ਪੰਨਾ:ਮਾਣਕ ਪਰਬਤ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਟਪ ਸਕਦਾ। ਪਰ ਅਜਗਰ ਇਸ ਕਿਸਮ ਦਾ ਸੀ ਕਿ ਉਹ ਤੂੜ ਕੇ ਖਾਧੇ ਬਿਨਾਂ ਇਕ ਦਿਨ ਵੀ ਨਹੀਂ ਸੀ ਲੰਘਾ ਸਕਦਾ। ਤਾਂ, ਉਹ ਪਿੰਡੋਂ ਪਿੰਡ ਉੱਡਣ ਲਗਾ, ਲੋਕਾਂ ਨੂੰ ਫੜਨ ਤੇ ਚੁਕ ਆਪਣੇ ਘੁਰਨੇ ਵਿਚ ਲਿਆਉਣ ਲਗਾ।

ਲੋਕ ਗੁਆਚੀਆਂ ਰੂਹਾਂ ਵਾਂਗ ਵੈਣ ਪਾਂਦੇ ਫਿਰਦੇ, ਨਿਰਦਈ ਅਜਗਰ ਤੋਂ ਆਪਣੀ ਖਲਾਸੀ ਕਰਾਣ ਦਾ ਅਜਾਈਂ ਚਾਰਾ ਕਰਦੇ ਫਿਰਦੇ।

ਹੋਇਆ ਇਹ ਕਿ, ਅਸਲੋਂ ਉਹਨੀ ਹੀ ਦਿਨੀਂ ਉਸ ਇਲਾਕੇ ਵਿਚ ਇਕ ਆਦਮੀ ਆ ਨਿਕਲਿਆ, ਜਿਹਦਾ ਨਾਂ ਵਾਸੀਲ ਸੀ, ਤੇ ਉਹਨੇ ਵੇਖਿਆ ਲੋਕ ਹਥ ਮਲਦੇ ਤੇ ਉਚੀ-ਉਚੀ ਕੁਰਲਾਂਦੇ, ਉਦਾਸ ਤੇ ਨਿਮੋਝੂਣੇ ਹੋਏ ਪਏ ਫਿਰਦੇ ਸਨ।

“ਗਲ ਕੀ ਏ?" ਉਹਨੇ ਪੁਛਿਆ "ਸਾਰੇ ਰੋ ਕਿਉਂ ਰਹੇ ਹੋ?"

ਲੋਕਾਂ ਨੇ ਉਹਨੂੰ ਆਪਣੀ ਮੁਸੀਬਤ ਦੱਸੀ, ਤੇ ਵਾਸੀਲ ਉਹਨਾਂ ਨੂੰ ਧਰਵਾਸ ਦੇਣ ਲਗਾ।

"ਫ਼ਿਕਰ ਨਾ ਕਰੋ,"ਉਹਨੇ ਆਖਿਆ।"ਮੈਂ ਤੁਹਾਨੂੰ ਇਸ ਆਫ਼ਤ ਤੋਂ ਬਚਾਣ ਦਾ ਜਤਨ ਕਰਾਂਗਾ।"

ਤੇ ਇਕ ਭਾਰਾ ਲਠ ਚੁਕ, ਉਹ ਉਸ ਜੰਗਲ ਵਿਚ ਜਾ ਪਹੁੰਚਿਆ, ਜਿਥੇ ਅਜਗਰ ਰਹਿੰਦਾ ਸੀ।

ਅਜਗਰ ਨੇ ਉਹਨੂੰ ਵੇਖਿਆ ਤੇ ਆਪਣੀਆਂ ਵਡੀਆਂ-ਵਡੀਆਂ ਹਰੀਆਂ ਅੱਖਾਂ ਝਮਕਾ, ਪੁੱਛਣ ਲਗਾ:

"ਇਹ ਲਠ ਚੁਕ ਕੇ ਕਿਉਂ ਆਇਐਂ?"

"ਤੈਨੂੰ ਧੈਂਬੜ ਚਾੜ੍ਹਨ ਲਈ!"ਵਾਸੀਲ ਨੇ ਜਵਾਬ ਦਿਤਾ।

"ਤੋਬਾ, ਬੜਾ ਬਹਾਦਰ ਏਂ ਤੂੰ!"ਅਜਗਰ ਨੇ ਆਖਿਆ। “ਚੰਗਾ ਹੋਵੇ ਜੇ ਅਜੇ ਜਦੋਂ ਤੂੰ ਨਠ ਸਕਣੈਂ, ਨਠ ਜਾਏਂ ਤਾਂ। ਏਸ ਲਈ ਕਿ ਮੈਂ ਇਕੋ ਫੂਕ ਈ ਮਾਰਨੀਂ ਏ, ਤੇ ਤੂੰ ਏਥੋਂ ਇੰਜ ਉਡਣਾ ਏਂ ਕਿ ਦਿਸਣਾ ਈ ਨਹੀਂ, ਪੂਰੇ ਤਿੰਨ ਵਰਸਤ ਦੂਰ ਜਾ ਪਏਂਗਾ!"

ਵਾਸੀਲ ਮੁਸਕਰਾਇਆ।

"ਬੁੱਢੇ ਕਾਂ-ਡਰਾਵਿਆ, ਐਵੇਂ ਫੜਾਂ ਨਾ ਮਾਰ ਪਿਆ," ਉਹਨੇ ਆਖਿਆ। “ਮੈਂ ਤੇਰੇ ਤੋਂ ਵਡੇ ਦੈਂਤ ਵੇਖੇ ਹੋਏ ਨੇ। ਤਕਣੇ ਆਂ, ਕਿਦੵੀ ਫੂਕ 'ਚ ਬਹੁਤਾ ਜ਼ੋਰ ਏ। ਚਲ ਫੇਰ, ਮਾਰ ਫੂਕ!"

ਤੇ ਅਜਗਰ ਨੇ ਏਡੇ ਜ਼ੋਰ ਨਾਲ ਫੂਕ ਮਾਰੀ ਕਿ ਪੱਤੇ ਦਰਖ਼ਤਾਂ ਤੋਂ ਝੜ ਪਏ, ਤੇ ਵਾਈਲ ਗੋਡਿਆਂ ਪਰਨੇ ਜਾ ਪਿਆ।

"ਛਡ, ਇਹ ਵੀ ਕੋਈ ਫੂਕ ਏ!" ਟਪ ਕੇ ਉਠ ਖਲੋਦਿਆਂ, ਉਹਨੇ ਕਿਹਾ। “ਇਹਨੂੰ ਵੇਖ ਬਿੱਲੀ ਦਾ ਹਾਸਾ ਨਿਕਲ ਸਕਦਾ ਏ! ਹੁਣ ਮੈਨੂੰ ਮਾਰਨ ਦੇ। ਸਿਰਫ਼ ਗਲ ਇਹ ਏ, ਜੇ ਤੂੰ ਨਹੀਂ ਚਾਹੁੰਦਾ, ਤੇਰੇ ਆਨੇ ਨਿਕਲ ਪੈਣ ਤਾਂ ਉਹਨਾਂ ਉਤੇ ਪੱਟੀ ਬੰਨ੍ਹ ਲੈ।"

ਅਜਗਰ ਨੇ ਅੱਖਾਂ ਉਤੇ ਰੂਮਾਲ ਬੰਨ੍ਹ ਲਿਆ, ਤੇ ਵਾਸੀਲ ਉਹਦੇ ਕੋਲ ਆ ਗਿਆ ਤੇ ਉਹਨੇ ਲਠ ਉਹਦੇ ਸਿਰ ਉਤੇ ਏਡੇ ਜ਼ੋਰ ਨਾਲ ਦੇ ਮਾਰਿਆ ਕਿ ਅਜਗਰ ਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲ ਆਏ।

"ਕੀ ਇਹਦਾ ਮਤਲਬ ਏ, ਤੂੰ ਮੇਰੇ ਨਾਲੋਂ ਤਕੜਾ ਏ?" ਅਜਗਰ ਨੇ ਪੁਛਿਆ। “ਚਲ ਫੇਰ ਕਰੀਏ,ਤੇ ਵੇਖੀਏ ਸਾਡੇ 'ਚੋਂ ਕਿਹੜਾ ਚਟਾਨ ਨੂੰ ਬਹੁਤੀ ਤੇਜ਼ੀ ਨਾਲ ਤੋੜ ਸਕਦੈ।"

ਤੇ ਅਜਗਰ ਨੇ ਇਕ ਪੂਰੇ ਸੌ ਪੂਡ ਵਜ਼ਨ ਵਾਲੀ ਚਟਾਨ ਫੜੀ ਤੇ ਉਹਨੂੰ ਆਪਣੇ ਪੰਜਿਆਂ ਵਿਚ ਏਡੇ ਜ਼ੋਰ ਨਾਲ ਘਟ ਚੂਰੋ-ਚੁਰ ਕਰ ਦਿਤਾ ਕਿ ਮਿੱਟੀ ਬੱਦਲ ਬਣ ਕੇ ਉਡ ਪਈ।

੭੬