

੩੨