ਪੰਨਾ:ਮਾਣਕ ਪਰਬਤ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤਾਂ, ਭਰਾ ਬਿੱਲਿਆ, ਆ ਫੇਰ ਮੇਰੇ ਨਾਲ," ਕੁੱਤੇ ਨੇ ਕਿਹਾ, "ਤੇ ਮੈਂ ਤੈਨੂੰ ਖੁਆਨਾਂ।"

ਤੇ ਫੇਰ ਕੁੱਤਾ ਤੇ ਬਿੱਲਾ ਇਕੱਠੇ ਰਾਹੇ ਪੈ ਗਏ।

ਜਾਂਦਿਆਂ ਜਾਂਦਿਆਂ ਕੁੱਤੇ ਨੂੰ ਚਰਾਂਦ ਵਿਚ ਭੇਡਾਂ ਦਾ ਇਕ ਵਗ ਦਿਸਿਆ ਤੇ ਉਹ ਬਿੱਲੇ ਨੂੰ ਕਹਿਣ ਲਗਾ:

"ਭਰਾ ਬਿੱਲਿਆ, ਜਾ ਤੇ ਵੇਖ ਉਹ ਕੋਣ ਨੇ ਓਥੇ, ਚਰਦੇ ਪਏ।"

ਬਿੱਲਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਭੇਡਾਂ ਨੇ," ਉਹਨੇ ਆਖਿਆ।

"ਮਾਰ ਵੱਗੇ ਨੇ! ਸਾਡੇ ਦੰਦਾਂ 'ਚ ਉਨ ਈ ਉਨ ਹੋ ਜਾਏਗੀ ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅਗੇ ਚਲੀਏ!"

ਤੇ ਉਹ ਅਗੇ ਟੁਰ ਪਏ, ਤੇ ਜਾਂਦਿਆਂ ਜਾਂਦਿਆਂ ਕੁੱਤੇ ਨੂੰ ਸਤੈਪੀ ਵਿਚ ਮੱਘਾਂ ਦੀ ਇਕ ਡਾਰ ਦਿੱਸੀ।

ਉਹ ਬਿੱਲੇ ਨੂੰ ਕਹਿਣ ਲਗਾ:

"ਭਰਾ ਬਿਲਿਆ! "ਦੌੜ ਤੇ ਵੇਖ ਕੋਣ ਨੇ ਓਥੇ, ਮੂੰਹ ਪਏ ਮਾਰਦੇ।"

ਬਿੱਲਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਮੱਘ ਨੇ," ਉਹਨੇ ਆਖਿਆ।

"ਮਾਰ ਵੱਗੇ ਨੇ! ਸਾਡੇ ਦੰਦਾਂ 'ਚ ਖੰਬ ਈ ਖੰਬ ਜਾਣਗੇ ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ।"

ਤੇ ਇਸ ਲਈ ਉਹ ਦੋਵੇਂ ਆਪਣੇ ਰਾਹ ਉਤੇ ਅਗੇ ਟੁਰ ਪਏ। ਉਹ ਟੁਰਦੇ ਗਏ, ਟੁਰਦੇ ਗਏ, ਤੇ ਅਖ਼ੀਰ ਕੁੱਤੇ ਨੂੰ ਚਰਾਂਦ ਵਿਚ ਇਕ ਘੋੜਾ ਦਿਸਿਆ।

ਕੁੱਤੇ ਨੇ ਕਿਹਾ:

"ਭਰਾ ਬੱਲਿਆ! ਦੌੜ ਤੇ ਵੇਖ ਕੌਣ ਏ ਓਥੇ, ਖਾਂਦਾ ਪਿਆ।"

ਬਿੱਲਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਘੋੜਾ ਏ," ਉਹਨੇ ਆਖਿਆ।

"ਠੀਕ ਏ,"ਕੁੱਤੇ ਨੇ ਕਿਹਾ," ਇਹਨੂੰ ਮਾਰ ਲੈਣੇ ਆਂ ਤੇ ਸਾਡੇ ਕੋਲ ਖਾਣ ਨੂੰ ਚੰਗਾ ਚੌਖਾ ਹੋ ਜਾਏਗਾ।"

ਤੇ ਕੁੱਤਾ ਜ਼ਮੀਨ ਤੇ ਪੌਂਚੇ ਮਾਰਨ ਤੇ ਦੰਦ ਕਰੀਚਣ ਲਗ ਪਿਆ, ਇਸ ਲਈ ਕਿ ਉਹਨੂੰ ਰੋਹ ਚੜ੍ਹ ਆਏ।

ਉਹਨੇ ਬਿੱਲੇ ਨੂੰ ਕਿਹਾ:

"ਭਰਾ ਬਿੱਲਿਆ, ਵੇਖੀਂ ਮੇਰੀ ਪੂਛ ਕੰਬ ਰਹੀ ਏ ਕਿ ਨਹੀਂ।"

"ਨਹੀਂ," ਬਿੱਲੇ ਨੇ ਜਵਾਬ ਦਿਤਾ," ਨਹੀਂ ਕੰਬਦੀ ਪਈ।"

ਤਾਂ ਕੁੱਤਾ ਆਪਣੇ ਆਪ ਨੂੰ ਸਚੀ ਮੁਚੀ ਹੀ ਡਾਢਾ ਰੋਹ ਚੜ੍ਹਾਣ ਲਈ ਜ਼ਮੀਨ ਉਤੇ ਫੇਰ ਪੌਂਚੇ ਮਾਰਨ ਲਗ ਪਿਆ।

ਉਹਨੇ ਬਿੱਲੇ ਨੂੰ ਕਿਹਾ:

"ਭਰਾ ਬਿੱਲਿਆ, ਹੁਣ ਕੰਬ ਰਹੀ ਏ ਨਾ ਮੇਰੀ ਪੂੂਛ? ਕਹਿ ਕੰਬਦੀ ਪਈ ਏ!"

ਬਿੱਲੇ ਨੇ ਵੇਖਿਆ ਤੇ ਆਖਿਆ।

"ਹੱਛਾ, ਆਹਖੋ, ਕੰਬਦੀ ਪਈ ਏ, ਰਤਾ ਮਾਸਾ।"

੬੨