ਪੰਨਾ:ਮਾਣਕ ਪਰਬਤ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਉਡਾਣ ਲਈ ਸੰਘਣਾ ਬੁਰਸ਼ ਲਗਾ ਹੋਇਆ ਸੀ। ਤੇ ਬਿੱਜੂ ਨੇ ਜਿਹੜੀ ਪੂਛਲ ਉਤੇ ਝਪਟਾ ਮਾਰਿਆ, ਉਹ ਚੌੜੀ ਤੇ ਮੋਟੀ ਸੀ।

ਘੋੜੇ ਨੇ ਜਿਹੜੀ ਪੂਛਲ ਲਈ, ਉਹਦੇ ਉਤੇ ਵਾਲ ਹੀ ਵਾਲ ਸਨ ਤੇ ਹੋਰ ਬਹੁਤਾ ਕੁਝ ਨਹੀਂ ਸੀ। ਉਹਨੇ ਪੁਛਲ ਲਾ ਲਈ, ਆਪਣੇ ਸੱਜੇ ਪਾਸੇ ਫੇਰੀ ਤੇ ਫੇਰ ਆਪਣੇ ਖੱਬੇ ਪਾਸੇ ਫੇਰੀ, ਤੇ ਇਹ ਵੇਖ ਕਿ ਹੁਣ ਉਹ ਮੱਖੀਆਂ ਦਾ ਨਿਸ਼ਾਨਾ ਸੁਖਾਲੇ ਹੀ ਬਣਾ ਸਕਦਾ ਸੀ, ਖੁਸ਼ੀ ਨਾਲ ਹਿਣਹਿਣਾਇਆ।

"ਸਭਨਾਂ ਮੱਖੀਆਂ ਦੀ ਮੌਤ ਆ ਜਾਏਗੀ," ਉਹਨੇ ਆਖਿਆ ਤੇ ਸਿਰਪਟ ਦੌੜਦਾ ਚਰਾਂਦ ਵਲ ਨੂੰ ਹੋ ਪਿਆ।

ਅਖ਼ੀਰ ਵਿਚ ਜੁ ਨਸਦਾ ਪਹੁੰਚਿਆ, ਉਹ ਸਿਹਾ ਸੀ।

"ਕਿਥੇ ਰਿਹੈਂ ਤੂੰ?" ਜ਼ਾਰ ਨੇ ਉਹਦੇ ਤੋਂ ਪੁਛਿਆ। "ਮੇਰੇ ਕੋਲ ਤਾਂ ਹੁਣ ਸਿਰਫ਼ ਇਕ ਨਿੱਕੀ ਜਿਹੀ ਪੂਛਲ ਰਹਿ ਗਈ ਆ।"

"ਸ਼ੁਕਰੀਆ, ਮੇਰੇ ਲਈ ਬੜੀ ਸੁਹਣੀ ਰਹੇਗੀ," ਸਹੇ ਨੇ ਚਾਈਂ-ਚਾਈਂ ਆਖਿਆ। "ਨਿੱਕੀ ਪੂਛਲ ਵੀ ਓਨੀ ਈ ਚੰਗੀ ਏ, ਜਿੰਨੀ ਕੋਈ ਹੋਰ। ਜਦੋਂ ਬਘਿਆੜ ਜਾਂ ਕੁੱਤੇ ਤੋਂ ਭੱਜ ਰਿਹਾ ਹੋਵਾਂਗਾ, ਅੜੇਗੀ ਨਹੀਂ ਸਗੋਂ!"

ਤੇ ਸਹੇ ਨੇ ਪੁਛਲ ਦਾ ਉਹ ਬੋਬਾ ਉਸ ਥਾਂ ਉਤੇ ਲਾ ਲਿਆ, ਜਿਥੇ ਉਹਨੇ ਲਗਣਾ ਸੀ; ਉਹਨੇ ਇਕ ਟਪੋਸੀ ਮਾਰੀ ਤੇ ਫੇਰ ਇਕ ਹੋਰ ਟਪੋਸੀ ਮਾਰੀ, ਤੇ ਸਚੀ ਮੁਚੀ ਹੀ ਬਹੁਤ ਹੀ ਖੁਸ਼ ਹੋ ਘਰ ਵਲ ਨੂੰ ਭਜ ਗਿਆ।

ਤੇ ਸ਼ੇਰ, ਹੁਣ ਜਦੋਂ ਉਹਨੇ ਸਾਰੀਆਂ ਪੂਛਲਾਂ ਵੰਡ ਲਈਆਂ ਸਨ, ਸੌਂ ਗਿਆ।

ਤੇ ਓਧਰ ਰਿਛ ਦਾ ਕੀ ਹੋਇਆ, ਉਹਨੂੰ ਸਿਰਫ਼ ਸ਼ਾਮ ਵੇਲੇ ਹੀ ਜਾਗ ਆਈ, ਤੇ ਓਦੋਂ ਹੀ ਉਹਨੂੰ ਚੇਤਾ ਆਇਆ ਕਿ ਉਹਨੇ ਪੂਛਲ ਲੈਣ ਲਈ ਛੇਤੀ ਨਾਲ ਜ਼ਾਰ ਦੇ ਮਹਿਲ ਪਹੁੰਚਣਾ ਸੀ। ਉਹਨੇ ਵੇਖਿਆ ਤੇ ਦੂਰ ਜੰਗਲ ਤੋਂ ਪਾਰ ਸੂਰਜ ਅਸਮਾਨ ਤੋਂ ਹੇਠਾਂ ਤਿਲਕਦਾ ਜਾ ਰਿਹਾ ਸੀ। ਇਸ ਲਈ ਉਹ ਪੂਰੇ ਟਿਲ ਨਾਲ ਨੱਠਣ ਲਗਾ। ਉਹ ਏਨਾ ਤੇਜ਼ ਨਠਿਆ ਕਿ ਵਿਚਾਰੇ ਨੂੰ ਛੇਤੀ ਹੀ ਮੁੜ੍ਹਕਾ ਆ ਗਿਆ। ਕਾਹਲੀ-ਕਾਹਲੀ ਉਹ ਜ਼ਾਰ ਦੇ ਮਹਿਲ ਅਪੜਿਆ ਤੇ ਓਥੇ! ਉਹਨੂੰ ਇਕ ਵੀ ਪੁਛਲ ਨਜ਼ਰ ਨਾ ਆਈ: ਨਾ ਓਥੇ ਕੋਈ ਚੀਜ਼ ਸੀ ਤੇ ਨਾ ਓਥੇ ਕੋਈ ਜਾਨਵਰ।

"ਹੁਣ ਕਰਾਂ ਤਾਂ ਕੀ ਕਰਾਂ?" ਰਿੱਛ ਆਪਣੇ ਆਪ ਤੋਂ ਪੁੱਛਣ ਲਗਾ। "ਇਕ ਮੈਨੂੰ ਛੱਡ ਬਾਕੀ ਹਰ ਕਿਸੇ ਕੋਲ ਪੂਛਲ ਹੋਵੇਗੀ।"

ਤੇ ਰਿੱਛ ਪਰਤ ਆਇਆ ਤੇ ਏਨਾ ਗੁੱਸਾ ਖਾ ਆਪਣੇ ਜੰਗਲ ਵਲ ਚਲ ਪਿਆ, ਜਿੰਨਾ ਉਹ ਖਾ ਸਕਦਾ ਸੀ! ਉਹ ਹੌਲੀ-ਹੌਲੀ ਪੈਰ ਧਰਦਾ ਗਿਆ, ਤੇ ਟੁਰਦਿਆਂ-ਟੁਰਦਿਆਂ ਉਹਨੇ ਕੀ ਵੇਖਿਆ, ਇਕ ਬਿੱਜੂ ਦਰਖ਼ਤ ਦੇ ਠੁੰਡ ਉਤੇ ਬੈਠਾ ਵਲ ਤੇ ਘੁਮਾਟੀਆਂ ਖਾ ਰਿਹਾ ਸੀ ਤੇ ਆਪਣੀ ਸੁਹਣੀ ਪੂਛਲ ਵੇਖ-ਵੇਖ ਖੁਸ਼ ਹੋ ਰਿਹਾ ਸੀ।

"ਗਲ ਸੁਣ, ਬਿੱਜੂਆ," ਰਿਛ ਨੇ ਆਖਿਆ, "ਪੂਛਲ ਕੀ ਕਰਨੀ ਆਂ? ਮੈਨੂੰ ਦੇ ਦੇ!"

"ਤੈਨੂੰ ਵੀ ਅਜੀਬ-ਅਜੀਬ ਖ਼ਿਆਲ ਆਂਦੇ ਨੇ, ਰਿੱਛਾ!" ਹੈਰਾਨ ਰਹਿ ਗਏ ਬਿੱਜੂ ਨੇ ਜਵਾਬ ਦਿਤਾ! "ਭਲਾ, ਏਡੀ ਸੁਹਣੀ ਪੂਛਲ ਕੌਣ ਛੱਡੇਗਾ?"

੭੩