ਪੰਨਾ:ਮਾਣਕ ਪਰਬਤ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਨੋਖਾ ਮੁਕੱਦਮਾ
ਰੂਸੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਦੋ ਭਰਾ ਹੁੰਦੇ ਸਨ। ਉਹਨਾਂ ਵਿਚੋਂ ਇਕ ਗ਼ਰੀਬ ਸੀ ਤੇ ਦੂਜਾ ਰਿਜ਼ਕਵਾਨ।

ਹੋਇਆ ਕੀ ਕਿ ਇਕ ਦਿਨ ਗ਼ਰੀਬ ਦੀ ਲੱਕੜ ਮੁਕ ਗਈ, ਤੇ ਉਹਦੇ ਕੋਲ ਆਪਣਾ ਚੁਲ੍ਹਾ ਬਾਲਣ ਲਈ ਕੁਝ ਨਾ ਰਿਹਾ। ਉਹਦੀ ਝੁੱਗੀ ਵਿਚ ਡਾਢੀ ਠੰਡ ਲਗਦੀ ਸੀ।

ਉਹ ਜੰਗਲ ਨੂੰ ਗਿਆ ਤੇ ਉਹਨੇ ਕੁਝ ਲੱਕੜ ਵੱਢੀ, ਪਰ ਲੱਕੜ ਘਰ ਲਿਆਉਣ ਲਈ ਉਹਦੇ ਕੋਲ ਘੋੜਾ ਕੋਈ ਨਹੀਂ ਸੀ।

"ਭਰਾ ਕੋਲ ਜਾਨਾਂ ਤੇ ਘੋੜਾ ਮੰਗਨਾਂ ਉਹਦੇ ਤੋਂ," ਉਹਨੇ ਦਿਲ ਵਿਚ ਸੋਚਿਆ।

ਉਹ ਭਰਾ ਕੋਲ ਗਿਆ, ਪਰ ਭਰਾ ਉਹਨੂੰ ਅਗੋਂ ਬਹੁਤ ਹੀ ਨਿਮੋਹਿਆ ਹੋ ਕੇ ਮਿਲਿਆ।

"ਇਕ ਵਾਰੀ ਘੋੜਾ ਤੈਨੂੰ ਮੈਂ ਦੇ ਦੇਨਾਂ, ਪਰ ਵੇਖੀਂ, ਬਹੁਤਾ ਬੋਝ ਨਾ ਲਦ ਦਈਂ ਸੂ," ਉਹਨੇ ਆਖਿਆ।

"ਤੇ ਇਹ ਨਾ ਸੋਚੀਂ, ਤੂੰ ਮੇਰੇ ਕੋਲ ਇਹੋ ਜਿਹੀ ਚੀਜ਼ ਮੰਗਣ ਫੇਰ ਵੀ ਆ ਸਕਣੈ। ਅਜ ਦੇਵਾਂ, ਤੇ ਕਲ੍ਹ ਦੇਵਾਂ, ਤੇ ਫੇਰ ਆਪ ਤਲੀ ਟੱਡਦਾ ਫਿਰਾਂ।"

ਗ਼ਰੀਬ ਭਰਾ ਘੋੜਾ ਘਰ ਲੈ ਗਿਆ, ਤੇ ਸਿਰਫ਼ ਓਥੇ ਜਾ ਕੇ ਉਹਨੂੰ ਚੇਤੇ ਆਇਆ ਕਿ ਉਹਨੂੰ ਘੋੜੇ ਦਾ ਸਾਜ਼ ਮੰਗਣਾ ਯਾਦ ਨਹੀਂ ਸੀ ਰਿਹਾ।

"ਤੇ ਹੁਣ ਵਾਪਸ ਜਾਣ ਦਾ ਵੀ ਕੀ ਫ਼ਾਇਦੈ, ਭਰਾ ਮੇਰਾ ਮੈਨੂੰ ਦੇਣ ਤਾਂ ਲਗਾ ਨਹੀਂ," ਉਹਨੇ ਦਿਲ ਵਿਚ ਸੋਚਿਆ।

ਇਸ ਲਈ ਉਹਨੇ ਸਲੇਜ ਨੂੰ ਘੋੜੇ ਦੇ ਪੂਛਲ ਨਾਲ ਜਿੰਨਾ ਵੀ ਘੁਟ ਕੇ ਬੰਨ੍ਹਿਆ ਜਾ ਸਕਦਾ ਸੀ, ਬੰਨ੍ਹ ਦਿਤਾ, ਤੇ ਜੰਗਲ ਵਲ ਹੋ ਪਿਆ।

੩੫