ਪੰਨਾ:ਮਾਣਕ ਪਰਬਤ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੂੰ ਕਰ ਸਕੇ!" ਉਹਨਾਂ ਕਿਹਾ। "ਉਹਦਾ ਚੰਗੇ ਤੋਂ ਚੰਗੇ ਡਾਕਟਰ ਵੀ ਕੁਝ ਨਹੀਂ ਸੰਵਾਰ ਸਕੇ, ਏਸ ਲਈ ਤੈਨੂੰ ਹਥ-ਪੱਲਾ ਮਾਰਨ ਦੀ ਲੋੜ ਨਹੀਂ।"

"ਫੇਰ ਵੀ, ਚੰਗਾ ਹੋਵੇ, ਜੇ ਤੁਸੀਂ ਮੇਰੇ ਬਾਰੇ ਜ਼ਾਰ ਨੂੰ ਦਸ ਛੱਡ।"

ਦਸਣਾ ਉਹ ਨਹੀਂ ਸਨ ਚਾਹੁੰਦੇ, ਪਰ ਉਹ ਏਨਾ ਜ਼ੋਰ ਦਈ ਜਾ ਰਿਹਾ ਸੀ ਕਿ ਅਖ਼ੀਰ ਉਹ ਮੰਨ ਹੀ ਗਏ ਤੇ ਜ਼ਾਰ ਕੋਲ ਪਹੁੰਚੇ ਤੇ ਉਹਨੂੰ ਦਸ ਦਿਤਾ। ਜ਼ਾਰ ਨੇ ਇਕਦਮ ਹੀ ਉਹਨੂੰ ਮਹਿਲੀਂ ਬੁਲਵਾ ਲਿਆ।

"ਤੂੰ ਸਚੀ ਮੁਚੀ ਈ ਮੇਰੀ ਧੀ ਨੂੰ ਵਲ ਕਰ ਸਕਣੈ?"ਉਹਨੇ ਪੁਛਿਆ।

"ਕਰ ਸਕਨਾਂ," ਆਦਮੀ ਨੇ ਜਵਾਬ ਦਿਤਾ।

"ਜੇ ਤੂੰ ਉਹਨੂੰ ਵਲ ਕਰ ਦੇਵੇ, ਤਾਂ ਜੁ ਮੰਗੇ ਸੁ ਪਾਵੇਂ।"

ਉਹ ਆਦਮੀ ਨੂੰ ਓਸ ਕਮਰੇ ਵਿਚ ਲੈ ਗਏ, ਜਿਥੇ ਜ਼ਾਰਜ਼ਾਦੀ ਲੇਟੀ ਹੋਈ ਸੀ, ਤੇ ਉਹਨੇ ਉਹ ਤਰੇਲ ਜਿਹੜੀ ਉਹ ਨਾਲ ਲਿਆਇਆ ਸੀ, ਉਹਦੀਆਂ ਅੱਖਾਂ ਉਤੇ ਮਲੀ, ਤੇ ਹੋਇਆ ਕੀ! ਜ਼ਾਰਜ਼ਾਦੀ ਨੂੰ ਫੇਰ ਦਿੱਸਣ ਲਗ ਪਿਆ।

ਜ਼ਾਰ ਨੂੰ ਏਨੀ ਖੁਸ਼ੀ ਚੜ੍ਹ ਗਈ ਕਿ ਲਫ਼ਜ਼ ਬਿਆਨ ਨਹੀਂ ਕਰ ਸਕਦੇ ਤੇ ਉਹਨੇ ਆਦਮੀ ਨੂੰ ਏਨੀ ਦੋਲਤ ਦਿਤੀ ਕਿ ਉਹਨੂੰ ਗਡਿਆਂ ਦਾ ਇਕ ਪੂਰਾ ਕਾਫ਼ਲਾ ਲਿਜਾ ਸਕਿਆ।

ਏਧਰ, ਉਹਦੀ ਘਰ ਵਾਲੀ ਦੁਖ-ਸੋਗ ਮਨਾ ਰਹੀ ਸੀ, ਉਹਨੂੰ ਖਬਰ ਨਹੀਂ ਸੀ, ਉਹਦਾ ਘਰ ਵਾਲੇ ਕਿਥੇ ਸੀ। ਉਹ ਸੋਚਣ ਹੀ ਲਗ ਪਈ ਸੀ ਕਿ ਉਹ ਮਰ ਗਿਆ ਹੋਵੇਗਾ ਕਿ ਏਧਰ। ਉਹ ਆ ਪੁਜਿਆ ਸੀ, ਬਾਰੀ ਖੜਕਾ ਰਿਹਾ ਸੀ ਤੇ ਆਵਾਜ਼ ਦੇ ਰਿਹਾ ਸੀ:

"ਭਾਗਵਾਣੇ, ਬੂਹਾ ਖੋਲ੍ਹ।"

ਘਰ ਵਾਲੀ ਨੇ ਉਹਦੀ ਆਵਾਜ਼ ਪਛਾਣ ਲਈ ਤੇ ਉਹਦੀ ਖੁਸ਼ੀ ਦੀ ਹਦ ਨਾ ਰਹੀ। ਤੇ ਉਹ ਬਾਹਰ ਨੂੰ ਭੱਜੀ ਤੇ ਉਹਦੇ ਲਈ ਬੂਹਾ ਜਾ ਖੋਲ੍ਹਿਆ, ਤੇ ਉਹਨੂੰ ਝੁੱਗੀ ਵਿਚ ਲਿਆਣ ਲਗੀ, ਕਿਉਂ ਜੁ ਉਹਦਾ ਖ਼ਿਆਲ ਸੀ ਕਿ ਉਹ ਅੰਨ੍ਹਾ ਏਂ।

"ਬਲੀ ਹੋਈ ਫੱਟੀ ਲਿਆ!" ਉਹਨੇ ਆਵਾਜ਼ ਦਿਤੀ।

ਘਰ ਵਾਲੀ ਨੇ ਫੱਟੀ ਲਿਆਂਦੀ, ਉਹਦੇ ਵਲ ਤਕਿਆ ਤੇ ਹੈਰਾਨੀ ਨਾਲ ਬਾਹਾਂ ਉਲਾਰ ਲਈਆਂ, ਕਿਉਂ ਜੁ ਉਹ ਫੇਰ ਸੁਜਾਖਾ ਹੋਇਆ ਓਥੇ ਖੜਾ ਸੀ!

"ਸ਼ੁਕਰ ਏ ਰਬ ਦਾ!" ਉਹ ਕੁਕੀ। "ਦਸ ਮੈਨੂੰ, ਇਹ ਸਾਰਾ ਕੁਝ ਕਿਵੇਂ ਹੋਇਐ?"

"ਰਤਾ ਠਹਿਰ ਜਾ, ਭਾਗਵਾਣੇ, ਪਹਿਲੋਂ ਅੰਦਰ ਤੇ ਲੈ ਜਾਈਏ, ਜੁ ਕੁਝ ਮੈਂ ਨਾਲ ਲਿਆਂਦੈ।

ਤੇ ਹੁਣ ਉਹਨਾਂ ਦਾ ਘਰ ਭਰ ਗਿਆ ਸੀ ਤੇ ਉਹ ਸ਼ਾਨ-ਸ਼ੌਕਤ ਨਾਲ ਰਹਿਣ ਲਗ ਪਏ, ਤੇ ਰੱਜੇ-ਪੁੱਜੇ ਭਰਾ ਨੇ ਇਹ ਸਭ ਕੁਝ ਸੁਣਿਆ ਤੇ ਭੱਜਾ-ਭੱਜਾ ਉਹਨਾਂ ਕੋਲ ਆਇਆ।

"ਕਿਉਂ, ਭਰਾਵਾ, ਇਹ ਕਿਵੇਂ ਹੋਇਐ ਕਿ ਤੈਨੂੰ ਦਿੱਸਣ ਵੀ ਲਗ ਪਿਐ ਤੇ ਤੂੰ ਅਮੀਰ ਵੀ ਹੋ ਗਿਐ?"

ਤੇ ਦੂਜੇ ਨੇ ਲੁਕਾ ਉੱਕਾ ਨਾ ਰਖਿਆ, ਤੇ ਜੁ ਕੁਝ ਵੀ ਦੱਸਣ ਵਾਲਾ ਸੀ, ਉਹਨੂੰ ਦਸ ਦਿਤਾ।

ਤੇ ਹੁਣ ਰੱਜੇ-ਪੁੱਜੇ ਭਰਾ ਨੂੰ ਹੋਰ ਵੀ ਰੱਜੇ-ਪੁੱਜੇ ਹੋਣ ਦੀ ਲਿਲ ਲਗ ਗਈ ਸੀ, ਇਸ ਲਈ ਜਦੋਂ ਰਾਤ ਪਈ, ਉਹ ਚੋਰੀ-ਚੋਰੀ ਜੰਗਲ ਵਿਚ ਜਾ ਪਹੁੰਚਿਆ, ਅਸਲੋਂ ਓਸੇ ਹੀ ਦਰਖ਼ਤ ਉਤੇ ਚੜ੍ਹ ਬੈਠਾ, ਤੇ ਓਥੇ ਉੱਕਾ ਅਡੋਲ ਹੋ ਬਹਿ ਗਿਆ।

੫੮