ਪੰਨਾ:ਮਾਣਕ ਪਰਬਤ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਅੰਨ੍ਹਾ ਦਰਖ਼ਤ ਉਤੇ ਬੈਠਾ ਰਿਹਾ, ਤੇ ਜੁ ਕੁਝ ਵੀ ਕਿਹਾ ਜਾ ਰਿਹਾ ਸੀ, ਸੁਣਦਾ ਰਿਹਾ, ਤੇ ਜਦੋਂ ਪ੍ਰੇਤ ਉਡ-ਪੁਡ ਗਏ, ਉਹ ਦਰਖ਼ਤ ਤੋਂ ਉਤਰਿਆ, ਉਹਨੇ ਤਰੇਲ ਆਪਣੀਆਂ ਅੱਖਾਂ ਉਤੇ ਮਲੀ ਤੇ ਹੋਇਆ ਕੀ! ਉਹਨੂੰ ਫੇਰ ਦਿੱਸਣ ਲਗ ਪਿਆ।

"ਹੁਣ ਮੈਂ ਜਾਨਾਂ ਤੇ ਦੂਜਿਆਂ ਲੋਕਾਂ ਦੀ ਮਦਦ ਕਰਨਾਂ," ਉਹਨੇ ਦਿਲ ਵਿਚ ਸੋਚਿਆ।

ਤੇ ਛੋਟੀ ਜਿਹੀ ਸ਼ੀਸ਼ੀ ਵਿਚ, ਜਿਹੜੀ ਉਹਦੇ ਕੋਲ ਸੀ, ਥੋੜੀ ਜਿਹੀ ਤਰੇਲ ਭਰ, ਉਹ ਆਪਣੇ ਰਾਹੇ ਪੈ ਗਿਆ।

ਉਹ ਓਸ ਪਿੰਡ ਆਇਆ, ਜਿਥੇ ਪਾਣੀ ਨਹੀਂ ਸੀ ਰਿਹਾ, ਤੇ ਉਹਨੇ ਵੇਖਿਆ, ਇਕ ਬੁਢੜੀ ਵਹਿੰਗੀ ਉਤੇ ਦੋ ਬਾਲਟੀਆਂ ਚੁੱਕੀ ਲਿਜਾ ਰਹੀ ਸੀ।

"ਬੇਬੇ, ਥੋੜਾ ਜਿਹਾ ਪਾਣੀ ਪਿਆ ਦੇ," ਨਿਉਂ ਕੇ ਸਲਾਮ ਕਰਦਿਆਂ, ਉਹਨੇ ਆਖਿਆ।

"ਓਏ, ਪੁਤਰਾ," ਬੁੱਢੀ ਨੇ ਜਵਾਬ ਦਿਤਾ," ਮੈਂ ਇਹ ਪਾਣੀ ਚਾਲ੍ਹੀ ਵਰਸਤ ਦੀ ਵਾਟ ਤੋਂ ਲਿਆਈਂ ਹਾਂ, ਤੇ ਹੁਣ ਤਕ ਅੱਧਾ ਕੁ ਤੇ ਮੈਥੋਂ ਡੁਲ ਈ ਗਿਐ। ਤੇ ਮੇਰਾ ਟੱਬਰ ਵਡਾ ਏ, ਤੇ ਉਹ ਪਾਣੀ ਖੁਣੋਂ ਮਰ ਜਾਣਗੇ!"

"ਜਦੋਂ ਮੈਂ ਤੁਹਾਡੇ ਪਿੰਡ ਪੁਜਿਆ, ਹਰ ਕਿਸੇ ਲਈ ਚੋਖਾ ਪਾਣੀ ਹੋ ਜਾਏਗਾ," ਉਹਨੇ ਬੁੱਢੀ ਨੂੰ ਦਸਿਆ।

ਬੁੱਢੀ ਨੇ ਉਹਨੂੰ ਪਾਣੀ ਪਿਆਇਆ ਤੇ ਚੰਗੀ ਖ਼ਬਰ ਸੁਣ ਉਹਨੂੰ ਇੰਜ ਚਾਅ ਚੜ੍ਹ ਗਿਆ ਕਿ ਉਹ ਪਿੰਡ ਵਲ ਨੂੰ ਹੋ ਭੱਜੀ ਤੇ ਉਹਨੇ ਪਿੰਡ ਵਾਲਿਆਂ ਨੂੰ ਉਹਦੇ ਬਾਰੇ ਦਸਿਆ। ਤੇ ਪਿੰਡ ਵਾਲਿਆਂ ਨੂੰ ਸੁਝ ਨਹੀਂ ਸੀ ਰਿਹਾ ਕਿ ਬੁੱਢੀ ਦੇ ਕਹੇ ਦਾ ਅਤਬਾਰ ਕਰਨ ਜਾਂ ਨਾ ਕਰਨ, ਪਰ ਉਹ ਉਹਨੂੰ ਅਗੋਂ ਲੈਣ ਆਏ, ਤੇ ਉਹਨਾਂ ਸਿਰ ਨਿਵਾ ਉਹਨੂੰ ਬੰਦਗੀ ਕੀਤੀ ਤੇ ਕਿਹਾ:

"ਮਿਹਰਵਾਨ ਪ੍ਰਦੇਸੀਆ, ਸਾਨੂੰ ਜ਼ਾਲਮ ਮੌਤ ਤੋਂ ਬਚਾ, ਜੁ ਸਾਨੂੰ ਉਡੀਕ ਰਹੀ ਏ।"

"ਬਚਾਵਾਂਗਾ ਤੁਹਾਨੂੰ," ਉਹਨੇ ਆਖਿਆ। "ਪਰ ਜੇ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਓਸ ਸ਼ਹਿਰ ਲੈ ਜਾਓ, ਜਿਹੜਾ ਤੁਹਾਡੇ ਪਿੰਡੋਂ ਸਭ ਤੋਂ ਨੇੜੇ ਏ।"

ਉਹ ਉਹਨੂੰ ਸ਼ਹਿਰ ਲੈ ਗਏ, ਤੇ ਉਹਨੇ ਇਕ ਪਾਸੇ ਲਭਿਆ ਤੇ ਦੂਜੇ ਪਾਸੇ ਲਭਿਆ, ਤੇ ਅਖ਼ੀਰ ਉਹ ਚਟਾਨ ਢੂੰਡ ਲਈ, ਜਿਹਦੀ ਗਲ ਪ੍ਰੇਤਾਂ ਨੇ ਕੀਤੀ ਸੀ।

ਫੇਰ ਲੋਕ ਸਾਰੇ ਰਲ ਕੇ ਲਗ ਪਏ, ਤੇ ਉਹਨਾਂ ਚਟਾਨ ਚੁਕ ਤੇ ਸਰਕਾ ਲਈ। ਤੇ ਓਸੇ ਹੀ ਪਲ ਉਹਦੇ ਥਲਿਉਂ ਪਾਣੀ ਵਹਿ ਨਿਕਲਿਆ। ਉਹ ਇਕ ਚੌੜੀ ਨਹਿਰ ਬਣ ਨਿਕਲਿਆ ਤੇ ਉਹਨੇ ਸਾਰੇ ਚਸ਼ਮੇ ਭਰ ਦਿਤੇ, ਸਾਰਿਆਂ ਤਲਾਵਾਂ ਤੇ ਦਰਿਆਵਾਂ ਨੂੰ ਨਕੋ-ਨਕ ਭਰ ਦਿਤਾ ਤੇ ਡੂੰਘਿਆਂ ਕਰ ਦਿਤਾ।

ਲੋਕਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਤੇ ਉਹਨਾਂ ਓਸ ਆਦਮੀ ਦਾ ਸ਼ੁਕਰੀਆ ਅਦਾ ਕੀਤਾ ਤੇ ਉਹਨੂੰ ਬਹੁਤ ਸਾਰੇ ਪੈਸੇ ਤੇ ਸੁਗਾਤਾਂ ਨਾਲ ਲਦ ਦਿਤਾ।

ਆਦਮੀ ਘੋੜੇ 'ਤੇ ਚੜ੍ਹ ਬੈਠਾ ਤੇ ਚਲ ਪਿਆ, ਤੇ ਜਿਹੜਾ ਕੋਈ ਵੀ ਉਹਨੂੰ ਮਿਲਦਾ, ਉਹ ਉਹਦੇ ਤੇ ਉਸ ਜ਼ਾਰਸ਼ਾਹੀ ਦਾ ਰਾਹ ਪੁਛਦਾ, ਜਿਹਦੀ ਗਲ ਪ੍ਰੇਤਾਂ ਨੇ ਕੀਤੀ ਸੀ।

ਉਹਨੂੰ ਰਾਹ ਵਿਚ ਬਹੁਤਾ ਸਮਾਂ ਲਗਾ, ਜਾਂ ਥੋੜਾ, ਇਹਦੀ ਕਿਸੇ ਨੂੰ ਖ਼ਬਰ ਨਹੀਂ; ਪਰ ਅਖ਼ੀਰ ਉਹ ਜਾ ਪਹੁੰਚਿਆ, ਤੇ ਜ਼ਾਰ ਦੇ ਮਹਿਲ ਦੇ ਬੂਹੇ 'ਤੇ ਜਾ, ਨੌਕਰਾਂ-ਚਾਕਰਾਂ ਨੂੰ ਕਹਿਣ ਲਗਾ:

"ਮੈਂ ਸੁਣਿਐਂ, ਤੁਹਾਡੇ ਜ਼ਾਰ ਦੀ ਧੀ ਬਹੁਤ ਬੀਮਾਰ ਏ। ਸ਼ਾਇਦ ਮੈਂ ਉਹਨੂੰ ਵਲ ਕਰ ਸਕਾਂ।"

੫੭