ਪੰਨਾ:ਮਾਣਕ ਪਰਬਤ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ ਤੇ ਆਪਣੀ ਤਲਵਾਰ ਨਾਲ ਗਲੀਚੇ ਤੇ ਗੱਦੀਆਂ ਦੇ ਟੋਟੇ ਕਰਨ ਲਗਾ। ਉਹਨੇ ਉਹਨਾਂ ਦੀਆਂ ਫੀਤੀਆਂ ਕਰ ਦਿਤੀਆਂ ਤੇ ਪਰਾਂ ਸੁਟ ਵਗਾਈਆਂ ਤੇ ਆਖਿਆ :

"ਭਰਾਵੋ , ਤੁਹਾਨੂੰ ਮੇਰੇ 'ਤੇ ਗਿਲਾ ਨਹੀਂ ਕਰਨਾ ਚਾਹੀਦਾ। ਏਸ ਲਈ ਕਿ ਖੂਹੀ , ਸੈਆਂ ਦਾ ਦਰਖ਼ਤ ਤੇ ਗਲੀਚਾ ਉਹ ਨਹੀਂ ਸਨ , ਜੁ ਉਹ ਲਗਦੇ ਸਨ , ਸਗੋਂ ਤਿੰਨਾਂ ਚੁਦੋ-ਦੋਆਂ ਦੀਆਂ ਵਹੁਟੀਆਂ ਸਨ। ਉਹ ਸਾਨੂੰ ਮਾਰਨਾ ਚਾਹੁੰਦੀਆਂ ਸਨ , ਪਰ ਮਾਰ ਨਹੀਂ ਸਕੀਆਂ , ਸਗੋਂ ਆਪ ਮਰ-ਮੁਕ ਗਈਆਂ ਨੇ।"

ਭਰਾ ਅਗੇ ਚਲਦੇ ਗਏ ਤੇ ਉਹ ਬਹੁਤ ਅਗੇ ਨਿਕਲ ਗਏ ਜਾਂ ਘਟ ਅਗੇ ਨਿਕਲ ਗਏ,ਇਹਦੀ ਕਿਸੇ ਨੂੰ ਖ਼ਬਰ ਨਹੀਂ,ਪਰ ਚਾਣਚਕ ਹੀ ਅਸਮਾਨ ਕਾਲਾ ਸ਼ਾਹ ਹੋ ਗਿਆ , ਹਵਾ ਚਾਂਗਰਨ ਲਗ ਪਈ , ਤੇ ਜ਼ਮੀਨ ਕੰਬਣ ਤੇ ਸਾਂ-ਸਾਂ ਕਰਨ ਲਗ ਪਈ,ਤੇ ਉਹਨਾਂ ਵੇਖਿਆ,ਇਕ ਬਹੁਤ ਵਡੀ ਸੂਰਨੀ ਉਹਨਾਂ ਦੇ ਪਿਛੇ ਭੱਜੀ ਆ ਰਹੀ ਸੀ। ਉਹਨੇ ਆਪਣੇ ਜਬਾੜੇ ਚੁਪਾਟ ਖੋਲ੍ਹ ਲਏ ਤੇ ਈਵਾਨ ਤੇ ਉਹਦੇ ਭਰਾਵਾਂ ਨੂੰ ਨਿਘਾਰ ਹੀ ਚੱਲੀ ਸੀ। ਪਰ ਉਹ ਤਿੰਨੇ ਏਨੇ ਸਿਧੇ-ਸਾਦੇ ਨਹੀਂ ਸਨ। ਉਹਨਾਂ ਆਪਣੀਆਂ ਗੁੱਥੀਆਂ ਵਿਚੋਂ ਇਕ-ਇਕ ਪੂਡ ਲੂਣ ਧਰੂਹ ਕਢਿਆ ਤੇ ਸੂਰਨੀ ਦੇ ਖੁਲੀ ਧੁੰਨੀ ਵਿੱਚ ਦੇ ਮਾਰਿਆ।

ਸੂਰਨੀ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਇਹ ਸੋਚ ਲਿਆ ਕਿ ਕਿਸਾਨਾਂ ਦੇ ਮੁੰਡੇ ਈਵਾਨ ਤੇ ਉਹਦੇ ਦੋਵਾਂ ਭਰਾਵਾਂ ਨੂੰ ਉਹਨੇ ਫੜ ਲਿਆ ਸੀ, ਤੇ ਉਹ ਖਲੋ ਗਈ ਤੇ ਲੂਣ ਨੂੰ ਚਿੱਥਣ ਲਗ ਪਈ। ਪਰ ਸੁਆਦ ਤੋਂ ਇਹ ਮਹਿਸੂਸ ਕਰਦੀ ਕਿ ਇਹ ਲੂਣ ਸੀ, ਉਹ ਫੇਰ ਉਹਨਾਂ ਦੇ ਪਿਛੇ ਭਜ ਪਈ|

ਉਹ ਭਜਦੀ ਗਈ , ਉਹਦੇ ਲੂੰ ਕੰਢੇ ਖੜੇ ਸਨ, ਉਹ ਦੰਦ ਕਰੀਚ ਰਹੀ ਸੀ, ਤੇ ਉਹ ਛੇਤੀ ਹੀ ਉਹਨਾਂ ਨੂੰ ਆ ਰਲੀ ਤੇ ਉਹਨਾਂ ਦੇ ਕੋਲ ਪਹੁੰਚਣ ਵਾਲੀ ਹੋ ਗਈ ।

ਉਹਨੂੰ ਵੇਖ , ਈਵਾਨ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਹ ਵਾਗਾਂ ਵਖ-ਵਖ ਪਾਸਿਆਂ ਨੂੰ ਮੋੜ ਲੈਣ . ਤੇ ਉਹਨਾਂ ਵਿਚੋਂ ਇਕ ਸੱਜੇ ਹਥ ਨਿਕਲ ਗਿਆ ਤੇ ਦੂਜਾ ਖੱਬੇ ਹਥ ਤੇ ਈਵਾਨ ਆਪ-ਸਿੱਧਾ ਅਗੇ ਫਲ।

ਸੂਰਨੀ ਭੱਜੀ ਆਈ ਤੇ ਫੇਰ ਅਟਕ ਗਈ , ਏਸ ਲਈ ਕਿ ਉਹਨੂੰ ਸੁਝ ਨਹੀਂ ਸੀ ਰਿਹਾ ਕਿ ਪਹਿਲੋਂ ਕਿਹਦੇ ਪਿਛੇ ਜਾਏ।

ਜਦੋਂ ਉਹ ਜਕੋ-ਤਕੇ ਵਿਚ ਪਈ ਖੜੀ ਸੀ ਤੇ ਆਪਣੀ ਭੁੰਨੀ ਏਧਰ-ਓਧਰ ਮਾਰ ਰਹੀ ਸੀ,ਈਵਾਨ ਉਹਦੇ ਉਤੇ ਟੁੱਟ ਪਿਆ ,ਉਹਨੇ ਉਹਨੂੰ ਚੁੱਕ ਲਿਆ ਤੇ ਆਪਣੇ ਪੂਰੇ ਜ਼ੋਰ ਨਾਲ ਜ਼ਮੀਨ ਉਤੇ ਦੇ ਮਾਰਿਆ ! ਸੂਰਨੀ ਚੂਰਾ-ਚੂਰਾ ਹੋ ਮਿਟੀ ਹੋ ਗਈ, ਤੇ ਮਿੱਟੀ ਹਵਾ ਨੇ ਖਿੰਡਾ ਦਿਤੀ।

ਉਸ ਵੇਲੇ ਤੋਂ ਪਿਛੋਂ ਉਹਨਾਂ ਇਲਾਕਿਆਂ ਵਿਚ ਕਦੀ ਕੋਈ ਦੈਤ,ਅਜਗਰ ਜਾਂ ਸਪ ਨਹੀਂ ਨਿਕਲਿਆ,ਤੇ ਲੋਕਾਂ ਨੂੰ ਕਿਸੇ ਗੱਲ ਦਾ ਡਰ-ਭਓ ਨਹੀਂ ।

ਜਿਥੋਂ ਤਕ ਕਿਸਾਨ-ਜਾਏ ਈਵਾਨ ਤੇ ਉਹਦੇ ਦੋ ਭਰਾਵਾਂ ਦਾ ਸਵਾਲ ਏ,ਉਹ ਵਾਪਸ ਆਪਣੇ ਮਾਪਿਆਂ ਕੋਲ ਪਹੁੰਚ ਗਏ,ਤੇ ਫੇਰ ਉਹ ਸਾਰੇ ਖੁਸ਼ੀ-ਖੁਸ਼ਾਈਂ ਰਹਿੰਦੇ ਰਹੇ,ਆਪਣੀਆਂ ਪੈਲੀਆਂ ਵਾਂਹਦੇ,ਆਪਣੀ ਕਣਕ ਬੀਜਦੇ।