ਪੰਨਾ:ਮਾਣਕ ਪਰਬਤ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਪਸ ਆਉਂਦਿਆਂ ਸਲੇਜ ਇਕ ਦਰੱਖ਼ਤ ਦੇ ਮੁੱਢ ਵਿਚ ਫਸ ਗਈ, ਪਰ ਉਸ ਵਿਚਾਰੇ ਦਾ ਧਿਆਨ ਨਾ ਪਿਆ, ਤੇ ਉਹਨੇ ਘੋੜੇ ਨੂੰ ਛਾਂਟਾ ਛੁਹਾ ਦਿਤਾ।

ਘੋੜਾ ਤੇਜ਼-ਤੱਰਾਰ ਸੀ; ਉਹਨੇ ਅਗੇ ਨੂੰ ਛਾਲ ਮਾਰੀ ਤੇ ਹੋਇਆ ਕੀ: ਉਹਦੀ ਪੂਛਲ ਲਥ ਗਈ।

ਜਦੋਂ ਰਿਜ਼ਕਵਾਨ ਭਰਾ ਨੇ ਵੇਖਿਆ, ਉਹਦੇ ਘੋੜੇ ਦੀ ਪੂਛਲ ਨਹੀਂ ਸੀ ਰਹੀ, ਉਹ ਗਰੀਬ ਕਰਾ ਨਾਲ ਉੱਚਾ-ਨੀਵਾਂ ਹੋਣ ਲਗਾ।

“ਮੇਰਾ ਘੋੜਾ ਤਬਾਹ ਕਰ ਕੇ ਰੱਖ ਦਿਤਾ ਈ!" ਉਹ ਕੁਰਲਾਇਆ। “ਇਹ ਨਾ ਸਮਝੀ, ਮੈਂ ਏਥੇ ਬਸ ਕਰ ਦਿਆਂਗਾ!"

ਤੇ ਉਹਨੇ ਉਹਦੇ ਉਤੇ ਮੁਕੱਦਮਾ ਕਰ ਦਿਤਾ।

ਥੋੜਾ ਵਕਤ ਲੰਘਆ ਤੇ ਬਹੁਤਾ ਵਕਤ ਲੰਘਆ, ਤੇ ਭਰਾਵਾਂ ਨੂੰ ਕਚਹਿਰੀ ਤੋਂ ਹੁਕਮਨਾਮਾ ਆ ਗਿਆ।

ਉਹ ਸ਼ਹਿਰ ਵਲ ਨੂੰ ਚਲ ਪਏ, ਟੁਰਦੇ ਗਏ ਤੇ ਟੁਰਦੇ ਗਏ, ਤੇ ਗ਼ਰੀਬ ਭਰਾ ਦਿਲ ਹੀ ਦਿਲ ਵਿਚ ਸੋਚਣ ਲਗਾ:

“ਕਚਹਿਰੀਏ ਨਹੀਂ ਮੈਂ ਕਦੀ ਗਿਆ। ਪਰ ਕੰਨੀਂ ਮੇਰੇ ਜ਼ਰੂਰ ਪਿਆ। ਲੜੇ ਨਾ ਮਾੜਾ ਤਗੜੇ ਨਾਲ। ਕਰੇ ਨਾ ਨਾਲਿਸ਼ ਕਦੀ ਕੰਗਾਲ। ਮੈਨੂੰ ਜ਼ਰੂਰ ਕਸੂਰਵਾਰ ਠਹਿਰਾਣਗੇ।"

ਐਨ ਉਸ ਵੇਲੇ ਉਹ ਇਕ ਪੁਲ ਪਾਰ ਕਰ ਰਹੇ ਸਨ, ਤੇ ਏਸ ਕਰਕੇ ਕਿ ਪਲ ਦਾ ਜੰਗਲਾ ਕੋਈ ਨਹੀਂ ਸੀ, ਗ਼ਰੀਬ ਭਰਾ ਦਾ ਪੈਰ ਤਿਲਕ ਗਿਆ ਤੇ ਉਹ ਡਿਗ ਪਿਆ। ਹੋਇਆ ਇਹ ਕਿ ਐਨ ਉਸੇ ਹੀ ਪੁਲ ਹੇਠਾਂ ਇਕ ਵਪਾਰੀ ਆਪਣੇ ਬੁੱਢੇ ਪਿਓ ਨੂੰ ਡਾਕਟਰ ਕੋਲ ਲਿਜਾਣ ਲਈ ਜੰਮੇ ਹੋਏ ਦਰਿਆ ਉਤੋਂ ਸਲੇਜ ਲੰਘ ਰਿਹਾ ਸੀ, ਤੇ ਗ਼ਰੀਬ ਭਰਾ ਵਾਪਰੀ ਦੀ ਸਲੇਜ ਵਿਚ ਐਨ ਬੁੱਢੇ ਦੇ ਉਤੇ ਆ ਪਿਆ , ਬੱਢਾ ਥਾਏ ਹੀ ਮਰ ਗਿਆ ਤੇ ਗ਼ਰੀਬ ਭਰਾ ਨੂੰ ਝਰੀਟ ਤਕ ਨਾ ਪਈ।

ਵਪਾਰੀ ਨੇ ਗਰੀਬ ਭਰਾ ਨੂੰ ਫੜ ਲਿਆ ਤੇ ਪਕੜੀ ਰਖਿਆ।

“ਚਲ ਮੇਰੇ ਨਾਲ ਮੁਨਸਫ਼ ਕੋਲ!" ਉਹ ਚਿਲਕਿਆ।

ਤੇ ਇਸ ਤਰ੍ਹਾਂ ਉਹ ਤਿੰਨੇ, ਦੋ ਭਰਾ ਤੇ ਇਕ ਵਪਾਰੀ, ਸ਼ਹਿਰ ਵਲ ਨੂੰ ਹੋ ਪਏ।

ਗ਼ਰੀਬ ਭਰਾ ਹੋਰ ਵੀ ਉਦਾਸ ਹੋ ਗਿਆ ਤੇ ਉਹਦਾ ਇੰਜ ਮੁੰਹ ਲਹਿ ਗਿਆ, ਜਿਵੇਂ ਅਗੇ ਕਦੀ ਨਹੀਂ ਸੀ ਲੱਥਾ।

"ਹੁਣ ਤਾਂ ਮੈਨੂੰ ਜ਼ਰੂਰ ਈ ਕਸੂਰਵਾਰ ਠਹਿਣਗੇ," ਉਹਨੇ ਦਿਲ ਹੀ ਦਿਲ ਵਿਚ ਸੋਚਿਆ।

ਅੱਚਣਚੇਤ ਹੀ ਉਹਦੀ ਨਜ਼ਰ ਸੜਕ ਉਤੇ ਪਏ ਇਕ ਭਾਰੇ ਪੱਥਰ ਵਲ ਪਈ। ਉਹਨੇ ਪੱਥਰ ਚੁੱਕੇ ਲਿਆ, ਇਕ ਲੀਰ ਵਿਚ ਵਲ੍ਹੇਟ ਲਿਆ ਤੇ ਕਛ ਵਿਚ ਵਾੜ ਲਿਆ।

"ਸਤ ਸੱਲ, ਇਕੋ ਗਲ," ਉਹਨੇ ਦਿਲ ਵਿਚ ਸੋਚਿਆ। "ਜੇ ਮੁਨਸਫ਼ ਨੇ ਇਨਸਾਫ਼ ਨਾ ਕੀਤਾ, ਤੇ ਮੈਨੂੰ ਕਸੂਰਵਾਰ ਠਹਿਰਾਇਆ ਗਿਆ, ਤਾਂ ਮੈਂ ਉਹਨੂੰ ਵੀ ਮਾਰ ਦੇਣੈ।"

ਉਹ ਮੁਨਸਫ਼ ਸਾਹਮਣੇ ਪੇਸ਼ ਹੋਏ, ਤੇ ਹੁਣ ਗ਼ਰੀਬ ਭਰਾ ਦੇ ਖਿਲਾਫ਼ ਇਕ ਦੀ ਥਾਂ ਦੋ ਮੁਕੱਦਮੇ ਸਨ। ਤੇ ਮੁਨਸਫ਼ ਨੇ ਇਨਸਾਫ਼ ਕਰਨ ਤੇ ਸਵਾਲ ਪੁੱਛਣ ਦਾ ਸਿਲਸਿਲਾ ਸ਼ੁਰੂ ਕੀਤਾ।

ਗਰੀਬ ਭਰਾ ਘੜੀ-ਮੁੜੀ ਮੁਨਸਫ਼ ਵਲ ਵੇਖਦਾ, ਲੀਰ ਵਿਚ ਵਲ੍ਹੇਟਿਆ ਪੱਥਰ ਕਢਦਾ ਤੇ ਖੁਸਰ-ਫੁਸਰ ਕਰਦਾ:

੩੬