ਪੰਨਾ:ਮਾਣਕ ਪਰਬਤ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਜਾਦੂ ਦਾ ਚਿਤਾਰਾ
ਬੇਲੋਰੂਬੀ ਪਰੀ - ਕਹਾਣੀ

ਇਕ ਵਾਰੀ ਦੀ ਗਲ ਏ, ਇਕ ਮੁੰਡਾ ਹੁੰਦਾ ਸੀ; ਉਹ ਅਸਲੋਂ ਬਾਲ ਵਰੇਸ ਤੋਂ ਹੀ ਬੰਸੀ ਵਜਾਣ ਲਗ ਪਿਆ। ਢੱਗੇ ਚਾਰਦਿਆਂ ਉਹ ਕੋਈ ਨਾੜ ਤੋੜ ਲੈਂਦਾ, ਉਹਦੀ ਬੰਸੀ ਬਣਾ ਲੈਂਦਾ, ਤੇ ਵਜਾਣ ਲਗ ਪੈਂਦਾ, ਤੇ ਢੱਗੇ ਘਾਹ ਨੂੰ ਮੂੰਹ ਮਾਰਨਾ ਬੰਦ ਕਰ ਦੇਂਦੇ, ਆਪਣੇ ਕੰਨ ਖੜੇ ਕਰ ਲੈਂਦੇ ਤੇ ਸੁਣਨ ਲਗ ਪੈਂਦੇ। ਉਹਨੂੰ ਸੁਣ ਕੇ ਜੰਗਲ ਦੇ ਪੰਛੀ ਚੁਪ ਹੋ ਜਾਂਦੇ, ਤੇ ਦਲਦਲਾਂ ਦੇ ਡੱਡੂ ਤਕ ਵੀ ਟਰ-ਟਰ ਬੰਦ ਕਰ ਦੇਂਦੇ। ਉਹ ਰਾਤ ਨੂੰ ਘੋੜੇ ਚਰਾਣ ਨਿਕਲ ਜਾਂਦਾ, ਤੇ ਚਰਾਂਦਾਂ ਵਿਚ ਰੌਣਕ ਲਗੀ ਤੇ ਮੌਜ ਮਾਣੀ ਜਾ ਰਹੀ ਹੁੰਦੀ, ਗਭਰੂ ਮੁਟਿਆਰਾਂ ਸੌਂਦੇ ਤੇ ਹਾਸਾ ਮਖੌਲ ਕਰ ਰਹੇ ਹੁੰਦੇ, ਜਿਵੇਂ ਨੌਜਵਾਨਾਂ ਦਾ ਕਰਨਾ ਬਣਦਾ ਏ। ਰਾਤ ਚੰਗੀ ਸੁਹਣੀ ਤੇ ਨਿੱਘੀ ਹੁੰਦੀ, ਤੇ ਜ਼ਮੀਨ ਤੋਂ ਹੁਆੜ ਉਠ ਰਹੀ ਹੁੰਦੀ। ਤੇ ਮੁੰਡਾ ਉਠ ਖਲੋਂਦਾ ਤੇ ਆਪਣੀ ਬੰਸੀ ਵਜਾਣ ਲਗ ਪੈਂਦਾ, ਤੇ ਸਭ ਗਭਰੂ ਮੁਟਿਆਰਾਂ ਇਕਦਮ ਅਡੋਲ ਹੋ ਜਾਂਦੇ। ਤੇ ਹਰ ਕਿਸੇ ਨੂੰ ਇੰਜ ਲਗਦਾ ਜਿਵੇਂ ਤਰਾਟਾਂ ਪਾ ਰਹੇ ਦਿਲ ਉਤੇ ਕੋਈ ਫਿਹਾ ਰਖ ਦਿਤਾ ਗਿਆ ਹੋਵੇ, ਤੇ ਜਿਵੇਂ ਕੋਈ ਅਣ-ਪਛਾਤੀ ਤਾਕਤ ਉਹਨੂੰ ਉਪਰ ਚਕ ਡੂੰਘੇ ਨੀਲੇ ਅਸਮਾਨ ਵਿਚ ਡਲਕਦੇ ਤਾਰਿਆਂ ਕੋਲ ਪਹੁੰਚਾ ਰਹੀ ਹੋਵੇ। ਰਾਤ ਦੇ ਵਾਗੀ ਅਹਿਲ ਹੋ ਬੈਠ ਜਾਂਦੇ, ਉਹਨਾਂ ਨੂੰ ਆਪਣੇ ਪੀੜ ਕਰ ਰਹੇ, ਥਕੇ ਹੋਏ ਅੰਗਾਂ ਦਾ ਤੇ ਭੁੱਖੇ ਢਿੱਡਾਂ ਦਾ ਧਿਆਨ ਨਾ ਰਹਿੰਦਾ। ਉਹ ਓਥੇ ਬੈਠੇ ਰਹਿੰਦੇ ਤੇ ਸੁਣੀ ਜਾਂਦੇ। ਤੇ ਹਰ ਕੋਈ ਇੰਜ ਮਹਿਸੂਸ ਕਰਦਾ , ਜਿਵੇਂ ਉਹ ਆਪਣੀ ਪੂਰੀ ਜ਼ਿੰਦਗੀ ਓਥੇ ਹੀ ਬੈਠ ਤੇ ਮਨ ਮੋਹ ਲੈਂਦੇ ਨਗ਼ਮੇ ਨੂੰ ਸੁਣ ਲੰਘਾ ਸਕਦਾ ਹੋਵੇ। ਸੰਗੀਤ ਬੰਦ ਹੋ ਜਾਂਦਾ, ਪਰ ਕਿਸੇ ਨੂੰ ਵੀ ਆਪਣੀ ਥਾਂ ਤੋਂ ਹਿੱਲਣ ਦੀ ਹਿੰਮਤ ਨਾ ਹੁੰਦੀ, ਮਤੇ ਉਹ ਉਸ ਜਾਦੂ-ਭਰੀ ਆਵਾਜ਼ ਨੂੰ ਡਰਾ ਨਾ ਦੇਵੇ, ਜਿਹੜੀ ਝੁੰਡਾਂ ਤੇ ਜੰਗਲਾਂ ਵਿਚੋਂ ਤੇ ਦੂਰ ਅਸਮਾਨ ਵਿਚੋਂ, ਬੁਲਬੁਲ ਵਾਂਗ ਗੌਣ ਦੀ ਵਾਛੜ ਕਰੀ ਜਾਂਦੀ।

੬੭