ਪੰਨਾ:ਮਾਣਕ ਪਰਬਤ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸੁਣ, ਜੇ ਤੂੰ ਇਹ ਮੈਨੂੰ ਆਪਣੇ ਆਪ ਨਾ ਦਿਤੀ, ਮੈਂ ਤੇਰੇ ਕੋਲੋਂ ਜ਼ਬਰਦਸਤੀ ਖੋਹ ਲਾਂਗਾ!" ਆਪਣਾ ਭਾਰਾ ਪੰਜਾ ਬਿੱਜੂ ਉਤੇ ਰਖਦਿਆਂ, ਰਿਛ ਗੜਕਿਆ।

"ਨਹੀਂ ਮਿਲਣ ਲਗੀ ਤੈਨੂੰ!" ਬਿੱਜੂ ਨੇ ਕੂਕ ਛੱਡੀ, ਤੇ ਜਿੰਨਾ ਵੀ ਜ਼ੋਰ ਅੰਦਰ ਸਾਸੂ, ਸਾਰਾ ਲਾ, ਉਹਨੇ ਆਪਣੇ ਆਪ ਨੂੰ ਰਿੱਛ ਦੇ ਪੰਜੇ ਤੋਂ ਛੁਡਾ ਲਿਆ ਤੇ ਨਠ ਉਠਿਆ।

ਰਿੱਛ ਨੇ ਵੇਖਿਆ, ਤੇ ਤਕਿਆ, ਬਿੱਜੂ ਦੀ ਜਤ ਦੀ ਇਕ ਲੜਫ਼ ਤੇ ਉਹਦੀ ਪੂਛਲ ਦਾ ਅਸਲੋਂ ਸਿਰਾ,ਉਹਦੇ ਪੰਜਿਆਂ ਨਾਲ ਚਮੁਟਿਆ ਹੋਇਆ ਸੀ। ਉਹਨੇ ਜਤ ਦੀ ਲੜਫ਼ ਸੁਟ ਦਿਤੀ, ਤੇ ਪੂਛਲ ਦਾ ਸਿਰਾ ਆਪਣੇ ਨਾਲ ਠੋਕ ਦਰਖ਼ਤ ਦੇ ਖੋਖ ਅੰਦਰਲਾ ਸ਼ਹਿਦ ਮੁਕਾਣ ਲਈ ਟੁਰ ਪਿਆ।

ਤੇ ਏਧਰ ਬਿੱਜੂ ਦੀ ਸੁਣੋ। ਉਹ ਇੰਜ ਤਰਹਿ ਗਿਆ ਸੀ ਕਿ ਉਹਨੂੰ ਸੁਝ ਨਹੀਂ ਸੀ ਰਿਹਾ, ਆਪਣਾ ਕੀ ਬਣਾਏ। ਭਾਵੇਂ ਉਹ ਕਿਤੇ ਵੀ ਲੁਕ ਬਹਿੰਦਾ, ਉਹਨੂੰ ਹਮੇਸ਼ਾ ਹੀ ਇਹ ਲਗਦਾ ਰਹਿੰਦਾ, ਕਿਸੇ ਵੀ ਪਲ ਰਿਛ ਆ ਪੁੱਜੇਗਾ ਤੇ ਉਹਦੀ ਬਾਕੀ ਦੀ ਪੂਛਲ ਲੈ ਜਾਏਗਾ। ਇਸ ਲਈ ਉਹਨੇ ਜ਼ਮੀਨ ਵਿਚ ਇਕ ਲੰਮੀ ਸਾਰੀ ਖੁਡ ਕੱਢੀ, ਤੇ ਉਹਨੂੰ ਆਪਣਾ ਘਰ ਬਣਾ ਲਿਆ। ਉਹਦੀ ਪਿਠ ਦਾ ਜ਼ਖ਼ਮ ਠੀਕ ਹੋ ਗਿਆ ਤੇ ਸਿਰਫ਼ ਇਕ ਲੰਮੀ ਸਾਰੀ ਕਾਲੀ ਧਾਰੀ ਰਹਿ ਗਈ ਜਿਸ ਤੋਂ ਪਤਾ ਲਗਦਾ ਸੀ ਕਿ ਜ਼ਖ਼ਮ ਕਿਥੇ ਲਗਾ ਸੀ। ਤੇ ਉਸ ਤੋਂ ਪਿਛੋਂ ਧਾਰੀ ਉਕਾ ਨਿੰਮ੍ਹੀ ਨਹੀਂ ਪਈ।

ਇਕ ਦਿਨ ਲੂੰਮੜੀ ਓਧਰ ਨਿਕਲ ਆਈ, ਤੇ ਉਹਨੂੰ ਜ਼ਮੀਨ ਵਿਚ ਇਕ ਖੁਡ ਦਿੱਸੀ, ਜਿਸ ਵਿਚੋਂ ਲੰਮੇ-ਲੰਮੇ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ, ਇੰਜ ਜਿਵੇਂ ਕਿਸੇ ਨੇ ਬਹੁਤ ਜ਼ਿਆਦਾ ਪੀ ਲਈ ਹੋਵੇ। ਉਹ ਖੁਡ ਵਿਚ ਵੜ ਗਈ, ਤੇ ਓਥੇ ਕੀ ਵੇਖਦੀ ਏ! ਬਿੱਜੂ ਘੂਕ ਸੁੱਤਾ ਪਿਆ ਸੀ।

"ਕਿਉਂ ਗਵਾਂਢੀਆ, ਉਪਰ ਥਾਂ ਨਹੀਉਂ ਲਭਦੀ," ਹੈਰਾਨੀ ਨਾਲ ਲੂੰਮੜੀ ਨੇ ਪੁਛਿਆ, "ਆਪਣੇ ਆਪ ਨੂੰ ਏਥੇ ਜ਼ਮੀਨ ਹੇਠਾਂ ਲੁਕਾਇਆ ਹੋਇਆ ਈ।"

"ਨਹੀਂ ਲੂੰਮੜੀਏ, ਥਾਂ ਨਹੀਂ ਲਭਦੀ,"ਬਿੱਜੂ ਨੇ ਹਉਕਾ ਭਰਿਆ। "ਜੇ ਮੈਨੂੰ ਖਾਣ-ਪੀਣ ਨੂੰ ਲੱਭਣ ਦੀ ਮਜਬੂਰੀ ਨਾ ਹੋਵੇ, ਤਾਂ ਮੈਂ ਏਸ ਖੁਡ ਵਿਚੋਂ ਕਦੀ ਨਾ ਨਿਕਲਾਂ, ਰਾਤ ਵੇਲੇ ਵੀ ਨਾ।"

ਤੇ ਬਿੱਜੂ ਨੇ ਲੂੰਮੜੀ ਨੂੰ ਦਸਿਆ, ਕਿਉਂ ਉਹਦੇ ਲਈ ਉਪਰ ਜ਼ਮੀਨ ਉਤੇ ਥਾਂ ਕੋਈ ਨਹੀਂ ਸੀ।

"ਹੂੰ," ਲੂੰਮੜੀ ਨੇ ਦਿਲ ਵਿਚ ਸੋਚਿਆ, "ਜੇ ਰਿੱਛ ਨੇ ਬਿੱਜੂ ਦੀ ਪੂਛਲ ਚੁਰਾਣੀ ਚਾਹੀ ਏ, ਤਾਂ ਮੈਨੂੰ ਆਪਣੀ ਖੁਹਾ ਬਹਿਣ ਦਾ ਖ਼ਤਰਾ ਏ, ਏਸ ਲਈ ਕਿ ਇਹ ਉਹਦੇ ਨਾਲੋਂ ਸੌ ਗੁਣਾਂ ਸੁਹਣੀ ਏ।"

ਤੇ ਉਹ ਕੋਈ ਇਹੋ ਜਿਹੀ ਥਾਂ ਲੱਭਣ ਲਈ ਭੱਜੀ, ਜਿਥੇ ਉਹ ਰਿਛ ਤੋਂ ਲੁਕ ਸਕੇ। ਉਹ ਸਾਰੀ ਰਾਤ ਏਧਰ-ਓਧਰ ਲਭਦੀ ਰਹੀ, ਪਰ ਉਹਨੂੰ ਇਹੋ ਜਿਹੀ ਕੋਈ ਥਾਂ ਨਾ ਲਭ ਸਕੀ। ਅਖ਼ੀਰ ਸਵੇਰ ਵੇਲੇ ਨਾਲ, ਉਹਨੇ ਆਪਣੇ ਲਈ ਬਿੱਜੂ ਵਰਗੀ ਹੀ ਇਕ ਖੁਡ ਪੁੱਟੀ, ਉਹਦੇ ਵਿਚ ਵੜ ਬੈਠੀ, ਉਹਨੇ ਆਪਣੇ ਆਪ ਨੂੰ ਆਪਣੀ ਸੰਘਣੀ ਪੂਛਲ ਨਾਲ ਕੁਜ ਲਿਆ ਤੇ ਆਰਾਮ ਨਾਲ ਸੌਂ ਗਈ।

ਇਸ ਲਈ ਉਸ ਵੇਲੇ ਤੋਂ ਹੀ ਬਿੱਜੂ ਤੇ ਲੂੰਮੜੀ ਖੁਡ ਵਿਚ ਰਹਿੰਦੇ ਆ ਰਹੇ ਹਨ, ਤੇ ਰਿੱਛ ਕੋਲ ਨਿੱਕੀ ਜਿਹੀ ਬਟਨ ਵਰਗੀ ਪੂਛਲ ਤੋਂ ਸਿਵਾ ਹੋਰ ਕੁਝ ਨਹੀਂ।