ਪੰਨਾ:ਮਾਣਕ ਪਰਬਤ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ, ਭਰਾਵਾ, ਆਪਣੀਆਂ ਦੋਵਾਂ ਅੱਖਾਂ ਬਿਨਾਂ ਕਿਵੇਂ ਰਹਿ ਸਕਨਾਂ! ਇਕ ਤੂੰ ਪਹਿਲਾਂ ਈ ਕਢ ਦਿਤੀ ਹੋਈ ਏ। ਤਰਸ ਕਰ ਤੇ ਆਟਾ ਮੈਨੂੰ ਅੰਨ੍ਹਿਆਂ ਕੀਤੇ ਬਿਨਾਂ ਦੇ ਦੇ।"

"ਨਹੀਂ, ਵਾਈ ਨਹੀਂ, ਉਨਾ ਚਿਰ ਨਹੀਂ, ਜਿੰਨਾ ਚਿਰ ਮੈਨੂੰ ਆਪਣੀ ਦੂਜੀ ਅਖ ਨਹੀਂ ਕਢ ਲੈਣ ਦੇਂਦਾ।" ਕੰਗਾਲ ਭਰਾ ਕਰਦਾ ਵੀ ਤਾਂ ਕੀ ਕਰਦਾ।

"ਚਲ, ਕਢ ਲੈ, ਫੇਰ, ਤੇ ਰਬ ਤੇਰਾ ਭਲਾ ਕਰੇ,"ਉਹਨੇ ਆਖਿਆ। ਤੇ ਰੱਜੇ-ਪੁੱਜੇ ਭਰਾ ਨੇ ਛੁਰੀ ਫੜੀ, ਕੰਗਾਲ ਭਰਾ ਦੀ ਦੂਜੀ ਅਖ ਕਢ ਦਿਤੀ ਤੇ ਉਹਦੀ ਬੋਰੀ ਆਟੇ ਨਾਲ ਭਰ ਦਿੱਤੀ। ਤੇ ਅੰਨ੍ਹੇ ਆਦਮੀ ਨੇ ਬੋਰੀ ਚੁਕ ਲਈ ਤੇ ਘਰ ਨੂੰ ਹੋ ਪਿਆ।

ਉਹ ਠੁੱਡੇ ਖਾਂਦਾ, ਤੇ ਲੱਕੜੀ ਦੀ ਇਕ ਵਾੜ ਤੋਂ ਦੂਜੀ ਵਾੜ ਨੂੰ ਟੋਹਦਾ, ਡਾਢੀ ਮੁਸ਼ਕਲ ਨਾਲ ਟੁਰ ਰਿਹਾ ਸੀ, ਪਰ ਅਖੀਰ, ਆਟਾ ਲੈ, ਉਹ ਘਰ ਪਹੁੰਚ ਹੀ ਪਿਆ। ਉਹਦੀ ਘਰ ਵਾਲੀ ਨੇ ਉਹਦੇ ਵਲ ਤਕਿਆ ਤੇ ਹੌਲ ਨਾਲ ਉਹਦਾ ਲਹੂ ਜੰਮ ਗਿਆ।

"ਓਏ, ਬਦਨਸੀਬਾ, ਅੱਖਾਂ ਬਿਨਾਂ ਕਿਵੇਂ ਰਹੇਂਗਾ!" ਉਹ ਕੁਰਲਾਈ। "ਖਬਰੇ ਸਾਨੂੰ ਆਟਾ ਕਿਸੇ ਹੋਰ ਥਾਉਂ ਮਿਲ ਜਾਂਦਾ, ਤੇ ਹੁਣ..."

ਤੇ ਉਹ ਵਿਚਾਰੀ ਰੋਣ ਲਗ ਪਈ ਤੇ ਉਹਦੇ ਤੋਂ ਕੁਝ ਹੋਰ ਨਾ ਆਖਿਆ ਗਿਆ। ਅੰਨੇ ਆਦਮੀ ਨੇ ਕਿਹਾ:

"ਭਲੀਏ ਲੱਕੇ, ਰੋ ਨਾ! ਦੁਨੀਆਂ 'ਚ ਇਕੋ ਅੰਨ੍ਹਾ ਮੈਂ ਈ ਨਹੀਂ। ਮੇਰੇ ਵਰਗੇ ਹੋਰ ਕਿੰਨੇ ਈ ਨੇ, ਤੇ ਅੱਖਾਂ ਤੋਂ ਬਿਨਾਂ ਝਟ ਲੰਘਾ ਈ ਰਹੇ ਨੇ।"

ਪਰ ਟੋਪਾ ਆਟੇ ਦਾ ਬਾਲਾਂ ਵਾਲੇ ਟੱਬਰ ਲਈ ਕੀ ਹੁੰਦਾ ਏ, ਤੇ ਛੇਤੀ ਹੀ ਉਹਦੀ ਅਖ਼ੀਰੀ ਚੂੰਡੀ ਵੀ ਮੁਕ ਗਈ।

"ਭਲੀਏ ਲੋਕੇ, ਹੁਣ ਫੇਰ ਮੈਂ ਆਪਣੇ ਭਰਾ ਨੂੰ ਖੇਚਲ ਦੇਣ ਨਹੀਂ ਚਲਿਆ," ਅੰਨ੍ਹੇ ਆਦਮੀ ਨੇ ਕਿਹਾ। "ਮੈਨੂੰ ਪਿੰਡ ਤੋਂ ਪਾਰ ਸੰਘਣੇ ਸਫ਼ੈਦੇ ਕੋਲ ਲੈ ਜਾ ਤੇ ਦਿਨ ਭਰ ਲਈ ਮੈਨੂੰ ਓਥੇ ਛਡ ਦੇ, ਤੇ ਸ਼ਾਮੀਂ ਤੂੰ ਆ ਜਾਈਂ ਤੇ ਮੈਨੂੰ ਘਰ ਲੈ ਜਾਈਂ। ਓਸ ਰਾਹੀਂ ਪੈਦਲ ਤੇ ਘੋੜਿਆਂ 'ਤੇ ਬੜੇ ਲੋਕ ਲੰਘਦੇ ਨੇ; ਕੋਈ ਨਾ ਕੋਈ ਤਾਂ ਟੁਕੜਾ ਰੋਟੀ ਦਾ ਦੇ ਈ ਜਾਏਗਾ।"

ਤੇ ਅੰਨ੍ਹੇ ਨੂੰ ਉਹਦੀ ਘਰ ਵਾਲੀ ਉਥੇ ਲੈ ਗਈ, ਜਿਥੇ ਉਹਨੂੰ ਉਹਨੇ ਕਿਹਾ ਸੀ, ਉਹਨੂੰ ਸਫ਼ੈਦੇ ਹੇਠ ਬਿਠਾ ਦਿਤਾ ਤੇ ਘਰ ਪਰਤ ਆਈ।

ਅੰਨ੍ਹਾ ਓਥੇ ਬੈਠਾ ਰਿਹਾ, ਤੇ ਕਿਸੇ ਉਹਨੂੰ ਰਤਾ-ਮਾਸਾ ਖ਼ੈਰ ਪਾ ਦਿਤੀ, ਪਰ ਛੇਤੀ ਹੀ ਸ਼ਾਮਾਂ ਪੈਣ ਦਾ ਵੇਲਾ ਹੁੰਦਾ ਜਾ ਰਿਹਾ ਸੀ, ਤੇ ਅਜੇ ਉਹਦੀ ਘਰ ਵਾਲੀ ਨਹੀਂ ਸੀ ਆਈ। ਅੰਨ੍ਹਾ ਥਕ ਗਿਆ ਤੇ ਉਹਨੇ ਆਪਣੇ ਆਪ ਘਰ ਜਾਣ ਦਾ ਮਤਾ ਪਕਾਇਆ, ਪਰ ਉਹ ਗ਼ਲਤ ਪਾਸੇ ਮੁੜ ਗਿਆ ਤੇ ਘਰ ਪਹੁੰਚਣ ਦੀ ਥਾਂ ਉਹ ਟੁਰਦਾ ਗਿਆ, ਟੁਰਦਾ ਗਿਆ, ਬਿਨਾਂ ਇਸ ਸਾਰ ਦੇ ਕਿ ਉਹ ਕਿੱਧਰ ਜਾ ਰਿਹਾ ਸੀ। ਚਾਣਚਕ ਹੀ ਉਹਦੇ ਕੰਨੀਂ ਆਪਣੇ ਚੌਹਾਂ ਪਾਸੇ ਦਰਖ਼ਤਾਂ ਦੇ ਸਰਸਰਾਣ ਦੀ ਆਵਾਜ਼ ਪਈ, ਤੇ ਉਹਨੂੰ ਪਤਾ ਲਗ ਗਿਆ ਕਿ ਉਹ ਜੰਗਲ ਵਿਚ ਸੀ ਤੇ ਉਹਨੂੰ ਰਾਤ ਓਥੇ ਹੀ ਗੁਜ਼ਾਰਨੀ ਪੈਣੀ ਸੀ। ਪਰ, ਜੰਗਲੀ ਜਨੌਰਾਂ ਦੇ ਡਰ ਮਾਰੇ ਉਹ ਇਕ ਦਰਖ਼ਤ ਉਤੇ ਚੜ੍ਹ ਗਿਆ, ਤੇ ਇਹ ਕਰਤਬ ਉਹ ਔਖਿਆਈ ਨਾਲ ਹੀ ਕਰ ਹੀ ਸਕਿਆ, ਤੇ ਓਥੇ ਅਹਿਲ ਹੋ ਬਹਿ ਗਿਆ।

੫੫